ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 533ਵੇਂ ਟਰੱਕ ਦੀ ਰਾਹਤ ਸਮੱਗਰੀ

11/25/2019 5:49:30 PM

ਜਲੰਧਰ (ਜੁਗਿੰਦਰ ਸੰਧੂ)—ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੇਕ ਸਹਿਣ ਕਰਨ ਵਾਲੇ ਪਰਿਵਾਰਾਂ ਦੀ ਹਾਲਤ ਬੇਹੱਦ ਤਰਸਯੋਗ ਬਣ ਗਈ ਹੈ। ਹਜ਼ਾਰਾਂ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੇ ਨਾ ਸਿਰਫ ਜਾਨੀ ਅਤੇ ਮਾਲੀ ਨੁਕਸਾਨ ਸਹਿਣ ਕੀਤਾ, ਸਗੋਂ ਉਨ੍ਹਾਂ ਨੂੰ ਆਪਣੇ ਘਰਾਂ 'ਚੋਂ ਵੀ ਉਜੜਣਾ ਪਿਆ। ਸਰਕਾਰ ਦੀ ਕੋਈ ਨੀਤੀ ਜਾਂ ਯੋਜਨਾ ਇੰਨੀ ਅਸਰਦਾਰ ਨਹੀਂ ਹੋ ਸਕੀ, ਜਿਹੜੀ ਸ਼ਰਨਾਰਥੀ ਲੋਕਾਂ ਦਾ ਆਪਣੇ ਘਰਾਂ 'ਚ 100 ਫੀਸਦੀ ਮੁੜ-ਵਸੇਬਾ ਯਕੀਨੀ ਬਣਾ ਸਕਦੀ।

ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ ਨੇ ਵੀ ਲੱਖਾਂ ਲੋਕਾਂ ਨੂੰ ਕੰਗਾਲੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਲੋਕਾਂ ਦੇ ਕਾਰੋਬਾਰ, ਕੰਮ-ਧੰਦੇ ਅਤੇ ਖੇਤੀਬਾੜੀ ਦਾ ਕਿੱਤਾ ਆਦਿ ਸਭ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਇਸ ਗੱਲ ਦਾ ਕੋਈ ਹੱਲ ਨਹੀਂ ਦਿਖਾਈ ਦਿੰਦਾ ਕਿ ਆਖਰ ਉਹ ਆਪਣੇ ਹੱਸਦੇ-ਵੱਸਦੇ ਘਰ ਛੱਡ ਕੇ ਹੋਰ ਕਿਹੜੀ ਜਗ੍ਹਾ ਚਲੇ ਜਾਣ। ਸਰਹੱਦੀ ਲੋਕਾਂ ਦਾ ਇਹ ਮਸਲਾ ਹੋਰ ਵੀ ਗੰਭੀਰ ਹੁੰਦਾ ਜਾ ਰਿਹਾ ਹੈ, ਕਿਉਂਕਿ ਪਾਕਿਸਤਾਨੀ ਸੈਨਿਕਾਂ ਵਲੋਂ ਕੀਤੀ ਜਾਂਦੀ ਗੋਲੀਬਾਰੀ 'ਚ ਪਿਛਲੇ ਮਹੀਨਿਆਂ ਦੌਰਾਨ ਹੋਰ ਤੇਜ਼ੀ ਆਈ ਹੈ।

ਅੱਤਵਾਦ ਅਤੇ ਗੋਲੀਬਾਰੀ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ 20 ਸਾਲ ਪਹਿਲਾਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਗਈ ਸੀ, ਜਿਸ ਅਧੀਨ ਹੁਣ ਤੱਕ ਲੱਖਾਂ ਲੋਕਾਂ ਨੂੰ ਰਾਸ਼ਨ, ਬਰਤਨ, ਕੱਪੜੇ ਆਦਿ ਵੰਡੇ ਜਾ ਚੁੱਕੇ ਹਨ। ਇਸੇ ਸਿਲਸਿਲੇ 'ਚ ਪਿਛਲੇ ਦਿਨੀਂ 533ਵੇਂ ਟਰੱਕ ਦੀ ਸਮੱਗਰੀ ਆਰ. ਐੱਸ. ਪੁਰਾ ਸੈਕਟਰ ਦੇ ਪਿੰਡਾਂ ਨਾਲ ਸਬੰਧਤ ਪ੍ਰਭਾਵਿਤ ਪਰਿਵਾਰਾਂ ਲਈ ਭਿਜਵਾਈ ਗਈ ਸੀ।ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਲਾਲਾ ਜਗਤ ਨਾਰਾਇਣ ਨਿਸ਼ਕਾਮ ਸੇਵਾ ਸੋਸਾਇਟੀ ਅਤੇ ਸ਼੍ਰੀ ਗਿਆਨ ਸਥਲ ਮੰਦਰ ਸਭਾ ਲੁਧਿਆਣਾ ਵਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਸ਼੍ਰੀ ਬਿੱਟੂ ਗੁੰਬਰ ਅਤੇ ਰੋਮੇਸ਼ ਗੁੰਬਰ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸ਼੍ਰੀ ਪ੍ਰਵੀਨ ਬਜਾਜ, ਕਮਲ ਸ਼ਰਮਾ, ਰਾਜ ਕੁਮਾਰ ਵਰਮਾ, ਸ਼ਾਮ ਲਾਲ ਕਪੂਰ, ਨਰੇਸ਼ ਗੋਇਲ ਅਤੇ ਰਾਜੂ ਵੋਹਰਾ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।

ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਜਲੰਧਰ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ, ਸਰਦੀਆਂ ਦੀ ਰੁੱਤ ਨੂੰ ਧਿਆਨ 'ਚ ਰੱਖਦਿਆਂ, 300 ਰਜਾਈਆਂ ਸ਼ਾਮਲ ਸਨ। ਟਰੱਕ ਰਵਾਨਾ ਕਰਨ ਸਮੇਂ ਲਾਇਨ ਜੇ. ਬੀ. ਸਿੰਘ ਚੌਧਰੀ ਅੰਬੈਸਡਰ ਆਫ ਗੁਡਵਿੱਲ ਵੀ ਮੌਜੂਦ ਸਨ। ਰਜਾਈਆਂ ਦੀ ਵੰਡ ਲਈ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਜਾਣ ਵਾਲੀ ਰਾਹਤ ਟੀਮ ਵਿਚ ਸ਼੍ਰੀਮਤੀ ਕੋਮਲ ਮਿਨਹਾਸ, ਜੰਮੂ ਦੀ ਭਾਜਪਾ ਆਗੂ ਸ਼੍ਰੀਮਤੀ ਮੁਨੀਰਾ ਬੇਗਮ, ਰਾਮਗੜ੍ਹ ਦੇ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ ਅਤੇ ਵਿਨੋਦ ਕੁਮਾਰ ਵੀ ਸ਼ਾਮਲ ਸਨ।

Shyna

This news is Content Editor Shyna