ਨਸ਼ੇ ਨੇ ਨਿਗਲਿਆ ਭੈਣ ਦਾ ਇਕ ਹੋਰ ਭਰਾ, ਸਿਹਰਾ ਬੰਨ੍ਹ ਦਿੱਤੀ ਵਿਦਾਈ

07/10/2018 2:21:25 PM

ਝਬਾਲ (ਨਰਿੰਦਰ) : ਪੰਜਾਬ 'ਚ ਲਗਾਤਾਰ ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਹੋਰ ਮਮਲਾ ਤਰਨਤਾਰਨ ਦੇ ਕਸਬਾ ਝਬਾਲ ਵਿਖੇ ਸਾਹਮਣੇ ਆਇਆ ਹੈ, ਜਿਥੇ ਇਕ ਹੋਰ ਨੌਜਵਾਨ ਨੂੰ ਨਸ਼ਿਆਂ ਨੇ ਨਿਗਲ ਲਿਆ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਭਾਰਤ ਉਰਫ ਗੱਬਰ ਪੁੱਤਰ ਤਰਸੇਮ ਸਿੰਘ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੱਬਰ ਨੇ ਹਸਪਤਾਲ ਤੋਂ ਸਰਿੰਜ ਲਿਆ ਕੇ ਟੀਕਾ ਲਗਾਇਆ ਤੇ ਟੀਕਾ ਠੀਕ ਨਾ ਲੱਗਣ ਕਾਰਨ ਸਾਰੀ ਲੱਤ ਨੂੰ ਸੋਜ ਪੈ ਗਈ ਤੇ ਦੋ ਦਿਨ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਵੀ ਮੇਰਾ ਇਕ ਲੜਕਾ ਇਨ੍ਹਾਂ ਨਸ਼ਿਆਂ ਦੀ ਭੇਟ ਚੜ੍ਹ ਚੁੱਕਾ ਹੈ ਤੇ ਹੁਣ ਦੂਜੇ ਪੁੱਤ ਨੂੰ ਵੀ ਨਸ਼ਿਆਂ ਨੇ ਨਿਗਲ ਲਿਆ। ਉਸ ਸਮੇਂ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ ਜਦੋਂ ਮ੍ਰਿਤਕ ਦੀ ਭੈਣ ਅਨੀਤਾ ਨੇ ਆਪਣੇ ਭਰਾ ਦੀ ਅਰਥੀ ਚੁੱਕਣ ਤੋਂ ਪਹਿਲਾਂ ਰੌਂਦੀ ਹੋਈ ਨੇ ਆਪਣੇ ਭਰਾ ਦੇ ਸਿਰ ਸਿਹਰਾ ਸਜਾਇਆ। ਇਸ ਮੌਕੇ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮ੍ਰਿਤਕ ਨੌਜਵਾਨ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜ਼ਬੂਰਨ ਕਾਰਵਾਈ ਕਰਨੀ ਪਵੇਗੀ। 
ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਕਿਹਾ ਕਿ ਇਹ ਬਹੁਤ ਹੀ ਮਾੜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨਸ਼ੇ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । 
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਜ਼ਿਲੇ ਦੇ ਐੱਸ. ਐੱਸ. ਪੀ ਤੇ ਸਿਵਲ ਸਰਜਨ ਨਾਲ ਗੱਲ ਕਰਕੇ ਕਾਰਵਾਈ ਲਈ ਕਹਿਣਗੇ ਤੇ ਜੋ ਵੀ ਜ਼ਿੰਮੇਵਾਰ ਹੋਇਆ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਦੋਂਕਿ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲ ਜਾਂ ਕੋਈ ਪ੍ਰਾਈਵੇਟ ਡਾਕਟਰ ਕਿਸੇ ਨੂੰ ਵੀ ਸਰਿੰਜ ਟੀਕਾ ਲਗਾਉਣ ਲਈ ਨਹੀਂ ਦੇ ਸਕਦਾ ਜੇਕਰ ਸਰਕਾਰੀ ਹਸਪਤਾਲ ਤੋਂ ਸਰਿੰਜਾਂ ਇਸ ਤਰ੍ਹਾਂ ਜਾ ਰਹੀਆਂ ਹਨ ਤਾਂ ਉਹ ਹੁਣੇ ਹੀ ਜਾਂਚ ਕਰਵਾਕੇ ਕਾਰਵਾਈ ਕਰਾਉਣਗੇ।