ਜਲੰਧਰ ’ਚ ਵੱਡੀ ਵਾਰਦਾਤ, PNB ’ਚੋਂ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਲੁੱਟੇ ਕਰੀਬ 15 ਲੱਖ ਰੁਪਏ

12/22/2021 6:55:27 PM

ਜਲੰਧਰ (ਸੋਨੂੰ)— ਇਥੋਂ ਦੇ ਗ੍ਰੀਨ ਮਾਡਲ ਟਾਊਨ ਸਥਿਤ ਪੰਜਾਬ ਨੈਸ਼ਨਲ ਬੈਂਕ ’ਚ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨਕਾਬ ਪਹਿਨ ਕੇ ਆਏ ਲੁਟੇਰਿਆਂ ਨੇ ਗੰਨ ਪੁਆਇੰਟ ’ਤੇ ਕੈਸ਼ੀਅਰ ਤੋਂ 15 ਲੱਖ ਤੋਂ ਵਧੇਰੇ ਲੁੱਟ ਕੇ ਫਰਾਰ ਹੋ ਗਏ। ਜਾਂਦੇ ਸਮੇਂ ਲੁਟੇਰੇ ਬੈਂਕ ਦਾ ਡੀ.ਵੀ.ਆਰ. ਵੀ ਨਾਲ ਲੈ ਗਏ। 

ਇਹ ਵਾਰਦਾਤ ਕਰੀਬ ਸਵੇਰੇ 9.30 ਵਜੇ ਦੀ ਦੱਸੀ ਜਾ ਰਹੀ ਹੈ, ਇਸ ਦੌਰਾਨ ਕਰੀਬ ਨਕਾਬ ਪਹਿਨੇ ਚਾਰ ਲੁਟੇਰੇ ਬੈਂਕ ’ਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਆਉਂਦੇ ਸਾਰ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ, ਇਸ ਦੇ ਨਾਲ ਹੀ ਕੈਸ਼ੀਅਰ ਤੋਂ ਗੰਨ ਪੁਆਇੰਟ ’ਤੇ ਕਰੀਬ 16.93 ਲੱਖ ਰੁਪਏ ਲੁੱਟ ਲਈ ਅਤੇ ਫਰਾਰ ਹੋ ਗਏ। ਸੂਚਨਾ ਦੇ ਬਾਅਦ ਪੁਲਸ ਕਮਿਸ਼ਨਰੇਟ ਪੁਲਸ ’ਚ ਹੜਕੰਪ ਮਚ ਗਿਆ ਹੈ। ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ।   
ਇੰਝ ਵਾਪਰੀ ਸਾਰੀ ਘਟਨਾ 
ਪੰਜਾਬ ਨੈਸ਼ਨਲ ਬੈਂਕ ਵਿਚ ਸਵੇਰੇ 9.30 ਵਜੇ 3 ਨਕਾਬਪੋਸ਼ ਪਗੜੀਧਾਰੀ ਲੁਟੇਰੇ ਹਥਿਆਰਾਂ ਦੀ ਨੋਕ ’ਤੇ ਦਿਨ-ਦਿਹਾੜੇ 16 ਲੱਖ 93 ਹਜ਼ਾਰ ਰੁਪਏ 25 ਮਿੰਟ ਵਿਚ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਜਾਂਦੇ ਸਮੇਂ ਬੰਧਕ ਸਟਾਫ਼ ਨੂੰ ਕਹਿ ਕੇ ਗਏ ਸਨ ਕਿ ਉਹ ਇਕ ਸੰਸਥਾ ਨੂੰ ਦਾਨ ਦੇਣ ਲਈ ਪੈਸੇ ਲੁੱਟ ਰਹੇ ਹਨ। 9.30 ਵਜੇ ਬੈਂਕ ਖੋਲ੍ਹਣ ਆਏ ਹੈੱਡ ਕੈਸ਼ੀਅਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਸਵੇਰੇ ਜਦੋਂ ਉਹ ਬੈਂਕ ਪਹੁੰਚੇ ਤਾਂ ਉਸ ਸਮੇਂ ਬੈਂਕ ਵਿਚ ਕੰਮ ਕਰਦਾ ਆਫ਼ਿਸ ਬੁਆਏ (ਪੀਅਨ) ਅਮਿਤ ਬੈਂਕ ਵਿਚ ਸਫ਼ਾਈ ਕਰ ਰਿਹਾ ਸੀ ਅਤੇ ਬੈਂਕ ਵਿਚ ਦਾਖ਼ਲ ਹੁੰਦੇ ਹੀ ਜਦੋਂ ਉਹ ਲੰਚ ਟਿਫਿਨ ਓਵਨ ਵਿਚ ਰੱਖਣ ਗਿਆ ਤਾਂ ਵਿਅਕਤੀ ਨੇ ਉਨ੍ਹਾਂ ਦੀ ਗਰਦਨ ’ਤੇ ਦਾਤ ਰੱਖ ਦਿੱਤਾ ਅਤੇ ਗਾਲ੍ਹ ਕੱਢ ਕੇ ਉਨ੍ਹਾਂ ਨੂੰ ਕਿਹਾ ