''ਵਾਤਾਵਰਣ'' ਦੀ ਸੁਰੱਖਿਆ ''ਤੇ ਐੱਨ. ਜੀ. ਟੀ. ਦੇ ਚੇਅਰਮੈਨ ਨੇ ਦਿਖਾਈ ਡਰਾਉਣੀ ਹਕੀਕਤ

02/08/2020 2:09:29 PM

ਲੁਧਿਆਣਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਵਾਤਾਵਰਣ ਦੀ ਸੁਰੱਖਿਆ 'ਤੇ ਆਯੋਜਿਤ ਇਕ ਵਰਕਸ਼ਾਪ 'ਚ ਨੈਸ਼ਨਲ ਗਰੀਨ ਟ੍ਰਿਬੀਊਨਲ ਦੇ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਪੁੱਜੇ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ 'ਚ ਵਾਤਾਵਰਣ ਦੀ ਸਥਿਤੀ ਕਾਫੀ ਗੰਭੀਰ ਹੈ ਅਤੇ ਦੇਸ਼ ਦੀਆਂ 351 ਨਹਿਰਾਂ ਅਤੇ 100 ਉਦਯੋਗਿਕ ਕਲੱਸਟਰ ਪ੍ਰਦੂਸ਼ਤ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਤਲ ਕਰਨ ਵਾਲੇ ਨੂੰ ਸਜ਼ਾ ਮਿਲਦੀ ਹੈ ਪਰ ਪ੍ਰਦੂਸ਼ਿਤ ਹਵਾ ਅਤੇ ਪਾਣੀ ਕਾਰਨ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਮਰ ਰਹੇ ਹਨ।

ਇਹ ਅਸਿੱਧੇ ਤੌਰ 'ਤੇ ਉਨ੍ਹਾਂ ਦਾ ਕਤਲ ਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਕਮਜ਼ੋਰ ਕੂੜਾ ਪ੍ਰਬੰਧਨ ਕਾਰਨ 4100 ਵੱਡੇ ਸ਼ਹਿਰਾਂ 'ਚ ਕੂੜੇ ਦੇ ਢੇਰ ਦੇਖਣ ਨੂੰ ਮਿਲ ਜਾਂਦੇ ਹਨ। ਦੇਸ਼ 'ਚ ਸਿਰਫ 25 ਤੋਂ 30 ਫੀਸਦੀ ਕੂੜੇ ਦਾ ਨਿਪਟਾਰਾ ਹੋ ਰਿਹਾ ਹੈ ਅਤੇ ਬਾਕੀ ਇੱਧਰ-ਉੱਧਰ ਖਿੱਲਰਿਆ ਰਹਿੰਦਾ ਹੈ, ਜਿਨ੍ਹਾਂ 'ਚ ਲੁਧਿਆਣਾ ਵੀ ਸ਼ਾਮਲ ਹੈ। ਜਸਟਿਸ ਗੋਇਲ ਨੇ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਜੰਗੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਮੁਸ਼ਕਲ ਜ਼ਰੂਰ ਹੈ ਪਰ ਨਾ-ਮੁਮਕਿਨ ਨਹੀਂ ਅਤੇ ਇਸ ਦੇ ਲਈ ਸਰਕਾਰ, ਪ੍ਰਸ਼ਾਸਨ, ਇੰਡਸਟਰੀ ਅਤੇ ਦੇਸ਼ ਦੇ ਲੋਕਾਂ ਦੀ ਹਿੱਸੇਦਾਰੀ ਜ਼ਰੂਰੀ ਹੈ।

Babita

This news is Content Editor Babita