''ਤੀਜੇ ਨੇਤਰ'' ਬਿਨਾਂ ਨਹੀਂ ਦੇਖੇ ਜਾ ਸਕਦੇ ਭਵਿੱਖ ਦੇ ਸੁਨਹਿਰੀ ਸੁਪਨੇ

01/30/2020 6:35:59 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਵਿੱਦਿਆ ਨੂੰ ਮਨੁੱਖ ਦਾ ਤੀਜਾ ਨੇਤਰ ਕਿਹਾ ਜਾਂਦਾ ਹੈ ਅਤੇ ਜਿੱਥੇ ਇਨਸਾਨ ਦੇ ਦੋ ਸਰੀਰਕ ਨੇਤਰ ਉਸ ਨੂੰ ਸੰਸਾਰ ਦੇਖਣ ਦੇ ਕਾਬਲ ਬਣਾਉਂਦੇ ਹਨ, ਉਥੇ ਇਹ ਨੇਤਰ ਉਸ ਲਈ ਗਿਆਨ ਹਾਸਲ ਕਰਨ ਦਾ ਮਾਧਿਅਮ ਬਣਦਾ ਹੈ। ਗਿਆਨ ਪ੍ਰਾਪਤ ਕਰਕੇ ਹੀ ਮਨੁੱਖ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਸਕਦਾ ਹੈ। ਇਸ ਨੇਤਰ ਤੋਂ ਬਗੈਰ ਭਵਿੱਖ ਦੇ ਸੁਨਹਿਰੀ ਸੁਪਨੇ ਨਾ ਦੇਖੇ ਅਤੇ ਨਾ ਪੂਰੇ ਕੀਤੇ ਜਾ ਸਕਦੇ ਹਨ। ਜੰਮੂ-ਕਸ਼ਮੀਰ ਦੇ ਵੱਖ-ਵੱਖ ਖੇਤਰਾਂ ਅਤੇ ਖਾਸ ਕਰਕੇ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਬਹੁਤ ਸਾਰੇ ਬੱਚੇ ਅੱਜ ਚੰਗੀ ਪੜ੍ਹਾਈ ਹਾਸਲ ਕਰਨ ਤੋਂ ਇਸ ਲਈ ਵਾਂਝੇ ਰਹਿ ਗਏ ਹਨ ਕਿਉਂਕਿ ਉਥੇ ਇਸ ਲਈ ਹਾਲਾਤ ਸਾਜ਼ਗਾਰ ਨਹੀਂ। ਕਦੀ ਗੋਲੀਬਾਰੀ, ਕਦੀ ਅੱਤਵਾਦ, ਕਦੀ ਕਰਫਿਊ ਅਤੇ ਕਦੇ ਮੌਸਮ ਦੀ ਮਾਰ, ਇਨ੍ਹਾਂ ਸਭ ਕਾਰਣਾਂ ਕਰ ਕੇ ਕਦੇ ਵੀ ਸਕੂਲ ਰੈਗੂਲਰ ਨਹੀਂ ਖੁੱਲ੍ਹਦੇ ਅਤੇ ਬਹੁਤੇ ਮਾਪੇ ਤਾਂ ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਪੜ੍ਹਨ ਲਈ ਭੇਜਦੇ ਹੀ ਨਹੀਂ।

ਇਸ ਸਬੰਧ 'ਚ ਜ਼ਮੀਨੀ ਹਕੀਕਤ ਨੂੰ ਜਾਣਨ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ 553ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਸਾਂਬਾ ਸੈਕਟਰ ਦੇ ਪਿੰਡ ਗਲ੍ਹਾੜ ਪੁੱਜੀ ਸੀ। ਇਥੇ ਵੱਖ-ਵੱਖ ਪਿੰਡਾਂ ਤੋਂ ਆਏ 300 ਦੇ ਕਰੀਬ ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ, ਜੋ ਕਿ ਸ਼੍ਰੀ ਰਾਮ ਸ਼ਰਣਮ, ਸ਼੍ਰੀ ਰਾਮ ਪਾਰਕ ਮਹਾਰਾਣੀ ਝਾਂਸੀ ਰੋਡ ਸਿਵਲ ਲਾਈਨ, ਲੁਧਿਆਣਾ ਦੇ ਮੁਖੀ ਸੰਤ ਅਸ਼ਵਨੀ ਬੇਦੀ ਜੀ ਦੇ ਆਸ਼ੀਰਵਾਦ ਸਦਕਾ ਭਿਜਵਾਈਆਂ ਗਈਆਂ ਸਨ। 

ਇਸ ਮੌਕੇ 'ਤੇ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਸਰਹੱਦੀ ਲੋਕਾਂ ਦੀ ਤ੍ਰਾਸਦੀ ਹੈ ਕਿ ਉਨ੍ਹਾਂ ਨੂੰ ਦੂਹਰੀ ਮਾਰ ਪੈ ਰਹੀ ਹੈ। ਪਾਕਿਸਤਾਨ ਵੱਲੋਂ ਕੀਤੀਆਂ ਜਾਂਦੀਆਂ ਘਟੀਆ ਹਰਕਤਾਂ ਅਤੇ ਗੋਲੀਬਾਰੀ ਕਾਰਣ ਉਨ੍ਹਾਂ ਦੇ ਕੰਮ-ਧੰਦੇ ਠੱਪ ਹੋ ਗਏ ਹਨ, ਜਦੋਂਕਿ ਦੂਜੇ ਪਾਸੇ ਸਰਕਾਰੀ ਸਹੂਲਤਾਂ ਦੀ ਘਾਟ ਅਤੇ ਰੋਜ਼ਗਾਰ ਦੇ ਮੌਕੇ ਸੀਮਤ ਹੋਣ ਕਾਰਣ ਉਨ੍ਹਾਂ ਨੂੰ ਘੋਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਣ ਕਠੂਆ ਤੋਂ ਲੈ ਕੇ ਪੁੰਛ ਤਕ, ਸਰਹੱਦੀ ਪੱਟੀ 'ਚ ਰਹਿਣ ਵਾਲੇ ਲੋਕਾਂ ਦਾ ਜੀਊਣਾ ਮੁਹਾਲ ਹੋ ਗਿਆ ਹੈ। 

ਸ਼੍ਰੀ ਸ਼ਰਮਾ ਨੇ ਕਿਹਾ ਕਿ ਅੱਜ ਦੇ ਅਤਿ-ਆਧੁਨਿਕ ਯੁੱਗ ਵਿਚ ਵੀ ਸਾਡੀਆਂ ਸਰਕਾਰਾਂ ਸਾਰੇ ਸਰਹੱਦੀ ਖੇਤਰਾਂ ਲਈ ਆਵਾਜਾਈ ਦੇ ਢੁੱਕਵੇਂ ਸਾਧਨ ਮੁਹੱਈਆ ਨਹੀਂ ਕਰਵਾ ਸਕੀਆਂ। ਸੈਂਕੜੇ ਪਿੰਡ ਹਨ, ਜਿੱਥੇ ਜਾਣ ਲਈ ਕੋਈ ਸੜਕ ਹੀ ਨਹੀਂ ਹੈ, ਰੇਲ-ਪਟੜੀ ਦੀ ਗੱਲ ਤਾਂ ਬਹੁਤ ਦੂਰ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਲੋਕਾਂ ਦਾ ਬਹੁਤਾ ਸਮਾਂ ਆਉਣ-ਜਾਣ 'ਚ ਹੀ ਖਰਚ ਹੋ ਜਾਂਦਾ ਹੈ। ਸਥਾਨਕ ਪੱਧਰ 'ਤੇ ਇਲਾਜ ਸਹੂਲਤਾਂ ਦੀ ਘਾਟ ਕਾਰਨ, ਕਿਸੇ ਹਾਦਸੇ ਜਾਂ ਰੋਗ ਤੋਂ ਪੀੜਤ ਵਿਅਕਤੀ ਨੂੰ ਦੂਰ-ਦੁਰਾਡੇ ਹਸਪਤਾਲ 'ਚ ਪਹੁੰਚਾਉਣ ਦੀ ਕੋਈ ਵਿਵਸਥਾ ਨਾ ਹੋਣ ਕਰ ਕੇ ਕਈ ਵਾਰ ਰੋਗੀ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਇਨ੍ਹਾਂ ਇਲਾਕਿਆਂ ਵੱਲ ਉਚੇਚਾ ਧਿਆਨ ਦੇਣਾ ਚਾਹੀਦਾ ਹੈ। 

