ਕਸ਼ਮੀਰ ਦੇ ਪੱਥਰਬਾਜਾਂ ਨੂੰ ਪੱਥਰਾਂ ਨਾਲ ਜਵਾਬ ਦੇਣ ਅਮਰਨਾਥ ਦੇ ਯਾਤਰੀ : ਪੰਚਾਨੰਦ ਗਿਰੀ

06/12/2017 3:20:00 PM

ਲੁਧਿਆਣਾ (ਗੁਪਤਾ) — ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ 350 ਮ੍ਰਿਤਕ ਹਿੰਦੂਆਂ ਦੇ ਫੂਲ ਗੰਗਾ 'ਚ ਪ੍ਰਵਾਹ ਕਰਨ ਲਈ ਸ੍ਰੀ ਹਿੰਦੂ ਤਖਤ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਪੱਤਰ ਲਿਖ ਕੇ ਇਹ ਮਾਮਲਾ ਪਾਕਿਸਤਾਨ ਸਰਕਾਰ ਦੇ ਸਾਹਮਣੇ ਚੁੱਕੇ ਜਾਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਇਥੇ ਆਯੋਜਿਤ ਪੱਤਰਕਾਰ ਸੰਮੇਲਨ ਜਗਤ ਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਸ੍ਰੀ ਹਿੰਦੂ ਤਖਤ ਨੇ ਦਿੱਤੀ।
ਪੰਚਾਨੰਦ ਗਿਰੀ ਨੇ ਕਿਹਾ ਕਿ ਇਸ ਸਬੰਧ 'ਚ ਤਖਤ ਵਲੋਂ ਪ੍ਰਮੁੱਖ ਪ੍ਰਦੇਸ਼ ਪ੍ਰਚਾਰਕ ਵਰੁਣ ਮਹਿਤਾ ਨੂੰ ਅਧਿਕਾਰਤ ਕੀਤਾ ਗਿਆ ਹੈ ਤਾਂਕਿ ਉਹ ਇਸ ਮਾਮਲੇ ਨੂੰ ਜ਼ੋਰ-ਸ਼ੋਰ ਨਾਲ ਚੁੱਕ ਕੇ ਪਾਕਿਸਤਾਨੀ ਮ੍ਰਿਤਕ ਹਿੰਦੂਆਂ ਦੀਆਂ ਅਸਥੀਆਂ ਗੰਗਾ 'ਚ ਪ੍ਰਵਾਹ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਦੀ ਇੱਛਾ ਪੂਰੀ ਕਰ ਸਕਣ। ਪੰਚਾਨੰਦ ਗਿਰੀ ਨੇ ਕਿਹਾ ਕਿ ਵਿਸ਼ਵ ਭਰ 'ਚ ਵਸਦੇ ਹਿੰਦੂਆਂ ਲਈ ਗੰਗਾ ਮਾਂ ਦਾ ਅਹਿਮ ਸਥਾਨ ਹੈ। ਅਜਿਹੇ 'ਚ ਪਾਕਿਸਤਾਨੀ ਹਿੰਦੂਆਂ ਨੂੰ ਇਸ ਤੋਂ ਵਾਂਝੇ ਨਹੀਂ ਕੀਤਾ ਜਾ ਸਕਦਾ। 
ਉਥੇ ਹੀ ਪੰਚਾਨੰਦ ਗਿਰੀ ਨੇ ਸ੍ਰੀ ਅਮਰਨਾਥ ਦੀ ਯਾਤਰਾ 'ਤੇ ਜਾਣ ਵਾਲੇ ਹਿੰਦੂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸੁਰੱਖਿਆ ਲਈ ਸਿਰਫ ਫੌਜ 'ਤੇ ਨਿਰਭਰ ਨਾ ਰਹਿ ਕੇ ਉਥੇ ਦੇ ਪੱਥਰਬਾਜਾਂ ਨੂੰ ਪੱਥਰ ਨਾਲ ਜਵਾਬ ਦੇਣ ਤੇ ਆਪਣੀ ਸੁਰੱਖਿਆ ਖੁਦ ਕਰਨ, ਜੋ ਹਿੰਦੂ ਸ਼ਰਧਾਲੂ ਪੱਥਰਬਾਜਾਂ ਨੂੰ ਜਵਾਬ ਨਹੀਂ ਦੇ ਸਕਦੇ ਉਨ੍ਹਾਂ ਨੂੰ ਅਮਰਨਾਥ ਦੀ ਯਾਤਰਾ 'ਤੇ ਕੁਝ ਸਾਲ ਨਹੀਂ ਜਾਣਾ ਚਾਹੀਦਾ ਤਾਂ ਜੋ ਇਹ ਪੱਥਰਬਾਜ ਜਿਨ੍ਹਾਂ ਦੀ ਆਮਦਨੀ ਦਾ ਮੁੱਖ ਸਰੋਤ ਸ੍ਰੀ ਅਮਰਨਾਥ ਯਾਤਰਾ ਹੈ, ਨੂੰ ਭੁੱਖਾ ਮਰਨਾ ਪਵੇਗਾ ਤਾਂ ਉਹ ਖੁਦ ਹੀ ਅਮਰਨਾਥ ਯਾਤਰੀਆਂ ਦਾ ਸਵਾਗਤ ਕਰਨ ਲਈ ਮਜ਼ਬੂਰ ਹੋ ਜਾਣਗੇ। 
ਐੱਸ. ਜੀ. ਪੀ. ਸੀ. ਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਕੱਟਰਪੰਥੀਆਂ ਨੂੰ ਪੰਜਾਬ ਦੀ ਜਨਤਾ ਪੂਰੀ ਤਰ੍ਹਾਂ ਨਕਾਰ ਚੁੱਕੀ ਹੈ। ਜਗਤ ਗੁਰੂ ਨੇ ਕਿਹਾ ਕਿ ਗੁਮਰਾਹ ਕਰਨ ਵਾਲਾ ਪ੍ਰਚਾਰ ਕਰਕੇ ਕੱਟਰਪੰਥੀ 1990 ਤੋਂ ਬਾਅਦ ਜਨਮ ਲੈਣ ਵਾਲੇ ਸਿੱਖ ਨੌਜਵਾਨਾਂ ਨੂੰ ਖਾਲੀਸਤਾਨ ਮੂਵਮੈਂਟ ਨਾਲ ਜੋੜਨ ਦਾ ਕੰਮ ਕਰ ਰਹੇ ਹਨ ਤੇ ਅੱਤਵਾਦੀ ਭਿੰਡਰਾਵਾਲਾ ਦਾ ਸੰਤਾਂ ਦੀ ਤਰ੍ਹਾਂ ਗੁਣਗਾਣ ਕੀਤਾ ਜਾ ਰਿਹਾ ਹੈ। ਜਗਤ ਗੁਰੂ ਨੇ ਕਿਹਾ ਕਿ ਹਿੰਦੂ ਸਿੱਖਾਂ ਦਾ ਰੋਟੀ ਬੇਟੀ ਦਾ ਰਿਸ਼ਤਾ ਹੈ, ਹਿੰਦੂ ਸਿੱਖਾਂ ਦਾ ਪੰਜਾਬ 'ਚ ਕੋਈ ਵਿਵਾਦ ਨਹੀਂ ਹੋਇਆ ਹੈ। ਪਹਿਲਾਂ ਵੀ ਨਿੰਰਕਾਰਿਆਂ ਤੇ ਸਿੱਖਾਂ ਦਾ ਵਿਵਾਦ ਸੀ ਹੁਣ ਵੀ ਸਿਰਸਾ ਵਾਲੇ ਬਾਬੇ ਨਾਲ ਵਿਵਾਦ ਹੈ ਨਾ ਕਿ ਹਿੰਦੂਆਂ ਨਾਲ। ਇਨ੍ਹਾਂ ਅੱਤਵਾਦੀਆਂ ਦੀ ਭੇਂਟ ਪਹਿਲਾਂ ਵੀ ਅੱਤਵਾਦੀ ਮੁਹਿੰਮ ਨਾਲ ਪੰਜਾਬ ਦੇ 35 ਹਜ਼ਾਰ ਨਿਰਦੋਸ਼ ਹਿੰਦੂ ਮਾਰੇ ਜਾ ਚੁੱਕੇ ਹਨ। ਇਸ ਮੌਕੇ 'ਤੇ ਪ੍ਰਮੁੱਖ ਪ੍ਰਦੇਸ਼ ਪ੍ਰਚਾਰਕ ਵਰੁਣ ਮਹਿਤਾ, ਰਿਸ਼ੀ ਜੈਨ, ਹਰਕੀਰਤ ਖੁਰਾਨਾ ਆਦਿ ਹਾਜ਼ਰ ਸਨ।