ਖ਼ਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਦਾ ਪੰਥ ਨੂੰ ਸੰਦੇਸ਼, ਹਰ ਸਿੱਖ ਆਪਣੇ ਘਰ 'ਚ ਰੱਖੇ ਕਿਰਪਾਨ

04/14/2023 12:29:53 PM

ਤਲਵੰਡੀ ਸਾਬੋ : ਖ਼ਾਲਸਾ ਸਾਜਨਾ ਦਿਵਸ ਮੌਕੇ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਗਤਾਂ ਦਾ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਦੱਸ ਦੇਈਏ ਕਿ ਇਸ ਵਾਰ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਪੰਜਾਬ ਪੁਲਸ ਵੀ ਕਾਫ਼ੀ ਮੁਸਤੈਦ ਹੈ ਤੇ ਦਮਦਮਾ ਸਾਹਿਬ ਵਿਖੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਮਨ-ਸ਼ਾਂਤੀ ਨੂੰ ਭੰਗ ਨਾ ਕਰ ਸਕੇ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ ਕਿ ਉਹ ਹੁੰਮ-ਹੁੰਮਾ ਕੇ ਗੁਰੂਘਰ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਸੰਗਤ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿਦ ਸਿੰਘ ਜੀ ਦੇ ਪਾਵਨ ਸ਼ਸ਼ਤਰਾਂ ਦੇ ਦਰਸ਼ਨ ਕਰਵਾਏ ਗਏ। ਸੰਬੋਧਨ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਕਿਹਾ ਕਿ ਅੱਜ ਸ੍ਰੀ ਸਾਹਿਬ ਸਾਡੀ ਪਰੰਪਰਾ ਦਾ ਹਿੱਸਾ ਹੈ ਪਰ ਜਿਨ੍ਹਾਂ ਨੂੰ ਇਸਦੀ ਅਹਿਮੀਅਤ ਨਹੀਂ ਪਤਾ ਉਹ ਸ੍ਰੀ ਸਾਹਿਬ 'ਤੇ ਵੀ ਪਾਬੰਦੀਆਂ ਲਗਾਉਣ ਦੀ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ- ਗੋਲ਼ੀਬਾਰੀ ਮਾਮਲਾ: ਉੱਚ-ਅਧਿਕਾਰੀਆਂ ਦੀ ਟੀਮ ਬਠਿੰਡਾ ਮਿਲਟਰੀ ਸਟੇਸ਼ਨ ਪੁੱਜੀ, ਗ਼ਾਇਬ ਹੋਈ ਰਾਈਫ਼ਲ ਬਰਾਮਦ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ ਕਿ ਹਰ ਸਿੱਖ ਨੂੰ ਆਪਣੇ ਘਰ 'ਚ ਕਿਰਪਾਨ ਜ਼ਰੂਰ ਰੱਖਣੀ ਚਾਹੀਦੀ ਹੈ ਅਤੇ ਅਸੀਂ ਗੁਰੂ ਸਾਹਿਬ ਦੇ ਇਸ ਸੰਦੇਸ਼ ਨੂੰ ਅਸੀਂ ਪਿੱਛੇ ਨਹੀਂ ਛੱਡ ਸਕਦੇ। ਗੁਰੂ ਸਾਹਿਬ ਨੇ ਜੇਕਰ ਸਾਨੂੰ ਕਕਾਰ ਵਜੋਂ ਤੇ ਜਬਰ-ਜ਼ੁਲਮ ਦਾ ਟਾਕਰਾ ਕਰਨ ਲਈ ਕਿਰਪਾਨ ਸੌਂਪੀ ਹੈ ਤਾਂ ਸਾਨੂੰ ਇਸ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਸ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਰਾਜ ਸ਼ਸ਼ਤਰਾਂ ਦੇ ਅਧੀਨ ਹੈ। ਅੱਜ ਜਿਸ ਮੁਲਕ ਕੋਲ ਸਭ ਤੋਂ ਵੱਧ ਸੈਨਿਕ ਸ਼ਕਤੀ ਹੈ ਤੇ ਵੱਡੀ ਗਿਣਤੀ 'ਚ ਖ਼ਤਰਨਾਕ ਹਥਿਆਰ ਹਨ, ਉਸੇ ਮੁਲਕ ਦਾ ਦੁਨੀਆ 'ਚ ਆਪਣਾ ਦਬਦਬਾ ਹੈ। ਇਸ ਲਈ ਗੁਰੂ ਸਾਹਿਬ ਨੇ ਤਾਂ ਇਸ ਸ਼ਸ਼ਤਰ ਨੂੰ 300 ਸਾਲ ਤੋਂ ਵੱਧ ਸਮੇਂ ਪਹਿਲਾਂ ਸਾਨੂੰ ਬਖ਼ਸ਼ਿਆ ਸੀ ਤੇ ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਤਲਵੰਡੀ ਸਾਬੋ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ DGP, ਬੋਲੇ-ਪਰਿੰਦੇ ਨੂੰ ਵੀ ਪਰ ਨਹੀਂ ਮਾਰਨ ਦਿਆਂਗੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto