ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 544ਵੇਂ ਟਰੱਕ ਦੀ ਰਾਹਤ ਸਮੱਗਰੀ

01/08/2020 5:47:37 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀਆਂ ਘਟੀਆ ਅਤੇ ਮਾਰੂ ਸਾਜ਼ਿਸ਼ਾਂ ਦੇ ਨਤੀਜੇ ਵਜੋਂ ਭਾਰਤ ਨੂੰ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕਰਨਾ ਪਿਆ ਹੈ। ਪਾਕਿਸਤਾਨ ਦੀ ਧਰਤੀ 'ਤੇ ਪਲਣ ਵਾਲੇ ਅੱਤਵਾਦੀਆਂ ਨੇ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਸ਼ਹਿਰਾਂ 'ਚ ਕਹਿਰ ਵਰਤਾਇਆ ਅਤੇ ਜੰਮੂ-ਕਸ਼ਮੀਰ ਨੂੰ ਤਾਂ ਨਰਕ ਦੀ ਅੱਗ 'ਚ ਸੁੱਟ ਦਿੱਤਾ, ਜਿਸ ਕਾਰਨਹਜ਼ਾਰਾਂ ਬੇਦੋਸ਼ੇ ਲੋਕ ਮਾਰੇ ਗਏ ਅਤੇ ਕਰੋੜਾਂ-ਅਰਬਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ। ਜਿਹੜੇ ਲੋਕਾਂ ਨੂੰ ਅੱਤਵਾਦ ਦੇ ਜ਼ਖਮ ਲੱਗੇ ਹਨ, ਉਨ੍ਹਾਂ ਦੀ ਜ਼ਿੰਦਗੀ ਫਿਰ ਕਦੇ ਆਮ ਵਰਗੀ ਨਹੀਂ ਹੋ ਸਕੀ।

ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਨੂੰ ਘਰੋਂ-ਬੇਘਰ ਕਰ ਦਿੱਤਾ ਅਤੇ ਜਿਹੜੇ ਪਰਿਵਾਰਾਂ ਦੇ ਕਮਾਊ ਮੈਂਬਰ ਇਸ ਦੌਰਾਨ ਸ਼ਹੀਦ ਹੋ ਗਏ, ਉਨ੍ਹਾਂ ਲਈ ਰੋਟੀ ਦੀ ਵੀ ਚਿੰਤਾ ਬਣ ਗਈ। ਇਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਸਮਝਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਅਧੀਨ 544ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਰਾਜੌਰੀ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ।

ਇਸ ਵਾਰ ਦੀ ਰਾਹਤ ਸਮੱਗਰੀ ਧਰਮਕੋਟ ਤੋਂ ਜਗ ਬਾਣੀ ਦੇ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂ ਵਾਲਾ ਦੇ ਉੱਦਮ ਸਦਕਾ ਸ਼ਹਿਰ ਅਤੇ ਇਲਾਕੇ ਦੇ ਦਾਨੀ ਸੱਜਣਾਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਭਿਜਵਾਈ ਗਈ ਸੀ। ਇਸ ਕਾਰਜ 'ਚ ਨਵਯੁੱਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਰਮਕੋਟ ਦੇ ਚੇਅਰਮੈਨ ਜਸਵਿੰਦਰ ਸਿੰਘ, ਸ਼ਹੀਦ ਕੰਵਲਜੀਤ ਸਿੰਘ ਖਹਿਰਾ ਦੇ ਪਰਿਵਾਰ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਿੱਕੀ, ਡਾ. ਹਰਮੀਤ ਸਿੰਘ ਲਾਡੀ, ਨਿਸ਼ਾਨ ਸਿੰਘ ਮੂਸੇਵਾਲਾ, ਮੰਗਤ ਰਾਮ ਗੋਇਲ, ਸਰਪੰਚ ਗੁਰਦਿਆਲ ਸਿੰਘ ਬੁੱਟਰ, ਇਕਬਾਲ ਦੀਪ ਸਿੰਘ ਹੈਰੀ ਅਤੇ ਆੜ੍ਹਤੀ ਜਗੀਰ ਸਿੰਘ ਜੱਜ ਨੇ ਵਡਮੁੱਲਾ ਸਹਿਯੋਗ ਦਿੱਤਾ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਧਰਮਕੋਟ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਡਬਲ ਬੈੱਡ ਦੀਆਂ 300 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਹੈਪੀ ਭੁੱਲਰ ਪ੍ਰਧਾਨ, ਸ਼੍ਰੀ ਵਿਜੇ ਧੀਰ ਪ੍ਰਧਾਨ ਇੰਟਕ, ਗੁਰਮੇਲ ਸਿੰਘ ਮਾਛੀਕੇ, ਭਾਜਪਾ ਆਗੂ ਸੰਜੀਵ ਗੁਪਤਾ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਗੌਰਵ ਸ਼ਰਮਾ, ਪੰਡਤ ਪ੍ਰੀਤਮ ਲਾਲ ਭਾਰਦਵਾਜ, ਗੁਰਮੇਲ ਸਿੰਘ ਸਿੱਧੂ ਮੀਤ ਪ੍ਰਧਾਨ ਅਕਾਲੀ ਦਲ, ਬਲਵਿੰਦਰ ਬਿੰਦਾ, ਜਸਵੀਰ ਸਿੰਘ ਪੰਡੋਰੀ ਅਤੇ ਮਨਤੇਜ ਸਿੰਘ ਜੰਬਾ ਰੌਲੀ ਵੀ ਮੌਜੂਦ ਸਨ।

ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਪ੍ਰਭਾਵਿਤ ਖੇਤਰਾਂ ਤੱਕ ਜਾਣ ਵਾਲੀ ਟੀਮ ਵਿਚ ਮਾਰਕੀਟ ਕਮੇਟੀ ਧਰਮਕੋਟ ਦੇ ਸਾਬਕਾ ਚੇਅਰਮੈਨ ਸ. ਜੋਗਿੰਦਰ ਸਿੰਘ ਸੰਧੂ, ਪ੍ਰਗਟ ਸਿੰਘ ਭੁੱਲਰ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਸਕੱਤਰ ਕਿਸਾਨ ਸੈੱਲ ਪੰਜਾਬ, ਦਵਿੰਦਰ ਸਿੰਘ ਅਕਾਲੀਆਂ ਵਾਲਾ ਅਤੇ ਸੁੱਖ ਗਿੱਲ ਵੀ ਸ਼ਾਮਲ ਸਨ।

shivani attri

This news is Content Editor shivani attri