ਦੂਸਰੇ ਦਿਨ ਵੀ ਮਾ. ਜੌਹਰ ਸਿੰਘ ਨੂੰ ਨਹੀਂ ਭੁਗਤਣ ਦਿੱਤੀ ਸਜ਼ਾ, ਸ੍ਰੀ ਦਰਬਾਰ ਸਾਹਿਬ ਦੇ ਬਾਹਰ ਹੀ ਫੇਰਿਆ ਝਾੜੂ

10/16/2017 8:08:17 AM

ਅੰਮ੍ਰਿਤਸਰ  (ਪ੍ਰਵੀਨ ਪੁਰੀ) - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਤਨਖਾਹੀਆ ਕਰਾਰ ਦਿੱਤੇ ਗਏ ਗੁਰਦੁਆਰਾ ਛੋਟਾ ਘੱਲੂਘਾਰਾ ਛੰਭ ਕਾਹਨੂੰਵਾਲ ਦੇ ਪ੍ਰਧਾਨ ਮਾ. ਜੌਹਰ ਸਿੰਘ ਜੋ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦੀ ਬਜਾਏ ਸਰਬੱਤ ਖਾਲਸਾ ਧਿਰ ਦੇ ਜਥੇਦਾਰਾਂ ਅੱਗੇ ਪੇਸ਼ ਹੋ ਕੇ ਸਜ਼ਾ ਲਾ ਚੁੱਕੇ ਹਨ, ਨੂੰ ਅੱਜ ਦੂਸਰੇ ਦਿਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਾਰਮਿਕ ਸਜ਼ਾ ਭੁਗਤਣ ਨਹੀਂ ਦਿੱਤੀ ਗਈ। ਸਰਬੱਤ ਖਾਲਸਾ ਦੇ ਜਥੇਦਾਰਾਂ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 7 ਦਿਨ ਕੀਰਤਨ ਸੁਣਨ, ਭਾਂਡੇ ਮਾਂਜਣ ਤੇ ਜੋੜੇ ਸਾਫ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਸੀ।  ਕੱਲ ਜਦੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਤਾਂ ਉਨ੍ਹਾਂ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੈਰ ਨਹੀਂ ਸਨ ਲੱਗਣ ਦਿੱਤੇ ਗਏ, ਜਿਸ ਕਰ ਕੇ ਕੱਲ ਦੀ ਸੇਵਾ ਉਨ੍ਹਾਂ ਦੀ ਖੰਡਿਤ ਹੋ ਗਈ। ਅੱਜ ਉਨ੍ਹਾਂ ਵੱਲੋਂ ਮੁੜ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਕੋਲੋਂ ਇਜਾਜ਼ਤ ਲੈ ਕੇ ਸੇਵਾ ਸ਼ੁਰੂ ਕੀਤੀ ਗਈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਉਨ੍ਹਾਂ ਅੱਗੇ ਆ ਖੜ੍ਹੀ ਹੋਈ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਹੁਕਮਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਉਹ ਬਤੌਰ ਤਨਖਾਹੀਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਪਣੀ ਧਾਰਮਿਕ ਸਜ਼ਾ ਨਹੀਂ ਲਾਉਂਦੇ ਓਨਾ ਚਿਰ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਸੇਵਾ ਨਹੀਂ ਕਰ ਸਕਦੇ, ਜਿਸ ਉਪਰੰਤ ਉਨ੍ਹਾਂ ਨੇ ਕਰੀਬ ਡੇਢ ਵਜੇ ਪਲਾਜ਼ਾ ਦੀ ਪਰਿਕਰਮਾ 'ਚ ਹੀ ਧਾਰਮਿਕ ਸਜ਼ਾ ਭੁਗਤਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਰੀਬ 1 ਘੰਟਾ ਕੀਰਤਨ ਸੁਣਿਆ ਅਤੇ ਘਰੋਂ ਲਿਆਂਦੇ ਝਾੜੂ ਨਾਲ ਸੇਵਾ ਕੀਤੀ। ਕਮੇਟੀ ਦੇ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਜੋੜਾ ਘਰ ਵਿਚ ਵੀ ਸੇਵਾ ਨਹੀਂ ਕਰਨ ਦਿੱਤੀ। ਮਾ. ਜੌਹਰ ਸਿੰਘ ਨੇ ਇਸ ਸਮੇਂ ਕਿਹਾ ਕਿ ਉਹ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਦੇ ਹੁਕਮਾਂ ਦੀ ਇੰਨ-ਬਿਨ ਪਾਲਣਾ ਕਰਨਗੇ।