ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ : ਸ਼ਰਧਾਲੂਆਂ ਦੀ ਆਸਥਾ ਅੱਗੇ ਫਿੱਕਾ ਪਿਆ ਕੋਰੋਨਾ (ਤਸਵੀਰਾਂ)

08/12/2020 2:15:20 PM

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸ਼ਰਧਾਲੂ ਵੱਡੀ ਗਿਣਤੀ ਵਿਚ ਮੰਦਰਾਂ ਵਿਚ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਲਈ ਆ ਰਹੇ ਹਨ। ਕੋਰੋਨਾ ਕਰਕੇ ਸ਼ਰਧਾਲੂ ਇਸ ਮੌਕੇ ਸਮਾਜਿਕ ਦੂਰੀ ਦਾ ਵੀ ਵਿਸ਼ੇਸ਼ ਧਿਆਨ ਰੱਖ ਰਹੇ ਹਨ। ਅੱਜ ਅਸੀਂ ਤੁਹਾਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਮੰਦਰਾਂ ਵਿਚ ਮਨਾਏ ਗਏ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਦੇ ਬਾਰੇ ਜਾਣੂ ਕਰਵਾ ਰਹੇ ਹਾ...

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਸ਼ਹਿਰ ਦੇ ਮੇਨ ਬਜ਼ਾਰ ਵਿਖੇ ਸਥਿਤ ਗਊਸ਼ਾਲਾਂ ਮੰਦਰ, ਮੁੱਖ ਸੜਕ ਉਪਰ ਸਥਿਤ ਰਾਧਾ ਕ੍ਰਿਸ਼ਨ ਮੰਦਰ, ਦਸਮੇਸ਼ ਨਗਰ ਵਿਖੇ ਸਥਿਤ ਸ੍ਰੀ ਦੁਰਗਾ ਮਾਤਾ ਮੰਦਰ ਸਮੇਤ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ’ਚ ਹੋਰ ਵੱਖ-ਵੱਖ ਮੰਦਰਾਂ ’ਚ ਇਲਾਕਾ ਨਿਵਾਸੀਆਂ ਨੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾਂ ਕੀਤਾ। 


ਸਥਾਨਕ ਸ੍ਰੀ ਦੁਰਗਾ ਮਾਤਾ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਮਾਰੀ ਦੇ ਸੰਕਟ ਨੂੰ ਧਿਆਨ ’ਚ ਰਖਦੇ ਹੋਏ ਮੰਦਰ ’ਚ ਸੈਨੇਟਾਇਜ਼ਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੱਥਾਂ ਟੇਕਣ ਆ ਰਹੇ ਸ਼ਰਧਾਂਲੂਆਂ ’ਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਮਾਸਕ ਪਾਉਣ ਤੋਂ ਬਾਅਦ ਹੱਥ ਸੈਨੇਟਾਇਜ਼ਰ ਨਾਲ ਸਾਫ ਕਰਵਾਕੇ ਹੀ ਮੱਥਾਂ ਟਿਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੰਦਿਰ ਕਮੇਟੀ ਵੱਲੋਂ ਮੰਦਰ ’ਚ ਭੀੜ ਨਾ ਹੋਣ ਦੇਣ ਲਈ ਕਿਸੇ ਵੀ ਵੱਡੇ ਸਮਾਗਮ ਦਾ ਆਯੋਜਨ ਨਹੀਂ ਕੀਤਾ ਗਿਆ। 

ਫਿਰੋਜ਼ਪੁਰ (ਕੁਮਾਰ, ਸਨੀ) - ਫਿਰੋਜ਼ਪੁਰ ਦੇ ਸ਼੍ਰੀ ਕ੍ਰਿਸ਼ਨ ਮੰਦਰ ਹਨੂਮਾਨ ਧਾਮ ਵਿਖੇ ਜਨਮ ਅਸ਼ਟਮੀ ਨੂੰ ਲੈ ਕੇ ਸੁੰਦਰ ਸਜਾਵਟ ਕੀਤੀ ਗਈ ਹੈ। ਕੋਰੋਨਾ ਕਰਕੇ ਜਨਮ ਅਸ਼ਟਮੀ ਦੇ ਵਿਸ਼ੇਸ਼ ਮੌਕੇ ’ਤੇ ਮੰਦਰ ਵਿਚ 10 ਲੋਕਾਂ ਦੇ ਮੱਥਾਂ ਟੇਕਣ ਤੋਂ ਬਾਅਦ ਅਗਲੇ 10 ਲੋਕਾਂ ਨੂੰ ਅੰਦਰ ਆਉਣ ਲਈ ਕਿਹਾ ਜਾ ਰਿਹਾ ਹੈ। ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਮਾਸਕ ਪਾ ਕੇ ਆਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਦੇ ਹੱਥ ਸੈਨੇਟਾਇਜ਼ਰ ਨਾਲ ਸਾਫ ਕਰਵਾਕੇ ਹੀ ਸਮਾਜਿਕ ਦੂਰੀ ਦੀ ਪਾਲਣਾ ਦਾ ਧਿਆਨ ਰੱਖ ਕੇ ਮੱਥਾਂ ਟਿਕਾਇਆ ਜਾ ਰਿਹਾ ਹੈ। ਕੋਰੋਨਾ ਦੇ ਕਾਰਨ ਮੰਦਰ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਵਾਰ ਪ੍ਰੰਸ਼ਾਦ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਅ੍ਰਮਿਤ ਵੇਲਾ ਪ੍ਰਭਾਤ ਸੋਸਾਇਟੀ ਫਿਰੋਜ਼ਪੁਰ ਦੇ ਮੈਂਬਰਾਂ ਵਲੋਂ ਅੱਜ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਗਈ। ਉਨ੍ਹਾਂ ਨੇ ਸੁੰਦਰ ਪਾਲਕੀ ਵਿਚ ਬਾਲ ਗੋਪਾਲ ਜੀ ਦਾ ਝੂਲਾ ਬਣਾ ਕੇ ਝੂਟੇ ਦਿੱਤੇ ਅਤੇ ਸ਼ੋਭਾਯਾਤਰਾ ਕੱਢੀ।

ਬਰਨਾਲਾ (ਮੱਘਰ ਪੁਰੀ) - ਪੂਰੇ ਦੇਸ਼ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਕੋਵਿਡ -19 ਦੇ ਕਾਰਨ ਇਸ ਵਾਰ ਇਹ ਤਿਉਹਾਰ ਥੋੜਾ ਫਿੱਕਾ ਪੈ ਗਿਆ ਹੈ। ਕੋਰੋਨਾ ਦੇ ਕਾਰਨ ਵੀ ਲੋਕ ਸ਼੍ਰੀ ਕ੍ਰਿਸ਼ਨ ਲੱਡੂ ਗੋਪਾਲ ਜੀ ਨੂੰ ਆਪਣੇ ਘਰ ਵਿੱਚ ਸਥਾਪਿਤ ਕਰਨ ਲਈ ਬਾਜ਼ਾਰ ’ਚ ਜਾ ਕੇ ਦੁਕਾਨ ਤੋਂ ਖਰੀਦਦਾਰੀ ਕਰ ਰਹੇ ਹਨ। ਸ਼ਰਧਾਲੂਆਂ ਵਲੋਂ ਬਾਲ ਗੋਪਾਲ ਜੀ ਦਾ ਮੰਦਰ ਬਣਾ ਕੇ, ਉਸ ’ਚ ਕ੍ਰਿਸ਼ਨ ਜੀ ਨੂੰ ਨਵੇਂ ਕੱਪੜੇ ਪਹਿਨਾ ਨੇ ਸਜਾਇਆ ਜਾ ਰਿਹਾ ਹੈ। 

ਗੁਰਦਾਸਪੁਰ (ਵਿਨੋਦ) -ਅੱਤਵਾਦ ਦੇ ਦੌਰ ਦੇ ਬਾਅਦ ਅੱਜ ਇਕ ਵਾਰ ਫਿਰ ਗੁਰਦਾਸਪੁਰ 'ਚ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬਿਨਾ ਕਿਸੇ ਧੂਮਧਾਮ ਅਤੇ ਮੰਦਿਰਾਂ ਦੀ ਸਜਾਵਟ ਦੇ ਬਿਨਾ ਮਨਾਇਆ ਗਿਆ। ਇਸ ਤਿਉਹਾਰ ਦੇ ਫੀਕਾ ਰਹਿਣ ਅਤੇ ਮੰਦਿਰਾਂ ਦੇ ਬਾਹਰ ਬਾਜ਼ਾਰ ਨਾ ਲੱਗਣ ਦੇ ਕਾਰਨ ਕਈ ਗਰੀਬ ਪਰਿਵਾਰ ਜੋ ਸਾਰਾ ਸਾਲ ਇਸ ਤਿਉਹਾਰ ਦਾ ਇੰਤਜ਼ਾਰ ਕਰਦੇ ਹਨ ਉਹ ਨਿਰਾਸ਼ ਹੋਏ। ਅੱਜ ਸਥਾਨਕ ਸਭ ਤੋਂ ਜ਼ਿਆਦਾ ਭੀੜ ਵਾਲੇ ਚੌਂਕ ਦੇ ਹਨੂੰਮਾਨ ਮੰਦਰ, ਪ੍ਰਾਚੀਨ ਕ੍ਰਿਸ਼ਨਾ ਮੰਦਿਰ, ਗੀਤਾ ਭਵਨ ਮੰਦਰ, ਮਾਈ ਦਾ ਮੰਦਿਰ, ਰਘੁਨਾਥ ਮੰਦਰ, ਗੋਪਾਲ ਮੰਦਿਰ, ਸਤੂਤੀ ਮੰਦਰ ਆਦਿ 'ਚ ਕਿਤੇ ਵੀ ਜਨਮ ਅਸ਼ਟਮੀ ਦੀ ਸਜਾਵਟ ਅਤੇ ਧੂਮਧਾਮ ਵੇਖਣ ਨੂੰ ਨਹੀਂ ਮਿਲੀ। ਮੰਦਰਾਂ 'ਚ ਬਾਹਰ ਅਤੇ ਅੰਦਰ ਸਜਾਵਟ ਨਾ ਕੀਤੇ ਜਾਣ ਨਾਲ ਕਿਤੇ ਵੀ ਨਹੀਂ ਲੱਗਦਾ ਸੀ ਕਿ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਹੈ। ਸਥਾਨਕ ਗੀਤਾ ਭਵਨ ਮੰਦਰ ਵਿਚ ਕੁਝ ਸਜਾਵਟ ਦਿਖਾਈ ਦਿੱਤੀ ਪਰ ਲੋਕ ਨਹੀਂ ਆਏ ਸੀ।

rajwinder kaur

This news is Content Editor rajwinder kaur