ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 540 ਵੇਂ ਟਰੱਕ ਦੀ ਰਾਹਤ ਸਮੱਗਰੀ

12/18/2019 6:33:44 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਵੱਲੋਂ ਭਾਰਤ ਦੇ ਸਰਹੱਦੀ ਇਲਾਕਿਆਂ 'ਤੇ ਕੀਤੀ ਜਾ ਰਹੀ ਗੋਲੀ ਬਾਰੀ ਦੀਆਂ ਘਟਨਾਵਾਂ ਵੀ ਵਧ ਰਹੀਆਂ ਹਨ ਅਤੇ ਨਤੀਜੇ ਵਜੋਂ ਪ੍ਰਭਾਵਿਤ ਹੋਣ ਵਾਲੇ ਪਰਿਵਾਰਾਂ ਦੀ ਕਤਾਰ ਵੀ ਦਿਨੋਂ ਦਿਨ ਵਧ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਸੁੰਦਰਬਨੀ, ਮੇਂਢਰ, ਰਾਜੌਰੀ ਅਤੇ ਪੁੰਛ ਆਦਿ ਖੇਤਰਾਂ 'ਚ ਸਰਹੱਦ 'ਤੇ ਜੰਗ ਵਰਗੇ ਹਾਲਾਤ ਬਣੇ ਹੋਏ ਹਨ, ਜਿਸ ਕਾਰਣ ਉੱਥੇ ਰਹਿਣ ਵਾਲੇ ਲੋਕਾਂ ਦੀ ਚਿੰਤਾ 'ਚ ਵਾਧਾ ਹੋਣਾ ਸੁਭਾਵਿਕ ਹੀ ਹੈ। ਇਸ ਦੇ ਨਾਲ ਹੀ ਇਹ ਸਰਹੱਦੀ ਇਲਾਕੇ ਕਈ ਸਾਲਾਂ ਤੋਂ ਅੱਤਵਾਦ ਦਾ ਖਤਰਾ ਵੀ ਸਹਿਣ ਕਰਦੇ ਆ ਰਹੇ ਹਨ, ਜਿਸ ਕਾਰਣ, ਬਹੁਤ ਸਾਰੇ ਆਮ ਲੋਕਾਂ ਅਤੇ ਸੁਰੱਖਿਆ ਬਲਾਂ ਦੇ ਮੁਲਾਜ਼ਮਾਂ ਦੀਆਂ ਜਾਨਾਂ ਵੀ ਗਈਆਂ ਹਨ।

ਇਹ ਗੱਲ ਸਮਝ ਤੋਂ ਬਾਹਰ ਜਾਪਦੀ ਹੈ ਕਿ ਪਾਕਿਸਤਾਨੀ ਸੈਨਿਕਾਂ ਵੱਲੋਂ ਭਾਰਤੀ ਨਾਗਰਿਕਾਂ ਦੀਆਂ ਜ਼ਿੰਦਗੀਆਂ ਨਾਲ ਕੀਤਾ ਜਾ ਰਿਹਾ ਖਿਲਵਾੜ ਆਖਰ ਕਦੋਂ ਰੁਕੇਗਾ। ਇਸ ਨਜ਼ਰੀਏ ਤੋਂ ਢੁੱਕਵੇਂ ਕਦਮ ਚੁੱਕਣ ਲਈ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਪ੍ਰਭਾਵਿਤ ਪਰਿਵਾਰਾਂ ਦੀ ਦੇਖਭਾਲ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪੰਜਾਬ ਕੇਸਰੀ ਪੱਤਰ ਸਮੂਹ ਨੇ ਇਸ ਸਬੰਧ 'ਚ ਪਹਿਲ ਕਦਮੀ ਕਰਦਿਆਂ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕਰਕੇ ਸਰਹੱਦੀ ਖੇਤਰਾਂ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣੀ ਸ਼ੁਰੂ ਕੀਤੀ ਸੀ। ਇਹ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਮੁਹਿੰਮ ਅਧੀਨ ਪਿਛਲੇ ਦਿਨੀਂ 540 ਵੇਂ ਟਰੱਕ ਦੀ ਰਾਹਤ ਸਮੱਗਰੀ ਸੁੰਦਰਬਨੀ ਨਾਲ ਸਬੰਧਤ ਸਰਹੱਦੀ ਪਿੰਡਾਂ ਦੇ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਆਰ.ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਵੱਲੋਂ ਚੇਅਰਮੈਨ ਸ਼੍ਰੀ ਸੰਜੀਵ ਸੂਦ ਅਤੇ ਪ੍ਰਧਾਨ ਰਾਜੀਵ ਸੂਦ ਨੇ ਆਪਣੇ ਪਿਤਾ ਜੀ ਸਵਰਗੀ ਸ਼੍ਰੀ ਰਾਮ ਕ੍ਰਿਸ਼ਨ ਸੂਦ ਦੀ ਪਵਿੱਤਰ ਯਾਦ ਵਿਚ ਦਿੱਤਾ ਗਿਆ ਸੀ। ਸੂਦ ਭਰਾਵਾਂ ਵੱਲੋਂ ਇਸ ਤੋਂ ਪਹਿਲਾਂ ਵੀ ਸਮੱਗਰੀ ਦੇ ਕਈ ਟਰੱਕ ਦਿੱਤੇ ਜਾ ਚੁੱਕੇ ਹਨ।
 ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਪਿਛਲੇ ਦਿਨੀਂ ਹੋਏ ਸ਼ਹੀਦ ਪਰਿਵਾਰ ਫੰਡ ਦੇ 176ਵੇਂ ਸਮਾਗਮ ਮੌਕੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਰਵਾਨਾ ਕੀਤਾ ਗਿਆ ਸੀ। ਇਸ ਮੌਕੇ 'ਤੇ ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ, ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਅਨੁਰਾਗ ਠਾਕਰ, ਕੇਂਦਰੀ ਵਣਜ ਰਾਜ ਮੰਤਰੀ ਸੋਮ ਪ੍ਰਕਾਸ਼, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਮੇਜਰ ਜਨਰਲ ਆਰ.ਕੇ. ਸਿੰਘ, ਵਿਸ਼ਵ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਕੁਲਵੰਤ ਸਿੰਘ ਧਾਲੀਵਾਲ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਮਾਸਟਰ ਮੋਹਨ ਲਾਲ, ਕਮਲ ਚੌਧਰੀ ਅਤੇ ਆਮਦਨ ਟੈਕਸ ਵਿਭਾਗ ਦੇ ਪ੍ਰਿੰਸੀਪਲ ਕਮਿਸ਼ਨਰ ਬਿਨਯ ਕੁਮਾਰ ਝਾਅ ਵੀ ਮੌਜੂਦ ਸਨ।

ਇਸ ਟਰੱਕ ਦੀ ਰਾਹਤ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਆਟਾ, 5 ਕਿਲੋ ਚਾਵਲ, ਇਕ ਪੈਕੇਟ ਨਮਕ ਅਤੇ ਇਕ ਕੰਬਲ ਸ਼ਾਮਲ ਸੀ। ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ 'ਚ ਸ਼੍ਰੀ ਸੰਜੀਵ ਸੂਦ, ਰਾਜਨ ਸੂਦ, ਦਵਿੰਦਰ ਸਿੰਘ ਸੋਨੂੰ, ਵਿੱਕੀ ਸੂਦ ਅਤੇ ਰਾਜੇਸ਼ ਭਗਤ ਸ਼ਾਮਲ ਹਨ।

shivani attri

This news is Content Editor shivani attri