ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

12/05/2021 1:51:52 PM

ਜਲੰਧਰ (ਜ.ਬ)-ਨਿਊ ਰਾਜ ਨਗਰ ਸਥਿਤ ਇਕ ਔਰਤ ਨੇ ਆਪਣੇ ਪਤੀ ਤੋਂ ਤੰਗ ਆ ਕੇ ਆਪਣੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਦੌਰਾਨ ਔਰਤ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਦੀ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਔਰਤ ਦਾ ਕਾਫ਼ੀ ਦੇਰ ਤੋਂ ਪਤੀ ਨਾਲ ਪਰਿਵਾਰਕ ਝਗੜਾ ਚੱਲ ਰਿਹਾ ਸੀ। ਮਾਮਲੇ ਨੂੰ ਲੈ ਕੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਮੁਲਜ਼ਮ ਪਤੀ ਖ਼ਿਲਾਫਡ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਨਿਊ ਰਾਜ ਨਗਰ ਦੀ ਰਹਿਣ ਵਾਲੀ ਰੇਖਾ ਨੇ ਸ਼ਨੀਵਾਰ ਦੁਪਹਿਰ 3 ਵਜੇ ਦੇ ਲਗਭਗ ਆਪਣੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ। ਜਿਸ ਵੇਲੇ ਇਹ ਘਟਨਾ ਵਾਪਰੀ ਉਸ ਸਮੇਂ ਮ੍ਰਿਤਕਾ ਦਾ ਪਤੀ ਆਪਣੀ ਦੁਕਾਨ ’ਤੇ ਸੀ। ਔਰਤ ਵੱਲੋਂ ਜ਼ਹਿਰੀਲਾ ਪਦਾਰਥ ਨਿਗਲਣ ਦਾ ਪਤਾ ਸਭ ਤੋਂ ਪਹਿਲਾਂ ਗੁਆਂਢ ’ਚ ਰਹਿੰਦੇ ਉਸ ਦੇ ਦਿਓਰ ਨੂੰ ਲੱਗਿਆ, ਜੋ ਘਰ ਕਿਸੇ ਕੰਮ ਆਇਆ ਸੀ। ਉਸ ਨੇ ਜਦੋਂ ਵੇਖਿਆ ਕਿ ਉਸ ਦੀ ਭਾਬੀ ਅਤੇ ਬੱਚੇ ਤਿੰਨੋਂ ਜ਼ਮੀਨ ’ਤੇ ਡਿੱਗੇ ਹੋਏ ਹਨ ਅਤੇ ਮੂੰਹ ’ਚੋਂ ਝੱਗ ਨਿਕਲ ਰਹੀ ਹੈ ਤਾਂ ਉਸ ਨੇ ਆਂਢ-ਗੁਆਂਢ ਦੇ ਲੋਕਾਂ ਨੂੰ ਬੁਲਾ ਕੇ ਐਂਬੂਲੈਂਸ ਨੂੰ ਫੋਨ ਕੀਤਾ। ਐਂਬੂਲੈਂਸ ਰਾਹੀਂ ਤਿੰਨਾਂ ਨੂੰ ਕਪੂਰਥਲਾ ਰੋਡ ਸਥਿਤ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਹਸਪਤਾਲ ਲਿਜਾਣ ਦੌਰਾਨ ਰਸਤੇ ਵਿਚ ਹੀ ਰੇਖਾ ਦੀ ਮੌਤ ਹੋ ਚੁੱਕੀ ਸੀ, ਜਦਕਿ ਉਸ ਦੇ ਪੁੱਤਰ ਗੌਰਵ (15) ਦੀ ਹਸਪਤਾਲ ਪਹੁੰਚਣ ਦੇ ਇਕ ਘੰਟੇ ਬਾਅਦ ਮੌਤ ਹੋ ਗਈ। ਰੇਖਾ ਦੀ ਛੋਟੀ ਬੇਟੀ ਮੰਨਤ (10) ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਵੱਲੋਂ ਉਸ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਾਂਸਟੇਬਲ ਫਰਜ਼ੀਵਾੜਾ ਮਾਮਲਾ, ਜਲੰਧਰ ’ਚ ਪ੍ਰਦਰਸ਼ਨ ਕਰ ਰਹੇ ਮੁੰਡੇ-ਕੁੜੀਆਂ ’ਤੇ ਪੁਲਸ ਨੇ ਕੀਤਾ ਲਾਠੀਚਾਰਜ

