ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਹੋਇਆ ਅੰਤਿਮ ਸੰਸਕਾਰ, ਧਾਹਾਂ ਮਾਰ ਰੋਇਆ ਪਰਿਵਾਰ (ਤਸਵੀਰਾਂ)

03/19/2022 7:02:40 PM

ਜਲੰਧਰ/ਸ਼ਾਹਕੋਟ (ਵੈੱਬ ਡੈਸਕ, ਤ੍ਰੇਹਨ, ਅਰਸ਼ਦੀਪ)— 14 ਮਾਰਚ ਦੀ ਸ਼ਾਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਕੌਮਾਂਤਰੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜੱਦੀ ਪਿੰਡ ਨੰਗਲ ਅੰਬੀਆਂ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਜਿੱਥੇ ਕਈ ਖੇਡ ਪ੍ਰੇਮੀ ਪਹੁੰਚੇ, ਉਥੇ ਹੀ ਕਈ ਮਹਾਨ ਆਗੂ ਵੀ ਮੌਜੂਦ ਰਹੇ। ਅੰਤਿਮ ਸਸਕਾਰ ਤੋਂ ਪਹਿਲਾਂ ਅੱਜ ਸਵੇਰੇ ਸੰਦੀਪ ਨੰਗਲ ਦਾ ਪੋਸਟਮਾਰਮ ਕਰਵਾਇਆ ਗਿਆ ਅਤੇ ਇਸ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਹਵਾਲੇ ਕੀਤੀ ਗਈ।

ਇਸ ਦੇ ਬਾਅਦ ਸੰਦੀਪ ਨੰਗਲ ਨੂੰ ਚਾਹੁਣ ਵਾਲਿਆਂ ਲਈ ਸੰਦੀਪ ਦੇ ਅੰਤਿਮ ਦਰਸ਼ਨਾਂ ਲਈ ਉਸ ਦੀ ਮਿ੍ਰਤਕ ਦੇਹ ਇਕ ਗਰਾਊਂਡ ਵਿਖੇ ਰੱਖੀ ਗਈ। ਉਪਰੰਤ ਇਸ ਦੇ ਅੰਤਿਮ ਰਸਮ ਪੂਰੀਆਂ ਕਰਨ ਦੇ ਬਾਅਦ ਸੰਦੀਪ ਨੰਗਲ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਸ ਦੌਰਾਨ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਸੰਦੀਪ ਨੂੰ ਚਾਹੁਣ ਵਾਲਿਆਂ ਦੀਆਂ ਵੀ ਅੱਖਾਂ ਨਮ ਸਨ। ਹਜ਼ਾਰਾਂ ਦੀ ਗਿਣਤੀ ਵਿਚ ਇਲਾਕੇ ਅਤੇ ਪੰਜਾਬ ਭਰ ਤੋਂ ਆਈਆਂ ਵੱਖ-ਵੱਖ ਸ਼ਖਸੀਅਤਾਂ ਨੇ ਆਪਣੇ ਮਹਿਬੂਬ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਨੂੰ ਨਮ ਅੱਖਾਂ ਨਾਲ ਪੂਰਨ ਗੁਰ ਮਰਿਆਦਾ ਅਨੁਸਾਰ ਅੰਤਿਮ ਵਿਦਾਇਗੀ ਦਿੱਤੀ।

ਇਹ ਵੀ ਪੜ੍ਹੋ:  ਹੋਲੀ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲੀਆਂ, ਗੋਰਾਇਆ ਵਿਖੇ ਭਿਆਨਕ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
 


ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਨਕੋਦਰ ਵਿਖੇ ਸਿਵਲ ਹਸਪਤਾਲ ’ਚ ਪੋਸਟਮਾਰਚਮ ਕੀਤਾ ਗਿਆ। ਇਸ ਦੌਰਾਨ ਡਾਕਟਰਾਂ 4 ਡਾਕਟਰਾਂ ਦੇ ਬੋਰਡ ਨੂੰ ਕਰੀਬ 5 ਘੰਟੇ ਪੋਸਟਮਾਰਟਮ ਹੋਣ ਨੂੰ ਲੱਗੇ। ਪੋਸਟਮਾਰਟਮ ਦੌਰਾਨ ਡਾਕਟਰਾਂ ਦੇ ਬੋਰਡ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਸੰਦੀਪ ਨੂੰ ਕਰੀਬ 17-18 ਗੋਲ਼ੀਆਂ ਲੱਗੀਆਂ ਸਨ। ਸਿਵਲ ਹਸਪਤਾਲ ਦੀ ਡਾ. ਰੁਪਿੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਪੋਸਟਮਾਰਟਮ ਦੌਰਾਨ ਸੰਦੀਪ ਦੇ ਸਰੀਰ ’ਚੋਂ 5 ਗੋਲ਼ੀਆਂ ਅਤੇ 5 ਛਰੇ ਕੱਢੇ ਗਏ ਹਨ। 4 ਡਾਕਟਰਾਂ ਦੇ ਬੋਰਡ ’ਚ ਡਾ.ਜਸਦੀਪ ਸਿੰਘ, ਡਾ. ਧਰਮਵੀਰ ਸਿੰਘ, ਡਾ, ਸੋਨੂੰ ਪਾਲ ਅਤੇ ਡਾ. ਤਰਨਜੀਤ ਕੌਰ ਸ਼ਾਮਲ ਸਨ। 

5 ਘੰਟੇ ਲੇਟ ਹੋਇਆ ਅੰਤਿਮ ਸੰਸਕਾਰ 
ਕਬੱਡੀ ਖਿਡਾਰੀ ਸੰਦੀਪ ਸਿੰਘ ਦੇ ਅੰਤਿਮ ਸੰਸਕਾਰ ਦਾ ਸਮਾਂ 12 ਵਜੇ ਰਖਿਆ ਗਿਆ ਸੀ ਪਰ ਪੋਸਟਮਾਰਟਮ ਦੇਰੀ ਨਾਲ ਹੋਣ ਕਰਕੇ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਕਰੀਬ 2.30 ਵਜੇ ਨੰਗਲ ਅੰਬੀਆਂ ਵਿਖੇ ਗ੍ਰਹਿ ਵਿਖੇ ਪਹੁੰਚੀ, ਜਿੱਥੇ ਵੱਡੀ ਗਿਣਤੀ 'ਚ ਸਗੇ ਸਬੰਧੀ ਅੰਤਿਮ ਦਰਸ਼ਨਾ ਲਈ ਇੰਤਜ਼ਾਰ ਕਰ ਰਹੇ ਸਨ।

ਇਹ ਵੀ ਪੜ੍ਹੋ: ਜਲੰਧਰ ਪੁਲਸ ਕਮਿਸ਼ਨਰੇਟ ਦਾ ਵੱਡਾ ਐਕਸ਼ਨ, ਹੁਣ 48 ਘੰਟਿਆਂ ’ਚ ਸ਼ਿਕਾਇਤਕਰਤਾ ਨੂੰ ਇੰਝ ਮਿਲੇਗਾ ਇਨਸਾਫ਼
 
ਅੰਤਿਮ ਦਰਸ਼ਨਾਂ ਲਈ ਖੇਡ ਮੈਦਾਨ 'ਚ ਰੱਖੀ ਮ੍ਰਿਤਕ ਦੇਹ 
ਘਰ ਤੋਂ ਰਸਮਾਂ ਪੂਰੀਆਂ ਕਰਕੇ ਸੰਦੀਪ ਸਿੰਘ ਦੀ ਦੇਹ ਨੂੰ ਨੰਗਲ ਅੰਬੀਆਂ ਦੇ ਖੇਡ ਮੈਦਾਨ 'ਚ ਲਿਜਾਇਆ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਪੰਜਾਬ ਭਰ ਤੋਂ ਆਏ ਲੋਕ ਅਤੇ ਕਬੱਡੀ ਖਿਡਾਰੀ ਅੰਤਿਮ ਦਰਸ਼ਨਾਂ ਲਈ ਇੰਤਜ਼ਾਰ ਕਰ ਰਹੇ ਸਨ। ਇਸੇ ਖੇਡ ਮੈਦਾਨ 'ਚ ਬਚਪਨ ਤੋਂ ਖੇਡ ਕੇ ਸੰਦੀਪ ਸਿੰਘ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਣਿਆ। ਅੰਤਿਮ ਯਾਤਰਾ ਮੌਕੇ ਸੰਦੀਪ ਸਿੰਘ ਨੰਗਲ ਅੰਬੀਆਂ ਦੇ ਪਰਿਵਾਰਕ ਮੈਂਬਰ ਪਿਤਾ ਸਵਰਨ ਸਿੰਘ ਸੰਧੂ, ਮਾਤਾ ਕਸ਼ਮੀਰ ਕੌਰ, ਪਤਨੀ ਰੁਪਿੰਦਰ ਕੌਰ ਪੁੱਤਰ ਜਗਸਾਜ਼ ਸਿੰਘ ਅਤੇ ਜਸਮਾਨ ਸਿੰਘ, ਭੈਣਾਂ ਬੱਬੂ ਅਤੇ ਬਲਜੀਤ ਕੌਰ ਯੂ ਕੇ, ਅੰਗਰੇਜ਼ ਸਿੰਘ, ਗੁਰਮੀਤ ਸਿੰਘ (ਦੋਵੇਂ ਭਰਾ), ਚਾਚਾ ਜਗੀਰ ਸਿੰਘ ਮੌਜੂਦ ਸਨ। ਅੰਤਿਮ ਯਾਤਰਾ ਮੌਕੇ "ਸੰਦੀਪ ਸਿੰਘ ਅਮਰ ਰਹੇ", "ਸੰਦੀਪ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ" ਆਦਿ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆ। 

ਇਹ ਵੀ ਪੜ੍ਹੋ: ਸੰਦੀਪ ਨੰਗਲ ਅੰਬੀਆਂ ਦਾ ਹੋਇਆ ਪੋਸਟਮਾਰਟਮ, ਡਾਕਟਰਾਂ ਨੇ ਸਾਹਮਣੇ ਲਿਆਂਦੀ ਇਹ ਗੱਲ

ਸੰਦੀਪ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ 'ਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕਬੱਡੀ ਪ੍ਰਮੋਟਰ ਬਲਵਿੰਦਰ ਸਿੰਘ ਚੱਠਾ ਢੰਡੋਵਾਲ, ਗੁਰ ਪ੍ਰਤਾਪ ਸਿੰਘ ਵਡਾਲਾ ਸਾ ਵਿਧਾਇਕ, ਕਬੱਡੀ ਪ੍ਰਮੋਟਰ ਬਲਜੀਤ ਸਿੰਘ ਸੰਧੂ ਯੂ ਐੱਸ ਏ, ਬਲਕਾਰ ਸਿੰਘ ਚੱਠਾ ਆਪ ਆਗੂ, ਭਾਈ ਸੁਰਜੀਤ ਸਿੰਘ ਸ਼ੈਂਟੀ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਤਜਿੰਦਰ ਸਿੰਘ ਰਾਮਪੁਰ, ਜਥੇ ਸੁਲੱਖਣ ਸਿੰਘ ਨਿਮਾਜੀਪੁਰ, ਪਰਮਜੀਤ ਸਿੰਘ ਪੰਮਾ ਕਬੱਡੀ ਕੋਚ, ਹਰਜਿੰਦਰ ਸਿੰਘ ਸੀਚੇਵਾਲ, ਕਬੱਡੀ ਖਿਡਾਰੀ ਮੰਗਤ ਸਿੰਘ ਮੰਗੀ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਐਡਵੋਕੇਟ ਪ੍ਰਨਵ ਮਲਹੋਤਰਾ ਆਦਿ ਪ੍ਰਮੁੱਖ ਸਨ। ਸੰਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਨੰਗਲ ਅੰਬੀਆਂ (ਸ਼ਾਹਕੋਟ) ਦੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਦੇ ਮਸੂਮ ਬੱਚਿਆਂ ਅਤੇ ਭਰਾਵਾਂ ਵਲੋਂ ਸਾਂਝੇ ਤੌਰ 'ਤੇ ਅਗਨੀ ਭੇਟ ਕੀਤਾ ਗਿਆ।

ਕਬੱਡੀ ਟੂਰਨਾਮੈਂਟ ਦੌਰਾਨ ਸ਼ਰੇਆਮ ਗੋਲ਼ੀਆਂ ਮਾਰ ਕੇ ਕੀਤਾ ਸੀ ਕਤਲ
ਦੱਸਣਯੋਗ ਹੈ ਕਿ ਥਾਣਾ ਸਦਰ ਅਧੀਨ ਆਉਂਦੇ ਪਿੰਡ ਮੱਲ੍ਹੀਆਂ ਖੁਰਦ ’ਚ ਇਕ ਚੱਲਦੇ ਕਬੱਡੀ ਟੂਰਨਾਮੈਂਟ ਦੌਰਾਨ ਬੀਤੇਂ ਦਿਨੀਂ ਨਾਮਵਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸ਼ਾਹਕੋਟ ਦੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੰਦੀਪ ਨੰਗਲ ਅੰਬੀਆਂ (38) ਪੁੱਤਰ ਸਰਵਨ ਸਿੰਘ ਕਬੱਡੀ ਦਾ ਚਮਕਦਾ ਸਿਤਾਰਾ ਅੰਤਰਰਾਸ਼ਟਰੀ ਖਿਡਾਰੀ ਸੀ। ਪਿੰਡ ਮੱਲ੍ਹੀਆਂ ’ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਕਿ ਇਸ ਦੌਰਾਨ 4-5 ਅਣਪਛਾਤੇ ਵਿਅਕਤੀ ਗੱਡੀ ’ਚ ਆਏ ਤੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਹਮਲਾਵਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਦੇ ਛੱਰੇ ਟੂਰਨਾਮੈਂਟ ਦੇਖ ਰਹੇ 2 ਹੋਰ ਨੌਜਵਾਨਾਂ ਦੇ ਵੀ ਲੱਗੇ, ਜਿਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

 

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: ਭਾਜਪਾ ਆਗੂ ਮਹਿੰਦਰ ਭਗਤ ਦੇ ਗੰਨਮੈਨ ਨੇ ਖ਼ੁਦ ਨੂੰ ਮਾਰੀ ਗੋਲ਼ੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

shivani attri

This news is Content Editor shivani attri