ਕਿਸਾਨੀ ਦਾ ਸੰਕਟ ਡੂੰਘਾ ਹੋ ਰਿਹੈ : ਸੁਭਾਸ਼ ਚੰਦਰ
ਸਾਂਬਾ ਦੇ ਭਾਜਪਾ ਆਗੂ ਸ਼੍ਰੀ ਸੁਭਾਸ਼ ਚੰਦਰ ਨੇ ਰਾਹਤ ਲੈਣ ਪੁੱਜੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਕਿਸਾਨੀ ਦਾ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਣ ਕਿਸਾਨ ਅਕਸਰ ਫਸਲਾਂ ਦੀ ਬੀਜਾਈ ਹੀ ਨਹੀਂ ਕਰ ਸਕਦੇ ਅਤੇ ਜੇ ਬੀਜ ਲੈਣ ਤਾਂ ਪੱਕੀ ਫਸਲ ਦੀ ਕਟਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ। ਕਿਸਾਨ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਆਧਾਰ ਫਸਲਾਂ ਹੀ ਹਨ ਅਤੇ ਜੇ ਉਹ ਨੇਪਰੇ ਨਾ ਚੜ੍ਹਨ  ਤਾਂ ਉਨ੍ਹਾਂ ਲਈ ਭੁੱਖੇ ਮਰਨ ਦੀ ਨੌਬਤ ਆ ਜਾਂਦੀ ਹੈ। 

ਭਾਜਪਾ ਆਗੂ ਨੇ ਕਿਹਾ ਕਿ ਸਰਹੱਦੀ ਖੇਤਰਾਂ ਵਿਚ ਰਹਿਣਾ ਹੀ ਬਹੁਤ ਮੁਸ਼ਕਲ ਹੈ ਕਿਉਂਕਿ ਇਥੇ ਹਰ ਵੇਲੇ ਖਤਰਾ ਮੰਡਰਾਉਂਦਾ ਰਹਿੰਦਾ ਹੈ। ਪਾਕਿਸਤਾਨ ਦੀ ਨੀਤੀ ਹੈ–ਨਾ ਖੇਡਣਾ, ਨਾ ਖੇਡਣ ਦੇਣਾ। ਉਸ ਦੇ ਆਪਣੇ ਘਰ ਅਮਨ-ਸ਼ਾਂਤੀ ਹੈ ਨਹੀਂ ਅਤੇ ਉਹ ਭਾਰਤ ਨੂੰ ਵੀ ਬਰਬਾਦ ਕਰਨ 'ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਹਰ ਹਮਲੇ ਦਾ ਸਾਡੀਆਂ ਫੌਜਾਂ ਮੂੰਹ-ਤੋੜ ਜੁਆਬ ਦੇਣਗੀਆਂ।
ਪਿੰਡ ਰਾਇਪੁਰ ਦੀ ਸਰਪੰਚ ਸ਼੍ਰੀਮਤੀ ਰੀਨਾ ਚੌਧਰੀ ਨੇ ਕਿਹਾ ਕਿ ਇਥੋਂ ਦੇ ਹਾਲਾਤ ਕਾਰਣ ਬੱਚੇ ਕਦੇ ਵੀ ਲਗਾਤਾਰ ਪੜ੍ਹਾਈ ਨਹੀਂ ਕਰ ਸਕਦੇ। ਗੋਲੀਬਾਰੀ ਕਾਰਣ ਕਈ-ਕਈ ਦਿਨ ਸਕੂਲ ਬੰਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਦਾ ਦੁੱਖ-ਸੁੱਖ ਵੰਡਾਉਣ ਲਈ ਪੰਜਾਬ ਕੇਸਰੀ ਪਰਿਵਾਰ ਵੱਲੋਂ ਰਾਹਤ ਸਮੱਗਰੀ ਭਿਜਵਾਉਣਾ ਇਕ ਉੱਤਮ ਯਤਨ ਹੈ ਅਤੇ ਇਸ ਕਾਰਜ ਲਈ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। 