ਭੈਣ ਬੋਲੀ, ਰੇਖਾ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਦਾ ਪਤੀ ਨਾਲ ਹੋਇਆ ਝਗੜਾ
ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਪਤੀ ਨੂੰ ਪਤਾ ਲੱਗੀ ਤਾਂ ਉਹ ਘਬਰਾ ਗਿਆ। ਮ੍ਰਿਤਕ ਰੇਖਾ ਦੀ ਭੈਣ ਰੇਣੂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਪਤੀ ਨਾਲ ਰੇਖਾ ਦਾ ਕਾਫ਼ੀ ਵਿਵਾਦ ਚੱਲ ਰਿਹਾ ਸੀ। ਵਿਆਹ ਨੂੰ 15 ਸਾਲ ਹੋ ਚੁੱਕੇ ਹਨ। ਉਸ ਨੇ ਕਿਹਾ ਕਿ ਤਿੰਨ ਸਾਲ ਪਹਿਲਾਂ ਰੇਖਾ ਬੱਚਿਆਂ ਸਮੇਤ ਅੰਮ੍ਰਿਤਸਰ ਵਿਖੇ ਆਪਣੇ ਪੇਕਿਆਂ ਕੋਲ ਚਲੀ ਗਈ ਸੀ ਪਰ ਲਗਭਗ 2 ਮਹੀਨੇ ਪਹਿਲਾਂ ਰਿਸ਼ਤੇਦਾਰਾਂ ਵੱਲੋਂ ਆਪਸੀ ਸਮਝੌਤਾ ਕਰਵਾਉਣ ਤੋਂ ਬਾਅਦ ਉਹ ਮੁੜ ਜਲੰਧਰ ਦੇ ਨਿਊ ਰਾਜ ਨਗਰ ਸਥਿਤ ਪਤੀ ਦੇ ਘਰ ਆ ਗਈ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਵੀ ਪਤੀ ਨਾਲ ਰੇਖਾ ਦਾ ਝਗੜਾ ਹੋਇਆ ਸੀ। ਸਵੇਰੇ ਮੁੜ ਜਦੋਂ ਪਤੀ ਵੱਲੋਂ ਰੇਖਾ ਨਾਲ ਬਹਿਸਬਾਜ਼ੀ ਕਰਨ ਤੋਂ ਬਾਅਦ ਕੁੱਟਮਾਰ ਕੀਤੀ ਗਈ ਤਾਂ ਉਸ ਨੇ ਪਰੇਸ਼ਾਨ ਹੋ ਕੇ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਨਿਗਲ ਲਿਆ ਅਤੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਉਸ ਨੇ ਪੁਲਸ ਤੋਂ ਮੰਗ ਕੀਤੀ ਕਿ ਰੇਖਾ ਦੇ ਮੁਲਜ਼ਮ ਪਤੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ: ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

ਸਾਰਾ ਪਰਿਵਾਰ ਖ਼ਤਮ ਹੋ ਗਿਆ, ਪਤਾ ਨਹੀਂ ਮੰਨਤ ਜ਼ਿੰਦਾ ਬਚੇਗੀ ਜਾਂ ਨਹੀਂ: ਪਰਿਵਾਰਕ ਮੈਂਬਰ
ਉਥੇ ਹੀ, ਮ੍ਰਿਤਕਾ ਰੇਖਾ ਦੇ ਅੰਮ੍ਰਿਤਸਰ ਰਹਿੰਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਪੁਲਸ ਨੂੰ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੇ ਜਵਾਈ ਦਿਲੀਪ ਵੱਲੋਂ ਰੇਖਾ ਨੂੰ ਇਸ ਹੱਦ ਤੱਕ ਤੰਗ ਕੀਤਾ ਗਿਆ ਕਿ ਉਸ ਨੂੰ ਉਕਤ ਕਦਮ ਚੁੱਕਣਾ ਪਿਆ। ਉਨ੍ਹਾਂ ਪੁਲਸ ਨੂੰ ਆਪਣੀ ਦੁੱਖ ਭਰੀ ਦਾਸਤਾਨ ਦੱਸਦਿਆਂ ਕਿਹਾ ਕਿ ਪੂਰਾ ਪਰਿਵਾਰ ਖ਼ਤਮ ਹੋ ਗਿਆ ਹੈ। ਪਤਾ ਨਹੀਂ ਮੰਨਤ ਜ਼ਿੰਦਾ ਬਚੇਗੀ ਜਾਂ ਨਹੀਂ ਕਿਉਂਕਿ ਉਸ ਦੀ ਹਾਲਤ ਜ਼ਿਆਦਾ ਨਾਜ਼ੁਕ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ, ਕਿਹਾ-ਕੈਪਟਨ ਨਾਲ ਪਾਰਟੀ ’ਚ ਹੋ ਰਿਹਾ ਸੀ ਨੁਕਸਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri