ਪਾਕਿ ਦੀ ਗੋਲੀਬਾਰੀ ਨੇ ਰੋਕਿਆ ਪੰਜਾਬ ਕੇਸਰੀ ਦੀ ਰਾਹਤ ਟੀਮ ਦਾ ਰਾਹ

12/24/2019 5:36:01 PM

ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਭਾਰਤ-ਪਾਕਿਸਤਾਨ ਸਰਹੱਦ 'ਤੇ ਕੁਝ ਸਮੇਂ ਤੋਂ ਹਾਲਾਤ ਬੇਹੱਦ ਤਣਾਅ ਭਰੇ ਬਣੇ ਹੋਏ ਹਨ। ਪਾਕਿਸਤਾਨ ਦੀਆਂ ਅੱਗ ਉਗਲਦੀਆਂ ਬੰਦੂਕਾਂ ਜਿੱਥੇ ਸਰਹੱਦੀ ਖੇਤਰਾਂ 'ਚ ਮੌਤ ਵੰਡ ਰਹੀਆਂ ਹਨ, ਉੱਥੇ ਇਲਾਕੇ ਦੇ ਪਿੰਡਾਂ 'ਚ ਰਹਿਣ ਵਾਲਿਆਂ ਨੂੰ ਹਰ ਵੇਲੇ ਜੰਗ ਵਰਗਾ ਅਹਿਸਾਸ ਡਰਾਉਂਦਾ ਰਹਿੰਦਾ ਹੈ। ਸ਼ਾਮ ਤੋਂ ਬਾਅਦ ਤਾਂ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਤੋਂ ਵੀ ਡਰਦੇ ਹਨ ਅਤੇ ਬਹੁਤੀ ਵਾਰ ਦਿਨ ਵੇਲੇ ਵੀ ਉਨ੍ਹਾਂ ਦੇ ਕੰਮ-ਧੰਦੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੇ ਹਨ। ਗੋਲੀਬਾਰੀ ਕਾਰਣ ਜਦੋਂ ਕਿਸੇ ਨਾਗਰਿਕ ਦੀ ਜਾਨ ਚਲੀ ਜਾਂਦੀ ਹੈ ਜਾਂ ਕੋਈ ਜ਼ਖਮੀ ਹੋ ਜਾਂਦਾ ਹੈ ਤਾਂ ਕਈ ਦਿਨਾਂ ਤੱਕ ਪਹਾੜੀਆਂ 'ਚੋਂ ਲੰਘਦੀ ਹਵਾ ਵੀ ਸੋਗਮਈ ਹੋ ਜਾਂਦੀ ਹੈ। ਵਿਧਵਾਵਾਂ ਅਤੇ ਬੱਚਿਆਂ ਦੇ ਰੋਣ-ਕੁਰਲਾਉਣ ਦੀਆਂ ਆਵਾਜ਼ਾਂ ਨਾਲ ਪਹਾੜੀਆਂ ਗੂੰਜਣ ਲੱਗਦੀਆਂ ਹਨ। ਇਸ ਤਰ੍ਹਾਂ ਦੇ ਡਰਾਉਣੇ ਹਾਲਾਤ ਸਰਹੱਦੀ ਇਲਾਕੇ 'ਚ ਰਹਿਣ ਵਾਲੇ ਪਰਿਵਾਰ ਕਈ ਹਫਤਿਆਂ ਤੋਂ ਹੰਢਾਅ ਰਹੇ ਹਨ।

ਸਰਹੱਦੀ ਖੇਤਰਾਂ 'ਚ ਮੰਡਰਾਉਂਦੇ ਖਤਰਿਆਂ ਅਤੇ ਖੌਫਨਾਕ ਹਾਲਾਤ ਦਾ ਅਹਿਸਾਸ ਪਿਛਲੇ ਦਿਨੀਂ ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੈਂਬਰਾਂ ਨੂੰ ਵੀ ਹੋਇਆ, ਜਦੋਂ 540ਵੇਂ ਟਰੱਕ ਦੀ ਰਾਹਤ ਸਮੱਗਰੀ ਦੀ ਵੰਡ ਲਈ ਜ਼ਿਲਾ ਰਾਜੌਰੀ ਦੀ ਤਹਿਸੀਲ ਸੁੰਦਰਬਨੀ ਦੇ ਸਰਹੱਦੀ ਪਿੰਡਾਂ 'ਚ ਜਾਣਾ ਪਿਆ। ਸਰਹੱਦ ਤੋਂ ਇਕ-ਡੇਢ ਕਿਲੋਮੀਟਰ ਪਿੱਛੇ 4-5 ਪਿੰਡਾਂ ਦੇ ਲੋਕ ਜੁੜੇ ਸਨ ਅਤੇ ਅਜੇ ਸਮੱਗਰੀ ਦੀ ਵੰਡ ਦਾ ਸਿਲਸਿਲਾ ਸ਼ੁਰੂ ਵੀ ਨਹੀਂ ਹੋਇਆ ਸੀ ਕਿ ਪਹਾੜੀਆਂ ਦੇ ਪਾਰਲੇ ਪਾਸੇ ਤੋਂ ਪਾਕਿਸਤਾਨ ਵੱਲੋਂ ਗੋਲੀਬਾਰੀ ਸ਼ੁਰੂ ਹੋ ਗਈ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਨੇ ਟੀਮ ਦੇ ਮੈਂਬਰਾਂ ਨੂੰ ਖਤਰੇ ਪ੍ਰਤੀ ਸੁਚੇਤ ਕੀਤਾ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਰਾਹਤ ਵੰਡ ਆਯੋਜਨ ਦਾ ਸਥਾਨ 4-5 ਕਿਲੋਮੀਟਰ ਪਿੱਛੇ ਕਰਨਾ ਪਿਆ। ਪਿੰਡ ਕਮੀਲਾ 'ਚ ਬਲਾਕ ਸੰਮਤੀ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ ਦੀ ਦੇਖ-ਰੇਖ ਹੇਠ ਵੱਖ-ਵੱਖ ਪਿੰਡਾਂ ਦੇ 300 ਪਰਿਵਾਰਾਂ ਨੂੰ ਆਟਾ, ਕੰਬਲ, ਚਾਵਲ, ਨਮਕ ਆਦਿ ਮੁਹੱਈਆ ਕਰਵਾਇਆ ਗਿਆ। ਇਹ ਸਮੱਗਰੀ ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਵਲੋਂ ਭਿਜਵਾਈ ਗਈ ਸੀ।

ਇਸ ਮੌਕੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਸ਼੍ਰੀ ਅਰੁਣ ਸਿੰਘ ਨੇ ਕਿਹਾ ਕਿ ਪਹਾੜੀ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਦੇ ਰੋਜ਼ੀ-ਰੋਟੀ ਦੇ ਸਾਧਨ ਬੇਹੱਦ ਸੀਮਤ ਹੁੰਦੇ ਹਨ ਅਤੇ ਨਾਲ ਹੀ ਇਥੇ ਬੁਨਿਆਦੀ ਸਹੂਲਤਾਂ ਦੀ ਵੀ ਭਾਰੀ ਘਾਟ ਹੁੰਦੀ ਹੈ। ਇਸ ਤੋਂ ਿੲਲਾਵਾ ਇਨ੍ਹਾਂ ਪਰਿਵਾਰਾਂ ਨੂੰ ਹਰ ਵੇਲੇ ਗੋਲੀਬਾਰੀ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਬਿਨਾਂ ਕਿਸੇ ਕਾਰਨ ਮਾਸੂਮ ਲੋਕਾਂ 'ਤੇ ਗੋਲੀਆਂ ਅਤੇ ਮੋਰਟਾਰ ਨਾਲ ਹਮਲੇ ਕੀਤੇ ਜਾਂਦੇ ਹਨ। ਇਹ ਲੋਕ ਹਰ ਵੇਲੇ ਮੌਤ ਦੇ ਸਾਏ ਹੇਠ ਜੀਵਨ ਬਸਰ ਕਰਦੇ ਹਨ, ਜਿਸ ਕਾਰਨ ਇਨ੍ਹਾਂ ਲਈ ਆਪਣੇ ਪਰਿਵਾਰਾਂ ਨੂੰ ਪਾਲਣਾ ਬਹੁਤ ਮੁਸ਼ਕਲ ਕੰਮ ਹੋ ਜਾਂਦਾ ਹੈ।

ਬੀ. ਐੱਸ. ਐੱਫ. ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਫੋਰਸ ਦਾ ਕੰਮ ਸਰਹੱਦੀ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਪਰ ਇਸ ਦੇ ਨਾਲ ਹੀ ਲੋਕਾਂ ਦਾ ਦੁੱਖ-ਦਰਦ ਵੰਡਾਉਣ ਅਤੇ ਜਿੱਥੋਂ ਤਕ ਸੰਭਵ ਹੋ ਸਕੇ, ਲੋਕਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੀੜਤ ਪਰਿਵਾਰਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਜਿਸ ਤਰ੍ਹਾਂ ਰਾਹਤ ਸਮੱਗਰੀ ਦੇ ਸੈਂਕੜੇ ਟਰੱਕ ਭਿਜਵਾਏ ਗਏ ਹਨ, ਇਹ ਇਕ ਵੱਡਾ ਉਪਰਾਲਾ ਹੈ। ਇਨਸਾਨੀਅਤ ਦੀ ਸੇਵਾ ਦੀ ਅਜਿਹੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ।

ਜਿਸ ਤਨ ਨੂੰ ਸੇਕ ਲੱਗਦਾ ਹੈ, ਉਸਦਾ ਦਰਦ ਉਹੀ ਜਾਣਦੈ : ਸੰਜੀਵ ਸੂਦ
ਰਾਹਤ ਸਮੱਗਰੀ ਦੇ ਟਰੱਕ ਨਾਲ ਵਿਸ਼ੇਸ਼ ਤੌਰ 'ਤੇ ਪੁੱਜੇ ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਦੇ ਚੇਅਰਮੈਨ ਸ਼੍ਰੀ ਸੰਜੀਵ ਸੂਦ ਨੇ ਕਿਹਾ ਕਿ ਅੱਤਵਾਦ ਅਤੇ ਗੋਲੀਬਾਰੀ ਦਾ ਸੇਕ ਜਿਹੜੇ ਪਰਿਵਾਰਾਂ ਨੂੰ ਲੱਗਾ ਹੈ, ਉਹੀ ਸਹੀ ਅਰਥਾਂ 'ਚ ਇਸ ਦਾ ਦਰਦ ਸਮਝ ਸਕਦੇ ਹਨ। ਸੰਜੀਵ ਸੂਦ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਸ਼੍ਰੀ ਰਾਮ ਕ੍ਰਿਸ਼ਨ ਸੂਦ ਵੀ ਪਿਛਲੇ ਸਾਲਾਂ ਦੌਰਾਨ ਅੱਤਵਾਦੀਆਂ ਦੀਆਂ ਗੋਲੀਆਂ ਕਾਰਨ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪੱਤਰ ਸਮੂਹ ਦੇ ਬਾਨੀ ਲਾਲਾ ਜਗਤ ਨਾਰਾਇਣ ਜੀ ਅਤੇ ਉਨ੍ਹਾਂ ਦੇ ਸਪੁੱਤਰ ਸ਼੍ਰੀ ਰੋਮੇਸ਼ ਚੰਦਰ ਜੀ ਨੇ ਵੀ ਅੱਤਵਾਦ ਦੌਰਾਨ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਿੱਤੀ। ਇਸ ਦਰਦ ਨੂੰ ਸਮਝਦਿਆਂ ਹੀ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਅੱਤਵਾਦ ਪੀੜਤਾਂ ਅਤੇ ਸਰਹੱਦੀ ਲੋਕਾਂ ਲਈ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ। ਸ਼੍ਰੀ ਸੰਜੀਵ ਸੂਦ ਨੇ ਕਿਹਾ ਕਿ ਇਸ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਹੀ ਉਨ੍ਹਾਂ ਨੇ ਵੀ ਸਮੱਗਰੀ ਭਿਜਵਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਅਤੇ ਹੁਣ ਤੱਕ ਕਈ ਟਰੱਕ ਲੋੜਵੰਦਾਂ ਤੱਕ ਪਹੁੰਚਾਏ  ਗਏ ਹਨ। ਉਨ੍ਹਾਂ ਕਿਹਾ ਕਿ ਉਹ ਭਵਿੱਖ 'ਚ ਵੀ ਸੇਵਾ ਦੇ ਇਸ ਮਾਰਗ 'ਤੇ ਚੱਲਦੇ ਰਹਿਣਗੇ ਅਤੇ ਸਮੱਗਰੀ ਭਿਜਵਾਉਣ ਦਾ ਇਹ ਸਿਲਸਿਲਾ ਜਾਰੀ ਰੱਖਣਗੇ।
ਸੁੰਦਰਬਨੀ ਬਲਾਕ ਸੰਮਤੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਕਿਹਾ ਕਿ ਆਪਣੀ ਖਾਤਰ ਹਰ ਇਨਸਾਨ ਮਿਹਨਤ ਕਰਦਾ ਅਤੇ ਆਪਣਾ ਪਰਿਵਾਰ ਪਾਲਦਾ ਹੈ ਪਰ ਦੂਜੇ ਲੋਕਾਂ ਲਈ ਸੋਚਣਾ ਜਾਂ ਦੀਨ-ਦੁਖੀਆਂ ਅਤੇ ਲੋੜਵੰਦਾਂ ਦਾ ਦਰਦ ਵੰਡਾਉਣਾ ਮਹਾਨ ਕਾਰਜ ਹੈ। ਪੰਜਾਬ ਦੇ ਦਾਨਵੀਰਾਂ ਨੇ ਰਾਹਤ ਸਮੱਗਰੀ ਦੇ ਸੈਂਕੜੇ ਟਰੱਕ ਨਿਮਾਣੇ-ਨਿਤਾਣੇ ਲੋੜਵੰਦਾਂ ਲਈ ਭਿਜਵਾ ਕੇ ਇਕ ਇਤਿਹਾਸ ਸਿਰਜਿਆ ਹੈ। ਇਸ ਨਾਲ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਿਰਫ ਰਾਹਤ ਨਹੀਂ, ਵੱਡਾ ਹੌਸਲਾ ਵੀ ਮਿਲਦਾ ਹੈ।

ਗੋਲੀਆਂ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਨੇ ਲੋਕ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਨਿਹੱਥੇ ਲੋਕ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਹਨ। ਸਰਹੱਦੀ ਖੇਤਰਾਂ 'ਚ ਰੋਜੀ਼-ਰੋਟੀ ਦੇ ਵਸੀਲੇ ਵੀ ਘੱਟ ਹਨ ਅਤੇ ਹਾਲਾਤ ਵੀ ਬੇਹੱਦ ਖਤਰਨਾਕ ਹਨ, ਇਸ ਦੇ ਬਾਵਜੂਦ ਇਹ ਪਰਿਵਾਰ ਆਪਣੇ ਘਰਾਂ 'ਚ ਡਟੇ ਬੈਠੇ ਹਨ। ਪਿਛਲੇ ਸਾਲਾਂ 'ਚ ਕਈ ਲੋਕ ਗੋਲੀਬਾਰੀ ਕਾਰਨ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋਏ, ਪਰ ਉਨ੍ਹਾਂ ਦੇ ਪਰਿਵਾਰਾਂ ਨੇ ਮਿੱਟੀ ਦੇ ਮੋਹ ਨੂੰ ਨਹੀਂ ਤਿਆਗਿਆ ਅਤੇ ਆਪਣੇ ਘਰਾਂ 'ਚ ਹੀ ਹਾਲਾਤ ਦਾ ਟਾਕਰਾ ਕਰ ਰਹੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਜੇ ਚਾਹੁਣ ਤਾਂ ਸਰਹੱਦੀ ਲੋਕ ਵੀ ਹੋਰ ਸੁਰੱਖਿਅਤ ਟਿਕਾਣਿਆਂ ਅਤੇ ਸ਼ਹਿਰਾਂ 'ਚ ਜਾ ਸਕਦੇ ਹਨ। ਉੱਥੇ ਉਨ੍ਹਾਂ ਦੀ ਆਮਦਨੀ ਵੀ ਵਧ ਸਕਦੀ ਹੈ ਅਤੇ ਉਨ੍ਹਾਂ ਲਈ ਖਤਰਾ ਵੀ ਨਹੀਂ ਰਹੇਗਾ, ਪਰ ਇਨ੍ਹਾਂ ਲੋਕਾਂ ਨੇ ਇਹ ਸਭ ਨਹੀਂ ਕੀਤਾ ਅਤੇ ਉਹ ਆਪਣੇ ਜੱਦੀ ਟਿਕਾਣਿਆਂ 'ਤੇ ਹੀ ਟਿਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਤੇ ਦੇਸ਼ ਦੀਆਂ ਹੋਰ ਸੰਸਥਾਵਾਂ ਨੂੰ ਵੀ ਇਨ੍ਹਾਂ ਦੀ ਮਦਦ ਲਈ ਅੱਗੇ ਵਧਣਾ ਚਾਹੀਦਾ ਹੈ। ਇਸ ਮੌਕੇ ਸ਼੍ਰੀ ਰਾਜੇਸ਼ ਭਗਤ ਨੇ ਵੀ ਸੰਬੋਧਨ ਕੀਤਾ ਅਤੇ ਅਪੀਲ ਕੀਤੀ ਕਿ ਲੋੜਵੰਦ ਪਰਿਵਾਰਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇ। ਇਸ ਮੌਕੇ ਰਾਹਤ ਸਮੱਗਰੀ ਦੇ ਟਰੱਕ ਨਾਲ ਆਏ ਸ਼੍ਰੀ ਰਾਜਨ ਸੂਦ, ਦਵਿੰਦਰ ਸਿੰਘ ਸੋਨੂੰ, ਵਿੱਕੀ ਸੂਦ, ਸੁੰਦਰਬਨੀ ਦੇ ਹਿੰਦੂ ਨੇਤਾ ਸ਼੍ਰੀ ਸੁਸ਼ੀਲ ਕੁਮਾਰ ਸੂਦਨ, ਰਾਮ ਪ੍ਰਕਾਸ਼, ਸੌਰਭ ਸ਼ਰਮਾ ਵੀ ਮੌਜੂਦ ਸਨ। ਰਾਹਤ ਸਮੱਗਰੀ ਪ੍ਰਾਪਤ ਕਰਨ ਵਾਲੇ ਪ੍ਰਭਾਵਿਤ ਪਰਿਵਾਰਾਂ ਦੇ ਮੈਂਬਰ ਪਨਿਆਲ, ਢੋਕ ਬਨਿਆੜ, ਅੰਬ ਖੋੜੀ, ਜੰਗੀ, ਭੰਗਿਆਲ, ਕਲਡੱਬੀ ਆਦਿ ਪਿੰਡਾਂ ਨਾਲ ਸਬੰਧਤ ਸਨ।

shivani attri

This news is Content Editor shivani attri