ਲੋਕਾਂ ਕੋਲ ਸਿਰ ਢਕਣ ਲਈ ਛੱਤ ਵੀ ਨਹੀਂ : ਸਰਬਜੀਤ ਜੌਹਲ
ਰਾਮਗੜ੍ਹ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਨੇ ਸਰਹੱਦੀ ਖੇਤਰਾਂ ਦੀ ਤ੍ਰਾਸਦੀ ਬਾਰੇ ਬਿਆਨ ਕਰਦਿਆਂ ਕਿਹਾ ਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਕੋਲ ਸਿਰ ਢਕਣ ਲਈ ਆਪਣੀ ਛੱਤ ਵੀ ਨਹੀਂ ਹੈ। ਕੁਝ ਬੇਘਰੇ ਲੋਕਾਂ ਨੂੰ ਸਰਕਾਰ ਵੱਲੋਂ ਮਕਾਨ ਬਣਾਉਣ ਲਈ ਜੋ ਪੈਸੇ ਦਿੱਤੇ ਗਏ ਸਨ, ਉਨ੍ਹਾਂ ਨਾਲ ਕੰਧਾਂ ਹੀ ਖੜ੍ਹੀਆਂ ਹੋ ਸਕੀਆਂ ਹਨ, ਜਦੋਂਕਿ ਛੱਤ ਪਾਉਣ ਲਈ ਉਨ੍ਹਾਂ ਦੀ ਸਮਰੱਥਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਛੱਤਾਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।  ਸ. ਜੌਹਲ ਨੇ ਕਿਹਾ ਕਿ ਆਰਥਕ ਮੰਦਹਾਲੀ ਦੇ ਸ਼ਿਕਾਰ ਲੋਕਾਂ ਲਈ ਦੋ ਵਕਤ ਦੀ ਰੋਟੀ ਦਾ ਮਸਲਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਦੇ ਪਿੰਡਾਂ 'ਚ ਰੋਜ਼ਗਾਰ ਦੇ ਸਾਧਨ ਨਹੀਂ ਹਨ ਅਤੇ ਦੂਰ-ਦੁਰਾਡੇ ਉਹ ਜਾ ਨਹੀਂ ਸਕਦੇ। ਅਜਿਹੇ ਪਰਿਵਾਰਾਂ ਨੂੰ ਆਰਥਿਕਤਾ ਦੇ ਆਧਾਰ 'ਤੇ ਪੈਨਸ਼ਨ ਲਾਈ ਜਾਣੀ ਚਾਹੀਦੀ ਹੈ।  ਇਸ ਮੌਕੇ 'ਤੇ ਸਮਾਜ ਸੇਵੀ ਜੰਗਵੀਰ ਸਿੰਘ, ਸਰਪੰਚ ਸ਼ਾਂਤੀ ਸ਼ਰਮਾ, ਨਿਤਿਨ ਸ਼ਰਮਾ, ਸ਼ਮਸ਼ੇਰ ਸੋਮਾ ਦੇਵੀ, ਮੁਕੇਸ਼, ਰਣਜੀਤ, ਸਾਂਬਾ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਅਜੈ ਕੁਮਾਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਗਲ੍ਹਾੜ ਅਤੇ ਰਾਇਪੁਰ ਪੰਚਾਇਤਾਂ ਨਾਲ ਸਬੰਧਤ ਸਨ। 

ਮੋਰਟਾਰ ਨੇ ਲਈ ਚੰਪਾ ਦੇਵੀ ਦੇ ਬੇਟੇ ਦੀ ਜਾਨ
ਪਿੰਡ ਬੈਨ ਦੀ ਰਹਿਣ ਵਾਲੀ ਔਰਤ ਚੰਪਾ ਦੇਵੀ ਨੇ ਰਾਹਤ ਸਮੱਗਰੀ ਲੈਣ ਮੌਕੇ ਰੋਣਹਾਕੀ ਆਵਾਜ਼ 'ਚ ਦੱਸਿਆ ਕਿ ਡੇਢ ਸਾਲ ਪਹਿਲਾਂ ਮੋਰਟਾਰ ਦਾ ਗੋਲਾ ਡਿੱਗਣ ਕਾਰਣ ਜਿੱਥੇ ਉਸ ਦਾ ਮਕਾਨ ਢਹਿ ਗਿਆ,  ਉਥੇ 12 ਸਾਲਾਂ ਦਾ ਬੇਟਾ ਵੀ ਸ਼ਹੀਦ ਹੋ ਗਿਆ। ਇਸ ਦੌਰਾਨ ਉਹ ਖੁਦ ਅਤੇ ਉਸਦਾ ਇਕ ਹੋਰ ਬੱਚਾ ਵੀ ਜ਼ਖਮੀ ਹੋ ਗਏ, ਜਦੋਂਕਿ ਉਸ ਦੀਆਂ  ਦੋ ਲੜਕੀਆਂ ਘਰ 'ਚ ਗੈਰ-ਮੌਜੂਦ ਹੋਣ ਕਾਰਣ ਬਚ ਗਈਆਂ। ਉਸ ਦਾ ਘਰ ਵਾਲਾ ਦਿਹਾੜੀ-ਮਜ਼ਦੂਰੀ ਕਰਕੇ ਪਰਿਵਾਰ ਪਾਲ ਰਿਹਾ ਹੈ। ਉਸ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਦੀ ਇਕ ਬੇਟੀ ਨੂੰ ਹੀ ਮਾੜੀ-ਮੋਟੀ ਨੌਕਰੀ ਦੇ ਦੇਵੇ ਤਾਂ ਜੋ ਘਰ ਚੱਲਦਾ ਰਹੇ।

shivani attri

This news is Content Editor shivani attri