ਕਬੱਡੀ ਖਿਡਾਰੀ ਅਮੀਰ ਬਣਨ ਦੇ ਚੱਕਰ ''ਚ ਬਣੇ ਨਸ਼ਾ ਸਮੱਗਲਰ

07/19/2019 1:13:16 AM

ਫਿਲੌਰ,(ਭਾਖੜੀ): ਕਬੱਡੀ ਖਿਡਾਰੀ ਅਮੀਰ ਬਣਨ ਦੇ ਚੱਕਰ 'ਚ ਨਸ਼ਾ ਸਮੱਗਲਰ ਬਣ ਗਏ। ਪੁਲਸ ਨੇ ਡੇਢ ਕਿਲੋ ਅਫੀਮ, 3950 ਨਸ਼ੇ ਵਾਲੀਆਂ ਗੋਲੀਆਂ ਅਤੇ 350 ਨਸ਼ੇ ਵਾਲੇ ਟੀਕਿਆਂ ਸਮੇਤ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ। ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਪੱਤਰਕਾਰ ਸਮਾਗਮ ਵਿਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿਹੜੇ ਖਿਡਾਰੀ ਦੂਜਿਆਂ ਨੂੰ ਸਪੋਰਟਸਮੈਨ ਬਣਨ ਦੀ ਨਸੀਹਤ ਦਿੰਦੇ ਸਨ, ਉਹ ਖੁਦ ਹੀ ਅਮੀਰ ਬਣਨ ਦੇ ਚੱਕਰ ਵਿਚ ਬੱਚਿਆਂ ਨੂੰ ਇਹ ਕਹਿ ਕੇ ਨਸ਼ਾ ਵੇਚਣ ਲੱਗੇ ਕਿ ਇਸ ਨਾਲ ਥਕਾਵਟ ਜਲਦੀ ਦੂਰ ਹੁੰਦੀ ਹੈ। ਇਹ ਸਮੱਗਲਰ ਦੂਜੇ ਸੂਬਿਆਂ ਤੋਂ ਬਹੁਤ ਹੀ ਘੱਟ ਰੇਟ 'ਤੇ ਅਫੀਮ ਅਤੇ ਹੋਰ ਨਸ਼ੇ ਲਿਆ ਕੇ ਪੰਜਾਬ ਵਿਚ ਵੇਚਣ ਲੱਗੇ, ਜੋ 8000 ਰੁਪਏ 'ਚ 50 ਗ੍ਰਾਮ ਅਫੀਮ ਵੇਚਦੇ ਸਨ।

ਨਵਜੋਤ ਸਿੰਘ ਮਾਹਲ, ਐੱਸ. ਐੱਸ. ਪੀ. ਜਲੰਧਰ ਦਿਹਾਤੀ, ਰਾਜਵੀਰ ਸਿੰਘ ਐੱਸ. ਪੀ. ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੇ ਨਿਰਦੇਸ਼ਾਂ ਮੁਤਾਬਕ ਦਵਿੰਦਰ ਕੁਮਾਰ ਅੱਤਰੀ (ਡੀ. ਐੱਸ. ਪੀ. ਸਬ ਡਵੀਜ਼ਨ ਫਿਲੌਰ) ਦੀ ਅਗਵਾਈ ਵਿਚ ਨਸ਼ੇ ਵਾਲੇ ਪਦਾਰਥਾਂ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਇੰਸਪੈਕਟਰ ਕੇਵਲ ਸਿੰਘ (ਐੱਸ. ਐੱਚ. ਓ. ਗੁਰਾਇਆ) ਨੇ 16 ਜੁਲਾਈ ਨੂੰ ਗਸ਼ਤ ਦੌਰਾਨ ਪੁਲ ਨਹਿਰ ਰੁੜਕਾ ਖੁਰਦ ਤੋਂ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਹਰਪਾਲ ਸਿੰਘ ਨਿਵਾਸੀ ਥਾਣਾ ਰਾਮਦਾਸ ਜ਼ਿਲਾ ਅੰਮ੍ਰਿਤਸਰ ਨੂੰ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰ ਕੇ ਉਸ ਤੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਹੈ, ਜਿਸ 'ਤੇ ਮੁਕੱਦਮਾ ਨੰ. 153 ਧਾਰਾ 18-61-85 ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਲੋਂ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸੰਦੀਪ ਸਿੰਘ ਉਰਫ ਕਾਲਾ ਪਹਿਲਾਂ ਵੀ ਨਸ਼ੇ ਦੀ ਸਪਲਾਈ ਕਰ ਚੁੱਕਾ ਹੈ।

ਇਸੇ ਮੁਹਿੰਮ ਦੇ ਤਹਿਤ ਐੱਸ. ਆਈ. ਜਗਦੀਸ਼ ਰਾਜ ਪੁਲਸ ਥਾਣਾ ਗੁਰਾਇਆ ਨੇ 16 ਜੁਲਾਈ ਨੂੰ ਕਮਾਲਪੁਰ ਗੇਟ ਤੋਂ ਪਰਗਟ ਸਿੰਘ ਉਰਫ ਵਿੱਕੀ ਪੁੱਤਰ ਸਰੂਪ ਸਿੰਘ ਨਿਵਾਸੀ ਪਿੰਡ ਸੋਫੀਆ ਥਾਣਾ ਰਾਮਦਾਸ ਜ਼ਿਲਾ ਅੰਮ੍ਰਿਤਸਰ ਨੂੰ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰ ਕੇ ਉਸ ਤੋਂ 3950 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ, ਜਿਸ ਦੇ ਵਿਰੁੱਧ ਮੁਕੱਦਮਾ ਨੰਬਰ 154 ਧਾਰਾ 22-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਗੁਰਾਇਆ ਵਿਚ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਵਿਚ ਗੁਰਾਇਆ ਪੁਲਸ ਵੱਲੋਂ ਇਕ ਹੋਰ ਕੇਸ ਵਿਚ ਏ. ਐੱਸ. ਆਈ. ਗੁਰਸ਼ਰਨ ਸਿੰਘ ਨੇ ਗਸ਼ਤ ਦੌਰਾਨ ਅੱਟਾ ਪਿੰਡ ਦੀ ਗਰਾਊਂਡ ਦੇ ਨੇੜੇ ਬਲਜਿੰਦਰ ਸਿੰਘ ਪੁੱਤਰ ਦਲਵੀਰ ਸਿੰਘ ਨਿਵਾਸੀ ਪਿੰਡ ਅਮਰ ਨਗਰ, ਥਾਣਾ ਦਿਨੇਸ਼ਪੁਰ, ਉੱਤਰਾਖੰਡ ਨੂੰ ਹੋਰਨਾਂ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕਰ ਕੇ 350 ਨਸ਼ੇ ਵਾਲੇ ਟੀਕੇ ਬਰਾਮਦ ਕੀਤੇ ਹਨ। ਮੁਲਜ਼ਮ ਵਿਰੁੱਧ ਧਾਰਾ 22-61-85 ਦੇ ਤਹਿਤ ਮੁਕੱਦਮਾ ਨੰਬਰ 155 ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਹ ਤਿੰਨੋਂ ਕਬੱਡੀ ਦੇ ਖਿਡਾਰੀ ਹਨ ਅਤੇ ਦਸਮੇਸ਼ ਕਬੱਡੀ ਕੱਪ ਅੰਮ੍ਰਿਤਸਰ ਲਈ ਖੇਡਦੇ ਵੀ ਰਹੇ ਹਨ।