ਸ਼ੱਕੀ ਹਾਲਾਤ ''ਚ ਵਿਅਹੁਤਾ ਦੀ ਮੌਤ ਦੇ ਮਾਮਲੇ ''ਚ ਪਤੀ ਖਿਲਾਫ ਪਰਚਾ ਦਰਜ

07/21/2019 11:22:36 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ) : ਬੀਤੇ ਦਿਨ ਥਾਣਾ ਸਰਾਏ ਅਮਾਨਤ ਖਾਂ ਅੱਗੇ ਵਿਆਹੁਤਾ ਦੀ ਲਾਸ਼ ਰੱਖ ਕੇ ਪਰਿਵਾਰ ਵਲੋਂ ਲਾਏ ਗਏ ਧਰਨੇ ਤੋਂ ਬਾਅਦ ਡੀ.ਐੱਸ.ਪੀ. ਸਿਟੀ ਤਰਨਤਾਰਨ ਦੇ ਦਖਲ ਉਪਰੰਤ ਮ੍ਰਿਤਕਾ ਦੇ ਪਤੀ ਵਿਰੁੱਧ ਪੁਲਸ ਵਲੋਂ ਦੇਰ ਰਾਤ ਕੇਸ ਦਰਜ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਵਲੋਂ ਧਰਨਾ ਸਮਾਪਤ ਕਰਦਿਆਂ ਲਾਸ਼ ਨੂੰ ਥਾਣੇ ਅੱਗੋਂ ਚੁੱਕ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਐੱਮ.ਪੀ.ਆਈ. ਦੇ ਸੂਬਾਈ ਆਗੂ ਕਾਮਰੇਡ ਜਸਪਾਲ ਸਿੰਘ ਢਿੱਲੋਂ ਝਬਾਲ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਕਮੇਟੀ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਦੀ ਹਾਜ਼ਰੀ 'ਚ ਮ੍ਰਿਤਕ ਲੜਕੀ ਕੁਲਵੰਤ ਕੌਰ ਉਰਫ ਜੋਤੀ ਦੇ ਪਿਤਾ ਸ਼ੁਬੇਗ ਸਿੰਘ ਵਾਸੀ ਪਿੰਡ ਕੱਲੇਵਾਲ ਅਤੇ ਸਰਪੰਚ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਉਸਦੇ ਪਤੀ ਸਕੱਤਰ ਸਿੰਘ ਵਾਸੀ ਪਿੰਡ ਚਾਹਲ ਵਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਕੇ ਅਤੇ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ ਪਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵਲੋਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਦੀ ਜਗ੍ਹਾ 174 ਤਹਿਤ ਰਿਪੋਰਟ ਦਰਜ ਕਰਕੇ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇੰਨਸਾਫ ਨਾ ਮਿਲਦਾ ਵੇਖ ਉਨ੍ਹਾਂ ਵਲੋਂ ਉਕਤ ਜਥੇਬੰਦੀਆਂ ਦੇ ਸਹਿਯੋਗ ਨਾਲ ਥਾਣਾ ਸਰਾਏ ਅਮਾਨਤ ਖਾਂ ਅੱਗੇ ਲਾਸ਼ ਰੱਖ ਕੇ ਧਰਨਾ ਲਾਇਆ ਗਿਆ ਹੈ। 

ਦੇਰ ਸ਼ਾਮ ਮੌਕੇ 'ਤੇ ਪਹੁੰਚੇ ਉਪ ਪੁਲਸ ਕਪਤਾਨ ਸਬ-ਡਿਵੀਜ਼ਨ ਸਿਟੀ ਤਰਨਤਾਰਨ ਕਮਲਦੀਪ ਸਿੰਘ ਔਲਖ ਨੇ ਥਾਣਾ ਮੁੱਖੀ ਸਰਾਏ ਅਮਾਨਤ ਖਾਂ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਤੋਂ ਸਾਰੀ ਸਥਿਤੀ ਸਬੰਧੀ ਜਾਣਕਾਰੀ ਹਾਸਲ ਕਰਨ ਉਪਰੰਤ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਉਨ੍ਹਾਂ ਵਲੋਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮ੍ਰਿਤਕ ਕੁਲਵੰਤ ਕੌਰ ਦੇ ਪਤੀ ਸਕੱਤਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਚਾਹਲ ਖਿਲਾਫ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਹੈ ਕਿ ਮ੍ਰਿਤਕਾ ਦੀ ਪੋਸਟਮਾਟਰਮ ਰਿਪੋਰਟ ਆਉਣ ਉਪਰੰਤ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Baljeet Kaur

This news is Content Editor Baljeet Kaur