ਖਿਡੌਣਾ ਪਿਸਤੌਲ ਲੈ ਕੇ ਸੁਨਿਆਰ ਦੀ ਦੁਕਾਨ ਤੇ ਲੁੱਟਣ ਆਏ ਲੁਟੇਰਿਆਂ ਨੂੰ ਪਾਈਆਂ ਭਾਜੜਾਂ

10/03/2020 5:54:44 PM

ਸਮਾਣਾ (ਦਰਦ) : ਸਮਾਣਾ ਦੇ ਭੀੜ-ਭਾੜ ਵਾਲੀ ਗਾਂਧੀ ਗਰਾਊਂਡ ਨੇੜੇ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਮੂੰਹ ਢਕੇ ਚਾਰ ਨੌਜਵਾਨ ਲੁਟੇਰਿਆਂ ਵੱਲੋਂ ਸੋਨੇ ਦੀ ਸੋਧ ਤੇ ਪਾਲਸ਼ ਦਾ ਕੰਮ ਕਰਨ ਵਾਲੇ ਇਕ ਸੁਨਿਆਰ ਦੀ ਦੁਕਾਨ ਵਿਚ ਵੜ ਕੇ ਲੁੱਟ ਦੀ ਅਸਫਲ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨ ਮਾਲਕ ਵੱਲੋਂ ਰੋਲਾ ਪਾਉਣ 'ਤੇ ਇਕੱਠੇ ਹੋਏ ਲੋਕਾਂ ਨੇ ਪਿਸਤੌਲ ਫੜੀ ਇਕ ਲੁਟੇਰੇ ਨੂੰ ਕਾਬੂ ਕਰ ਲਿਆ ਜਦੋਂ ਕਿ ਤੇਜ਼ਧਾਰ ਹਥਿਆਰਾਂ ਵਾਲੇ ਤਿੰਨੇ ਨੌਜਵਾਨ ਫਰਾਰ ਹੋਣ ਵਿਚ ਸਫਲ ਰਹੇ। 

ਦੁਕਾਨ ਮਾਲਕ ਸੁਨਿਆਰ ਅਨਿਲ ਕੁਮਾਰ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਉਹ ਆਪਣੀ ਦੁਕਾਨ ਵਿਚ ਸੋਨੇ 'ਤੇ ਪਾਲਸ਼ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਚਾਰ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢਕੇ ਹੋਏ ਸਨ ਦੁਕਾਨ ਵਿਚ ਦਾਖਲ ਹੋਏ ਜਿਨ੍ਹਾਂ ਵਿਚੋਂ ਇਕ ਨੇ ਪਿਸਤੌਲ ਤੇ ਹੋਰਨਾ ਨੇ ਛੁਰੇ ਕੱਢ ਕੇ ਉਸ ਨੂੰ ਡਰਾਇਆ ਤੇ ਦੁਕਾਨ ਦੀ ਤਲਾਸ਼ੀ ਲੈਣ ਲੱਗੇ। ਇਸ ਦੌਰਾਨ ਉਹ ਘਬਰਾ ਕੇ ਫੁਰਤੀ ਨਾਲ ਦੁਕਾਨ ਤੋਂ ਬਾਹਰ ਨਿਕਲ ਆਇਆ ਤੇ ਰੌਲਾ ਪਾ ਦਿੱਤਾ। ਜਿਸ ਨਾਲ ਨਜ਼ਦੀਕੀ ਲੋਕ ਇਕੱਠੇ ਹੋ ਗਏ ਤੇ ਨੋਜਵਾਨ ਦੌੜ ਗਏ। ਉਸ ਨੇ ਲੋਕਾਂ ਦੇ ਨਾਲ ਉਨ੍ਹਾਂ ਦਾ ਪਿੱਛਾ ਕਰਕੇ ਇਕ ਨੌਜਵਾਨ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਜਦੋਂ ਕਿ ਤਿੰਨ ਨੌਜਵਾਨ ਫਰਾਰ ਹੋਣ ਵਿਚ ਸਫਲ ਰਹੇ। 

ਸਿਟੀ ਥਾਣਾ ਮੁਖੀ ਸਬ-ਇੰਸਪੈਕਟਰ ਕਰਨਬੀਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਨੌਜਵਾਨ ਦੀ ਪਹਿਚਾਣ ਜਗਜੀਵਨ ਨਿਵਾਸੀ ਪਿੰਡ ਤਲਵੰਡੀ ਥਾਣਾ ਸਦਰ ਵਜੋਂ ਹੋਈ ਅਤੇ ਉਸ ਕੋਲੋਂ ਖਿਡੌਣਾ ਪਿਸਤੌਲ ਬਰਾਮਦ ਹੋਇਆ ਹੈ ਜਦੋਂ ਕਿ ਹੋਰ ਨੌਜਵਾਨਾਂ ਦੀ ਪਹਿਚਾਣ ਵੀ ਕਰ ਲਈ ਗਈ ਹੈ ਜਿਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh