ਸੇਵਾ, ਸਾਂਝੀਵਾਲਤਾ ਦੀ ਨਿਰੰਤਰ ਬਲਦੀ ਮਸ਼ਾਲ ''ਬਾਬਾ ਚਮਲਿਆਲ''

05/26/2019 4:55:34 PM

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਬਾਬਾ ਚਮਲਿਆਲ ਦੀ ਦਰਗਾਹ ਇਕ ਅਜਿਹਾ ਧਾਰਮਕ ਅਸਥਾਨ ਹੈ, ਜਿਸ ਪ੍ਰਤੀ ਸਰਹੱਦ ਦੇ ਆਰ-ਪਾਰ ਵੱਸਦੇ ਲੋਕਾਂ ਦੇ ਦਿਲਾਂ 'ਚ ਅਥਾਹ ਸ਼ਰਧਾ ਹੈ। ਸਾਂਬਾ ਜ਼ਿਲੇ ਦੇ ਰਾਮਗੜ੍ਹ ਖੇਤਰ 'ਚ ਇਹ ਦਰਗਾਹ ਸਰਹੱਦ ਦੇ ਕੰਢੇ 'ਤੇ ਸਥਿਤ ਹੈ, ਜਿਹੜੀ ਸਥਾਨਕ ਲੋਕਾਂ ਦੇ ਦੱਸਣ ਮੁਤਾਬਕ 350 ਸਾਲ ਪੁਰਾਣੀ ਹੈ। ਇਹ ਦਰਗਾਹ ਬਾਬਾ ਦਲੀਪ ਸਿੰਘ ਮਿਨਹਾਸ ਦੀ ਯਾਦ 'ਚ ਬਣਾਈ ਗਈ ਹੈ, ਜਿਹੜੇ ਚਮਲਿਆਲ ਖੇਤਰ 'ਚ ਸਾਰੀ ਉਮਰ ਸੇਵਾ, ਸਦਭਾਵਨਾ ਅਤੇ ਸਾਂਝੀਵਾਲਤਾ 'ਤੇ ਪਹਿਰਾ ਦਿੰਦੇ ਰਹੇ।
ਬਾਬਾ ਜੀ ਦੀ ਲੋਕਾਂ 'ਚ ਮਕਬੂਲੀਅਤ ਨਾਲ ਈਰਖਾ ਕਰਨ ਵਾਲੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਧੋਖੇ ਨਾਲ ਨੇੜਲੇ ਪਿੰਡ ਸੈਦਾਂਵਾਲੀ (ਹੁਣ ਪਾਕਿਸਤਾਨ ਵਿਚ) ਬੁਲਾਇਆ ਅਤੇ ਕਤਲ ਕਰ ਦਿੱਤਾ। ਬਾਬਾ ਜੀ ਦਾ ਸਿਰ ਉੱਥੇ ਹੀ ਡਿੱਗ ਪਿਆ, ਜਦੋਂ ਕਿ ਉਨ੍ਹਾਂ ਦਾ ਘੋੜਾ ਧੜ ਲੈ ਕੇ ਚਮਲਿਆਲ ਪੁੱਜ ਗਿਆ। ਦੋਹਾਂ ਪਿੰਡਾਂ 'ਚ ਬਾਬਾ ਜੀ ਦੇ ਸ਼ਰਧਾਲੂਆਂ ਨੇ ਦਰਗਾਹਾਂ ਉਸਾਰ ਦਿੱਤੀਆਂ, ਜਿੱਥੇ ਹਰ ਸਾਲ ਜੂਨ ਮਹੀਨੇ ਦੇ ਚੌਥੇ ਵੀਰਵਾਰ ਨੂੰ ਭਾਰੀ ਮੇਲਾ ਲੱਗਦਾ ਹੈ। ਪਾਕਿਸਤਾਨ ਦੇ ਸ਼ਰਧਾਲੂ ਸੁਰੱਖਿਆ ਅਧਿਕਾਰੀਆਂ ਦੇ ਹੱਥ ਚਮਲਿਆਲ ਵਾਲੀ ਦਰਗਾਹ 'ਤੇ ਚੜ੍ਹਾਉਣ ਲਈ 'ਚਾਦਰ' ਭੇਜਦੇ ਹਨ ਅਤੇ ਇਥੋਂ ਸ਼ੱਕਰ (ਦਰਗਾਹ ਦੀ ਮਿੱਟੀ) ਅਤੇ ਸ਼ਰਬਤ (ਦਰਗਾਹ ਵਾਲੇ ਖੂਹ ਦਾ ਪਾਣੀ) ਪ੍ਰਾਪਤ ਕਰਦੇ ਹਨ, ਜਿਸ ਨਾਲ ਚਮੜੀ ਦੇ ਰੋਗ ਠੀਕ ਹੋ ਜਾਂਦੇ ਹਨ। ਦਰਗਾਹ ਵਿਖੇ ਇਕ 'ਜੋਤ' ਹਰ ਵੇਲੇ ਜਗਦੀ ਰਹਿੰਦੀ ਹੈ, ਜਿਹੜੀ ਬਾਬਾ ਜੀ ਦਾ ਸੇਵਾ ਅਤੇ ਸਾਂਝੀਵਾਲਤਾ ਦਾ ਸ਼ੰਦੇਸ਼ ਫੈਲਾਅ ਰਹੀ ਜਾਪਦੀ ਹੈ।
ਇਸ ਦਰਗਾਹ ਵਿਖੇ ਹੀ ਪਿਛਲੇ ਦਿਨੀਂ 511ਵੇਂ ਟਰੱਕ ਦੀ ਰਾਹਤ ਸਮੱਗਰੀ ਆਸ-ਪਾਸ ਦੇ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਨੂੰ ਵੰਡੀ ਗਈ ਸੀ। ਇਹ ਸਮੱਗਰੀ ਚੰਡੀਗੜ੍ਹ ਤੋਂ ਸ਼੍ਰੀ ਜਵਾਹਰ ਲਾਲ ਨੰਦਾ, ਵੇਦ ਨੰਦਾ ਅਤੇ ਉਨ੍ਹਾਂ ਦੇ ਦੋਸਤਾਂ ਵਲੋਂ ਭਿਜਵਾਈ ਗਈ ਸੀ। ਇਸ ਮੌਕੇ 'ਤੇ ਬੀ. ਐੱਸ. ਐੱਫ. ਦੇ ਕਮਾਂਡੈਂਟ ਦੀ ਮੌਜੂਦਗੀ 'ਚ ਇਕੱਤਰ ਹੋਏ ਲੋੜਵੰਦਾਂ ਨੂੰ ਆਟਾ, ਚਾਵਲ ਅਤੇ ਰਸੋਈ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ।
ਇਲਾਕੇ ਦੇ ਸਮਾਜ ਸੇਵੀ ਸ. ਸਰਬਜੀਤ ਸਿੰਘ ਜੌਹਲ ਨੇ ਰਾਹਤ ਵੰਡ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਹਰ ਵੇਲੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦਾ ਦਿਨ ਚਿੰਤਾ 'ਚ ਗੁਜ਼ਰਦਾ ਹੈ ਅਤੇ ਰਾਤ ਫਿਕਰਾਂ 'ਚ ਪਾਸੇ ਪਰਤਦਿਆਂ ਲੰਘ ਜਾਂਦੀ ਹੈ। ਕਿਸੇ ਵੀ ਘੜੀ ਦਾ ਕੋਈ ਭਰੋਸਾ ਨਹੀਂ ਹੁੰਦਾ। ਪਤਾ ਨਹੀਂ ਕਿਸ ਸਮੇਂ ਸਰਹੱਦ ਪਾਰ ਤੋਂ ਫਾਇਰਿੰਗ ਹੋਣ ਲੱਗ ਪਵੇ ਅਤੇ ਉਨ੍ਹਾਂ ਦੀ ਜਾਨ 'ਤੇ ਮੁਸੀਬਤ ਬਣ ਜਾਵੇ ।
ਸ. ਸਰਬਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਲੋਕਾਂ ਦਾ ਜੀਵਨ ਸੁਰੱਖਿਆ ਅਤੇ ਰੋਜ਼ੀ-ਰੋਟੀ ਦੀ ਭਾਲ ਵਿਚ ਹੀ ਬਤੀਤ ਹੋ ਰਿਹਾ ਹੈ। ਪੰਜਾਬ ਕੇਸਰੀ ਪੱਤਰ ਸਮੂਹ ਨੇ 20 ਸਾਲਾਂ ਤੋਂ ਲਗਾਤਾਰ ਰਾਹਤ ਮੁਹਿੰਮ ਚਲਾ ਕੇ ਪੀੜਤ ਪਰਿਵਾਰਾਂ ਦੇ ਸਿਰ 'ਤੇ ਜਿਸ ਤਰ੍ਹਾਂ ਹੱਥ ਰੱਖਿਆ ਹੈ, ਇਹ ਇਕ ਮਹਾਨ ਸੇਵਾ-ਕਾਰਜ ਹੈ। ਉਨ੍ਹਾਂ ਕਿਹਾ ਕਿ ਜਿਸ ਬਾਬਾ ਚਮਲਿਆਲ ਦੇ ਅਸਥਾਨ 'ਤੇ ਸਮੱਗਰੀ ਵੰਡੀ ਜਾ ਰਹੀ ਹੈ, ਉਹ ਵੀ ਸਾਰਾ ਜੀਵਨ ਲੋਕ-ਸੇਵਾ 'ਚ ਜੁਟੇ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇਨਸਾਨੀਅਤ ਦੀ ਸੇਵਾ ਲਈ ਵਧ-ਚੜ੍ਹ ਕੇ ਯਤਨ ਕਰਨੇ ਚਾਹੀਦੇ ਹਨ।


ਮਨੁੱਖਤਾ ਦੇ ਰਾਹਾਂ 'ਚ ਕੰਡੇ ਬੀਜ ਰਿਹੈ ਪਾਕਿਸਤਾਨ: ਵਰਿੰਦਰ ਸ਼ਰਮਾ
ਰਾਹਤ ਮੁਹਿੰਮ ਦੇ ਮੁਖੀ ਯੋਗਾਚਾਰੀਆ ਵਰਿੰਦਰ ਸ਼ਰਮਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਪਾਕਿਸਤਾਨ ਮਨੁੱਖਤਾ ਦੇ ਰਾਹਾਂ 'ਚ ਕੰਡੇ ਬੀਜ ਰਿਹਾ ਹੈ। ਇਹ ਕੰਡੇ ਸਰਹੱਦ ਦੇ ਆਰ-ਪਾਰ ਦੋਹੀਂ ਪਾਸੀਂ ਰਹਿਣ ਵਾਲੇ ਲੋਕਾਂ ਦੇ ਪੈਰਾਂ 'ਚ ਚੁੱਭਦੇ ਹਨ ਅਤੇ ਉਨ੍ਹਾਂ ਨੂੰ ਲਹੂ-ਲੁਹਾਣ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਰੂਪੀ ਜਿਹੜਾ ਨਾਗ ਪਾਲਿਆ ਹੈ, ਉਹ ਜੇਕਰ ਭਾਰਤ ਦੇ ਲੋਕਾਂ ਨੂੰ ਡੰਗਦਾ ਹੈ ਤਾਂ ਪਾਕਿਸਤਾਨ ਦੇ ਲੋਕ ਵੀ ਉਸਦੇ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ।
ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਨੀਤੀਆਂ ਕਾਰਨ ਅੱਜ ਭਾਰਤ 'ਚ ਸਰਹੱਦਾਂ ਕੰਢੇ ਰਹਿਣ ਵਾਲੇ ਲੋਕ ਦੁੱਖਾਂ-ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਇਹ ਲੋਕ ਜਿਥੇ ਪਾਕਿਸਤਾਨ ਦੀਆਂ ਗੋਲੀਆਂ ਝੱਲ ਰਹੇ ਹਨ, ਉਥੇ ਗਰੀਬੀ, ਸਮੱਸਿਆਵਾਂ ਅਤੇ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਵੀ ਲੜ ਰਹੇ ਹਨ।
ਯੋਗਾਚਾਰੀਆ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਅਤੇ ਅੱਤਵਾਦ ਦਾ ਸੇਕ ਸਹਿਣ ਕਰਨ ਵਾਲੇ ਲੋਕਾਂ ਦੀ ਮਦਦ ਕਰਨਾ ਸਰਕਾਰ ਦਾ ਕੰਮ ਹੈ ਪਰ ਉਸ ਵੱਲੋਂ ਇਹ ਜ਼ਿੰਮੇਵਾਰੀ ਠੀਕ ਢੰਗ ਨਾਲ ਨਹੀਂ ਨਿਭਾਈ ਜਾ ਰਹੀ। ਅਜਿਹੀ ਹਾਲਤ 'ਚ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦਾ ਬੀੜਾ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਚੁੱਕਿਆ ਗਿਆ ਅਤੇ ਹੁਣ ਤੱਕ ਕਰੋੜਾਂ ਦੀ ਸਮੱਗਰੀ ਇਨ੍ਹਾਂ ਤੱਕ ਪਹੁੰਚਾਈ ਜਾ ਚੁੱਕੀ ਹੈ।
ਗੋਲੀਬਾਰੀ ਕਾਰਨ ਪ੍ਰਭਾਵਿਤ ਹੋ ਰਹੀ ਹੈ ਖੇਤੀਬਾੜੀ: ਮਿੱਤਰਪਾਲ ਸਿੰਘ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਿੱਤਰਪਾਲ ਸਿੰਘ ਨੇ ਲੋੜਵੰਦ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪਾਕਿਸਤਾਨ ਵੱਲੋਂ ਵਾਰ-ਵਾਰ ਕੀਤੀ ਜਾਂਦੀ ਗੋਲੀਬਾਰੀ ਕਾਰਨ ਖੇਤੀਬਾੜੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੀ ਹੈ। ਕਿਸਾਨ ਆਪਣੀਆਂ ਜ਼ਮੀਨਾਂ 'ਚ ਮਰਜ਼ੀ ਨਾਲ ਫਸਲਾਂ ਨਹੀਂ ਬੀਜ ਸਕਦੇ। ਜਿਹੜੀ ਫਸਲ ਉਹ ਬੀਜਦੇ ਹਨ, ਉਸ ਦਾ ਪਾਲਣ-ਪੋਸ਼ਣ ਠੀਕ ਤਰ੍ਹਾਂ ਨਹੀਂ ਹੁੰਦਾ, ਜਿਸ ਕਾਰਣ ਉਨ੍ਹਾਂ ਨੂੰ ਘਾਟਾ ਸਹਿਣ ਕਰਨਾ ਪੈਂਦਾ ਹੈ। ਸ. ਮਿੱਤਰਪਾਲ ਨੇ ਕਿਹਾ ਕਿ ਕਈ ਵਾਰ ਕਿਸਾਨਾਂ ਨੂੰ ਗੋਲੀਆਂ ਲੱਗ ਜਾਂਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਦੇ ਜਾਨਵਰ ਵੀ ਮਾਰੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਰਹੱਦੀ ਕਿਸਾਨਾਂ ਲਈ ਵਿਸ਼ੇਸ਼ ਰਾਹਤ ਅਤੇ ਸਹਾਇਤਾ ਦਾ ਐਲਾਨ ਕਰਨਾ ਚਾਹੀਦਾ ਹੈ। ਜਲੰਧਰ ਤੋਂ ਲਾਲ ਕੇਸਰੀ ਸੰਸਥਾ ਦੇ ਜਨਰਲ ਸਕੱਤਰ ਸੁਨੀਲ ਕਪੂਰ ਨੇ ਕਿਹਾ ਕਿ ਲੋੜਵੰਦ ਇਨਸਾਨਾਂ ਦੀ ਸੇਵਾ-ਸਹਾਇਤਾ ਕਰਨਾ ਪ੍ਰਭੂ ਦੀ ਭਗਤੀ ਦੇ ਬਰਾਬਰ ਹੈ। ਸਾਨੂੰ ਇਹ ਕਾਰਜ ਵਧ-ਚੜ੍ਹ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਵੱਲੋਂ ਚਲਾਏ ਜਾ ਰਹੇ ਸੇਵਾ ਦੇ ਕੁੰਭ ਤੋਂ ਪ੍ਰੇਰਿਤ ਹੋ ਕੇ ਹੀ ਉਹ ਵੀ ਇਸ ਮੁਹਿੰਮ 'ਚ ਸ਼ਾਮਲ ਹੋਏ ਹਨ।
ਇਸ ਮੌਕੇ 'ਤੇ ਲਾਲ ਕੇਸਰੀ ਦੇ ਮੁੱਖ ਪ੍ਰਬੰਧਕ ਜੁਗਿੰਦਰ ਕ੍ਰਿਸ਼ਨ ਸ਼ਰਮਾ ਨੇ ਵੀ ਸੰਬੋਧਨ ਕੀਤਾ ਅਤੇ ਲੋੜਵੰਦਾਂ ਦੀ ਸੇਵਾ ਲਈ ਯਤਨਸ਼ੀਲ ਰਹਿਣ ਦਾ ਭਰੋਸਾ ਦਿੱਤਾ। ਰਾਹਤ ਵੰਡ ਮੌਕੇ ਸਰਪੰਚ ਸੁਖਜਿੰਦਰ ਸਿੰਘ, ਰੋਮੇਸ਼ ਸ਼ਰਮਾ, ਬਿੱਲੂ ਚੌਧਰੀ, ਬਲਵੰਤ ਚੌਧਰੀ, ਸੋਨੂੰ ਚੌਧਰੀ, ਸੁੱਖਾ ਚੌਧਰੀ, ਮੈਡਮ ਕਮਲੇਸ਼ ਅਤੇ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਨੰਦਪੁਰ, ਜੇਰੜਾ, ਛਾਉਣੀ, ਚੱਕ ਜਵਾਹਰ, ਨਈ ਬਸਤੀ ਆਦਿ ਪਿੰਡਾਂ ਨਾਲ ਸਬੰਧਤ ਸਨ।

shivani attri

This news is Content Editor shivani attri