ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ, ਕਿਹਾ-SGPC ਲਾਂਚ ਕਰੇ ਆਪਣਾ ਚੈਨਲ

04/08/2022 5:21:18 PM

ਅੰਮ੍ਰਿਤਸਰ (ਗੁਰਿੰਦਰ ਸਾਗਰ, ਅਨਜਾਣ) : ਸੱਚਖੰਡ ਸ੍ਰੀ ਦਰਬਾਰ ਸਾਹਿਬ ਰੂਹਾਨੀਅਤ ਦਾ ਕੇਂਦਰ ਹੈ, ਜਿਥੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਲਗਾਤਾਰ ਹੀ ਸ਼੍ਰੋਮਣੀ ਕਮੇਟੀ ਅੱਗੇ ਪ੍ਰਸਤਾਵ ਰੱਖਿਆ ਗਿਆ ਹੈ ਕਿ ਹੋਰ ਨਿੱਜੀ ਚੈਨਲਾਂ ਨੂੰ ਵੀ ਇਸ ਦਾ ਅਧਿਕਾਰ ਦਿੱਤਾ ਜਾਵੇ। ਸ੍ਰੀ ਦਰਬਾਰ ਸਾਹਿਬ ’ਚੋਂ ਗੁਰਬਾਣੀ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਤੀ ਤੌਰ ’ਤੇ ਕਿਹਾ ਗਿਆ ਹੈ ਕਿ ਉਹ ਆਪਣਾ ਚੈਨਲ ਲਾਂਚ ਕਰੇ। ਉਨ੍ਹਾਂ ਕਿਹਾ ਕਿ ਜਦੋਂ ਤਕ ਚੈਨਲ ਲਾਂਚ ਨਹੀਂ ਹੋ ਜਾਂਦਾ ਇਹ ਆਪਣੇ ਆਈ. ਟੀ. ਵਿੰਗ ਜ਼ਰੀਏ ਯੂਟਿਊਬ ਚੈਨਲ ਤੋਂ ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਕਰ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਨੂੰ ਲੈ ਕੇ ਇੰਨੇ ਹੀ ਚਿੰਤਤ ਹਨ ਤਾਂ ਉਨ੍ਹਾਂ ਨੂੰ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਕੋਲੋਂ ਚੈਨਲ ਦੇ ਰਾਈਟਸ ਲਿਆ ਕੇ ਦਿੱਤੇ ਜਾਣ ਤਾਂ ਜੋ ਉਹ ਆਪਣਾ ਚੈਨਲ ਚਲਾ ਸਕਣ।

ਇਹ ਵੀ ਪੜ੍ਹੋ : CM ਮਾਨ ਦੀ ਅਪੀਲ ’ਤੇ SGPC ਪ੍ਰਧਾਨ ਦੀ ਪ੍ਰਤੀਕਿਰਿਆ, ਕਿਹਾ-ਧਰਮ ਜ਼ਰੀਏ ਨਾ ਕੀਤੀ ਜਾਵੇ ਸਿਆਸਤ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਕੋਲ ਬਹੁਤ ਪੈਸੇ ਦੀ ਕਮੀ ਨਹੀਂ ਹੈ ਅਤੇ ਵਿਦੇਸ਼ਾਂ ’ਚੋਂ ਵੀ ਸੰਗਤਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਪਣਾ ਚੈਨਲ ਚਲਾਉਣ ਵਾਸਤੇ ਰਾਈਟਸ ਮਿਲਦੇ ਹਨ ਤਾਂ ਉਹ ਜ਼ਰੂਰ ਇਸ ਚੈਨਲ ਨੂੰ ਚਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਚੈਨਲ ਲਈ ਲੋੜੀਂਦੀਆਂ ਕਾਨੂੰਨੀ ਪ੍ਰੀਕਿਰਿਆਵਾਂ ਪੂਰੀਆਂ ਕਰਕੇ ਇਕ ਮਹੀਨੇ ਦੇ ਅੰਦਰ-ਅੰਦਰ ਚੈਨਲ ਨੂੰ ਸ਼ੁਰੂ ਕਰਵਾਏ ਤਾਂ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ 24 ਘੰਟੇ ਗੁਰਬਾਣੀ ਕੀਰਤਨ ਦੇ ਪ੍ਰਸਾਰਣ ਦਾ ਸਿੱਖ ਜਗਤ ਦਾ ਸੁਫ਼ਨਾ ਜਲਦ ਤੋਂ ਜਲਦ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੀਰਤਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਉਥੇ ਦੇਸ਼-ਵਿਦੇਸ਼ ਦੀਆਂ ਪੰਥਕ ਤੇ ਧਾਰਮਿਕ ਸਰਗਰਮੀਆਂ ਦੇ ਨਾਲ-ਨਾਲ ਪਿਛਲੇ ਸਮਿਆਂ ਦੌਰਾਨ ਸਿੱਖ ਕੌਮ ਨਾਲ ਵਾਪਰੇ ਸਾਕਿਆਂ ਦੇ ਬਿਰਤਾਂਤ ਨੂੰ ਵੀ ਦਿਖਾਇਆ ਜਾਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਬਾਅਦ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਪੁਲਸ ਕਮਿਸ਼ਨਰਾਂ ਤੇ SSPs ਦੇ ਹੋਏ ਤਬਾਦਲੇ 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਸੀ ਕਿ ਜੇ ਉਹ ਚਾਹੁੰਦੇ ਹਨ ਤਾਂ ਉਹ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਲਈ ਚੈਨਲ ਵਾਸਤੇ ਸੇਵਾ ਕਰਨ ਲਈ ਤਿਆਰ ਹਨ ਤੇ ਇਸ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਇਸ ਅਪੀਲ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਨੇ ਪ੍ਰਤੀਿਕਰਿਆ ਦਿੰਦਿਆਂ ਇਤਰਾਜ਼ ਪ੍ਰਗਟਾਇਆ ਸੀ। ਪ੍ਰਧਾਨ ਧਾਮੀ ਨੇ ਕਿਹਾ ਸੀ ਕਿ ਧਰਮ ਜ਼ਰੀਏ ਸਿਆਸਤ ਨਾ ਕੀਤੀ ਜਾਵੇ। 

Manoj

This news is Content Editor Manoj