2004 ''ਚ ਆਰ. ਐੱਸ. ਐੱਸ. ਖਿਲਾਫ ਜਾਰੀ ਹੋਏ ਹੁਕਮਨਾਮੇ ਸਬੰਧੀ ਜਥੇਦਾਰ ਅਕਾਲ ਤਖਤ ਸਪੱਸ਼ਟ ਕਰਨ : ਸਰਨਾ

10/19/2017 6:53:49 AM

ਜਲੰਧਰ (ਚਾਵਲਾ)  - ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਤੇ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਨੇ ਰਾਸ਼ਟਰੀ ਸਿੱਖ ਸੰਗਤ ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਵੱਲੋਂ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ 2004 'ਚ ਕੱਢੀਆਂ ਜਾਣ ਵਾਲੀਆਂ ਧਾਰਮਿਕ ਯਾਤਰਾਵਾਂ ਸਬੰਧੀ ਦਿੱਤੇ ਗਏ ਬਿਆਨ 'ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੀ ਸ਼ਾਸਤਰੀ ਵੱਲੋਂ ਦਿੱਤੇ ਬਿਆਨ ਨੂੰ ਤੱਥਾਂ ਦੇ ਆਧਾਰ 'ਤੇ ਸਪੱਸ਼ਟ ਕਰਨ ਕਿ ਉਨ੍ਹਾਂ ਯਾਤਰਾਵਾਂ 'ਤੇ ਰੋਕ ਲਗਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਕੀ ਰੋਲ ਸੀ?
     ਉਨ੍ਹਾਂ ਕਿਹਾ ਕਿ ਅਵਤਾਰ ਸਿੰਘ ਸ਼ਾਸਤਰੀ ਨੇ ਦਾਅਵਾ ਕੀਤਾ ਹੈ ਕਿ 23 ਜੁਲਾਈ 2004 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਛੇਕੇ ਜਾਣ ਦੀ ਕੋਈ ਗੱਲ ਨਹੀਂ ਕੀਤੀ ਗਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਸਮੇ ਆਰ. ਐੱਸ. ਐੱਸ. ਵੱਲੋਂ ਸਾਰੇ ਦੇਸ਼ 'ਚ ਧਾਰਮਿਕ ਯਾਤਰਾਵਾਂ ਕੱਢਣ ਦਾ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਉਹ ਕੁਝ ਕਾਰਨਾਂ ਕਰ ਕੇ ਸੰਘ ਨੇ ਖੁਦ ਹੀ ਰੱਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਿਆਨ ਸਹੀ ਹੈ ਜਾਂ ਗਲਤ ਉਹ ਇਸ 'ਚ ਨਹੀਂ ਪੈਣਾ ਚਾਹੁੰਦੇ ਕਿਉਂਕਿ ਲੋਕਤੰਤਰ 'ਚ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਸੰਵਿਧਾਨ ਨੇ ਦਿੱਤਾ ਹੋਇਆ ਹੈ ਪਰ ਉਹ ਤਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਸਿਰਫ ਅਪੀਲ ਕਰਦੇ ਹਨ ਕਿ 23 ਜੁਲਾਈ 2004 ਜਿਹੜਾ ਪੰਜ ਸਿੰਘ ਸਾਹਿਬਾਨ ਨੇ ਹੁਕਮਨਾਮਾ ਜਾਰੀ ਕੀਤਾ ਸੀ ਉਸ ਦੀ ਕੀ ਲੋੜ ਪੈ ਗਈ ਸੀ? ਇਸ ਹੁਕਮਨਾਮੇ 'ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵੀ ਦਸਤਖਤ ਹਨ ਜਿਹੜੇ ਉਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਦੀਆਂ ਸੇਵਾਵਾਂ ਨਿਭਾਅ ਰਹੇ ਸਨ।