ਸਿਗਰਟਾਂ ਪੀ ਰਹੇ 10 ਸਾਲਾਂ ਦੇ ਨਾਬਾਲਗ ਬੱਚੇ ਦੀ ਵਾਇਰਲ ਵੀਡੀਓ

05/26/2019 11:19:57 AM

ਝਬਾਲ, ਬੀੜ ਸਾਹਿਬ (ਜ.ਬ.) : ਸੋਸ਼ਲ ਮੀਡੀਆ 'ਚ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਇਕ ਨਾਬਾਲਗ ਬੱਚੇ ਦੀ ਸਿਗਰਟਾਂ (ਤੰਬਾਕੂ) ਪੀਂਦਿਆਂ ਦੀ ਵੀਡੀਓ ਬੇਸ਼ੱਕ ਲੋਕਾਂ ਲਈ ਮਨੋਰੰਜਨ ਦਾ ਸਾਧਨ ਬਣ ਰਹੀ ਹੋਵੇਗੀ ਪਰ ਇਸ ਵੀਡੀਓ ਨੇ ਪੰਜਾਬ ਸਰਕਾਰ ਦੇ ਨਸ਼ਿਆਂ ਨੂੰ ਨੱਥ ਪਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਵੱਡਾ ਗ੍ਰਹਿਣ ਵੀ ਲਾ ਕੇ ਰੱਖ ਦਿੱਤਾ ਹੈ। ਵੀਡੀਓ ਜ਼ਿਲਾ ਤਰਨਤਾਰਨ ਦੇ ਕਿਸੇ ਖੇਤਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਇਕ 10 ਕੁ ਸਾਲ ਦਾ ਨਾਬਾਲਗ ਸਿੱਖ ਬੱਚਾ, ਜਿਸ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਸਿਰ ਦੇ ਜੂੜੇ 'ਤੇ ਚਿੱਟੇ ਰੰਗ ਦਾ ਰੁਮਾਲ ਵੀ ਪਾਇਆ ਹੋਇਆ ਹੈ, ਇਕੱਠੀਆਂ 2 ਸਿਗਰਟਾਂ ਦੇ ਕੱਸ਼ ਲਾਉਂਦਾ ਦਿਖਾਈ ਦੇ ਰਿਹਾ ਹੈ। ਵੀਡੀਓ ਕੇਵਲ 30 ਸੈਕਿੰਡ ਦੀ ਹੈ ਤੇ ਇੰਝ ਪ੍ਰਤੀਕ ਹੁੰਦਾ ਹੈ ਕਿ ਵੀਡੀਓ ਕਿਸੇ ਵਲੋਂ ਗੱਡੀ 'ਚ ਬੈਠ ਕੇ ਬਣਾਈ ਗਈ ਹੈ, ਕਿਉਂਕਿ ਵੀਡੀਓ ਦੇ ਪਿੱਛੇ ਚੱਲ ਰਹੇ ਇਕ ਪੰਜਾਬੀ ਗੀਤ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ। ਵਾਇਰਲ ਇਸ ਵੀਡੀਓ ਨੇ ਪੂਰੇ ਪੰਜਾਬ 'ਚ ਜਿੱਥੇ ਖਲਬਲੀ ਮਚਾ ਕੇ ਰੱਖ ਦਿੱਤੀ ਹੈ, ਉੱਥੇ ਹੀ ਸਰਕਾਰ ਵਿਰੋਧੀ ਧਿਰਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 4 ਹਫਤਿਆਂ 'ਚ ਪੰਜਾਬ ਅੰਦਰੋਂ ਨਸ਼ਾ ਖਤਮ ਕਰਨ ਦੇ ਗੁਟਕਾ ਸਾਹਿਬ ਨੂੰ ਮੱਥੇ ਨੂੰ ਲਾ ਕੇ ਸਹੁੰ ਚੁੱਕਣ ਵਾਲੇ ਉਨ੍ਹਾਂ ਦਾਅਵਿਆਂ ਦੀ ਖਿੱਲੀ ਵੀ ਉਡਾਈ ਜਾ ਰਹੀ ਹੈ। ਜਦੋਂ ਕਿ ਬੀਤੇ ਦਿਨੀਂ ਭਿੱਖੀਵਿੰਡ ਖੇਤਰ 'ਚ ਇਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਨਾਲ ਹੋਈ ਮੌਤ ਦਾ ਮਾਮਲਾ ਵੀ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਸਰਕਾਰ ਦੀ ਕਾਰਜ ਪ੍ਰਣਾਲੀ 'ਤੇ ਲੋਕ ਸਵਾਲ ਚੁੱਕਦਿਆਂ ਪਾਲਸੀ-ਪ੍ਰੋਗਰਾਮ ਨੂੰ ਫੇਲ੍ਹ ਦੱਸ ਰਹੇ ਹਨ।

ਕਿਹੜੇ-ਕਿਹੜੇ ਨਸ਼ਿਆਂ ਦਾ ਪੰਜਾਬ 'ਚ ਹੈ ਬੋਲਬਾਲਾ
ਅੰਕੜੇ ਦੱਸਦੇ ਹਨ ਪੰਜਾਬ ਅੰਦਰ ਅੱਜ ਵੀ ਚਰਸ, ਗਾਂਜਾ, ਪੋਸਤ, ਭੁੱਕੀ, ਅਫ਼ੀਮ, ਹੈਰੋਇਨ, ਸਮੈਕ, ਗੋਲੀਆਂ, ਕੈਪਸੂਲ, ਨਸ਼ੇ ਵਾਲੇ ਟੀਕੇ ਅਤੇ ਸਿੰਥੈਟਿਕ ਡਰੱਗ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਸਰਹੱਦੀ ਜ਼ਿਲੇ ਤਰਨਤਾਰਨ 'ਚ ਵੀ ਹੈਰੋਇਨ, ਸਮੈਕ, ਸਿੰਥੈਟਿਕ ਡਰੱਗ ਅਤੇ ਮੈਡੀਕਲ ਡਰੱਗ ਦੀ ਤਸਕਰੀ ਬੇਰੋਕ ਜਾਰੀ ਹੈ। ਇੱਥੇ ਹੀ ਬੱਸ ਨਹੀਂ ਨਸ਼ਿਆਂ ਦੀ ਤਸਕਰੀ 'ਚ ਇਸ ਜ਼ਿਲੇ ਦੀਆਂ ਔਰਤਾਂ ਤੇ ਛੋਟੇ ਬੱਚਿਆਂ ਦੀ ਸ਼ਮੂਲੀਅਤ ਵੀ ਵੱਡਾ ਚਿੰਤਾ ਦਾ ਵਿਸ਼ਾ ਹੈ। ਜਦੋਂ ਕਿ ਰਵਾਇਤੀ ਨਸ਼ਾ ਸ਼ਰਾਬ ਦੇ ਨਾਂ 'ਤੇ ਜ਼ਿਲੇ ਦੇ ਕਈ ਅਜਿਹੇ ਬਦਨਾਮ ਪਿੰਡ ਹਨ ਜੋ ਅਲਕੋਹਲ ਤੋਂ ਜ਼ਹਿਰੀਲੀ ਸ਼ਰਾਬ ਤਿਆਰ ਕਰਕੇ ਵੱਡੇ ਪੱਧਰ 'ਤੇ ਤਸਕਰੀ ਕਰ ਰਹੇ ਹਨ।

15 ਤੋਂ 25 ਸਾਲ ਦੀ ਉਮਰ ਦੇ ਲੋਕ ਵੱਖ-ਵੱਖ ਨਸ਼ਿਆਂ ਤੋਂ ਹਨ ਗ੍ਰਸਤ
ਰਿਪੋਰਟਾਂ ਦੱਸਦੀਆਂ ਹਨ ਕਿ ਮਾਝਾ ਖੇਤਰ ਦੇ 61 ਫੀਸਦੀ ਘਰ ਨਸ਼ਿਆਂ ਨੇ ਬਰਬਾਦ ਕਰਕੇ ਰੱਖ ਦਿੱਤੇ ਹਨ ਅਤੇ 15 ਤੋਂ 25 ਸਾਲ ਦੀ ਉਮਰ ਦੇ ਅੱਲੜ ਉਮਰ ਦੇ ਨੌਜਵਾਨ ਵੱਖ-ਵੱਖ ਨਸ਼ਿਆਂ ਤੋਂ ਗ੍ਰਸਤ ਹਨ। ਭਾਵੇਂ ਕਿ ਸ਼ਰਾਬ ਨੂੰ ਇਕ ਰਵਾਇਤੀ ਨਸ਼ੇ ਵਜੋਂ ਵੇਖਿਆ ਜਾਂਦਾ ਹੈ ਪ੍ਰੰਤੂ ਜੇਕਰ ਅੰਕੜਿਆਂ ਵੱਲ ਝਾਤ ਮਾਰੀ ਜਾਵੇ ਤਾਂ ਇਕੱਲਾ ਅੰਮ੍ਰਿਤਸਰ ਇਕ ਅਜਿਹਾ ਜ਼ਿਲਾ ਹੈ ਜਿੱਥੇ ਰੋਜ਼ਾਨਾ ਇਕ ਕਰੋੜ ਰੁਪਏ ਦੀ ਸ਼ਰਾਬ ਪੀਤੀ ਜਾਂਦੀ ਹੈ।

ਕੀ ਕਹਿੰਦੇ ਹਨ ਸਰਕਾਰੀ ਅੰਕੜੇ
ਸਰਕਾਰੀ ਅੰਕੜਿਆਂ ਮੁਤਾਬਕ 2.77 ਕਰੋੜ ਦੀ ਆਬਾਦੀ ਵਾਲੇ ਪੰਜਾਬ 'ਚ 68.82 ਫੀਸਦੀ ਲੋਕ ਪਿੰਡਾਂ 'ਚ ਵੱਸਦੇ ਹਨ। ਪਿੰਡਾਂ 'ਚ ਵੱਸਦੇ ਇਨ੍ਹਾਂ ਲੋਕਾਂ 'ਚ 21.45 ਫੀਸਦੀ ਲੋਕ ਭੁੱਕੀ, 20.41 ਫੀਸਦੀ ਲੋਕ ਮੈਡੀਕਲ ਡਰੱਗ, 8.65 ਫੀਸਦੀ ਲੋਕ ਨਸ਼ੇ ਵਾਲੇ ਟੀਕਿਆਂ ਦਾ ਨਸ਼ਾ, ਜਦਕਿ 4.85 ਫੀਸਦੀ ਲੋਕ ਚਰਸ ਵਰਗੇ ਨਸ਼ੇ ਦਾ ਸੇਵਨ ਕਰਦੇ ਹਨ। ਯੂ.ਐੱਨ.ਓ. ਦੇ ਅੰਕੜੇ ਵੱਲ ਝਾਤ ਮਾਰੀ ਜਾਵੇ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ 'ਚ ਚੰਡੀਗੜ੍ਹ ਅਤੇ ਹਰਿਆਣਾ ਨਾਲੋਂ 3 ਗੁਣਾ ਨਸ਼ੇੜੀਆਂ ਦੀ ਗਿਣਤੀ ਵੱਧ ਹੈ। ਨਸ਼ਿਆਂ ਦਾ ਸੇਵਨ ਕਰਨ ਕਰਕੇ ਪੰਜਾਬ ਦੇ ਲੋਕ ਆਰਥਿਕ, ਮਾਨਸਿਕ ਅਤੇ ਸਰੀਰਕ ਤੌਰ 'ਤੇ ਬੁਰੀ ਤਰ੍ਹਾਂ ਖੋਖਲੇ ਹੋ ਰਹੇ ਹਨ।

4 ਹਫ਼ਤਿਆਂ 'ਚ ਖਤਮ ਤਾਂ ਨਹੀਂ ਹੋਇਆ, 4 ਗੁਣਾ ਵਧਿਆ ਨਸ਼ਾ : ਪ੍ਰੋ.ਵਿਰਸਾ ਸਿੰਘ ਵਲਟੋਹਾ
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਨਾਂ 'ਤੇ ਸੌੜੀ ਸਿਆਸਤ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਹੁੰ ਚੁੱਕ ਕੇ 4 ਹਫਤਿਆਂ 'ਚ ਸੂਬੇ ਅੰਦਰੋਂ ਨਸ਼ਾ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਸੱਚਾਈ ਇਹ ਹੈ ਕਿ ਨਸ਼ਾ ਪੰਜਾਬ ਅੰਦਰ 4 ਗੁਣਾ ਵੱਧ ਚੁੱਕਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਪਿਛਲੇ 10 ਸਾਲਾਂ 'ਚ ਪੰਜਾਬ ਅੰਦਰ ਨਸ਼ਿਆਂ ਨੂੰ ਕੰਟਰੋਲ ਕਰਨ ਲਈ ਪੂਰੀ ਜ਼ਿੰਮੇਵਾਰੀ ਨਿਭਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਨਸ਼ਾ ਅੰਤਰਰਾਸ਼ਟਰੀ ਸਮੱਸਿਆ ਹੈ ਪਰ ਅਕਾਲੀ ਸਰਕਾਰ ਵਲੋਂ ਜਿੱਥੇ ਬਾਰਡਰ ਰਾਹੀਂ ਆਉਣ ਵਾਲੇ ਨਸ਼ੇ ਨੂੰ ਰੋਕਣ ਲਈ ਬੀ.ਐੱਸ.ਐੱਫ. ਵਿਰੁੱਧ ਧਰਨਾ ਲਾਇਆ ਗਿਆ ਸੀ, ਉੱਥੇ ਹੀ ਭੋਲੇ ਵਰਗੇ ਕਈ ਵੱਡੇ ਡਰੱਗ ਰੈਕਟ ਵੀ ਕਾਬੂ ਕੀਤੇ ਗਏ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਸਮੇਤ ਹਰ ਫਰੰਟ 'ਤੇ ਫੇਲ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਅ ਰਹੀ ਸਗੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਰਕਾਰ ਆਪਣਾ ਸਾਰਾ ਜ਼ੋਰ ਲਾ ਰਹੀ ਹੈ।

ਨਾ ਬੰਦ ਹੋਇਆ ਨਸ਼ਾ, ਨਾ ਘਟੇ ਨਸ਼ੇੜੀ ਤੇ ਨਾ ਟੁੱਟਾ ਨੈੱਟਵਰਕ : ਗੁਰਨਾਮ ਸਿੰਘ ਧੁੰਨਾ
ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਜ਼ਿਲਾ ਪ੍ਰਧਾਨ ਗੁਰਨਾਮ ਸਿੰਘ ਧੁੰਨਾ ਦੀ ਮੰਨੀਏ ਤਾਂ ਸੱਤਾ ਬਦਲਣ ਉਪਰੰਤ ਵੀ ਸੂਬੇ ਅੰਦਰੋਂ ਕਿਸੇ ਪ੍ਰਕਾਰ ਦਾ ਨਸ਼ਾ ਰੁਕਿਆ ਨਹੀਂ ਹੈ, ਸਗੋਂ ਮਹਿੰਗਾ ਜ਼ਰੂਰ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੈਰਾਨੀ ਤਾਂ ਇਹ ਹੈ ਕਿ ਨਸ਼ੇ ਦੀ ਸਮੱਗਲਿੰਗ 'ਚ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਕੈਰੀਅਰ ਦੇ ਤੌਰ 'ਤੇ ਵਰਤਿਆ ਜਾ ਰਿਹਾ ਹੈ। ਧੁੰਨਾ ਨੇ ਕਿਹਾ ਕਿ ਨਾ ਹੀ ਨਸ਼ਾ ਬੰਦ ਹੋਇਆ ਹੈ, ਨਾ ਨਸ਼ੇੜੀ ਘਟੇ ਹਨ ਅਤੇ ਨਾ ਹੀ ਨੈੱਟਵਰਕ ਟੁੱਟਾ ਹੈ। ਉਨ੍ਹਾਂ ਕਿਹਾ ਕਿ ਹਾਂ ਇੰਨਾ ਜ਼ਰੂਰ ਹੋਇਆ ਹੈ ਕਿ ਨਸ਼ਾ ਵੇਚਣ ਵਾਲਿਆਂ ਦੇ ਪਹਿਰਾਵਿਆਂ ਦੇ ਰੰਗ ਜ਼ਰੂਰ ਬਦਲੇ ਹਨ, ਢੰਗ ਉਹੋ ਹੀ ਹਨ।

Baljeet Kaur

This news is Content Editor Baljeet Kaur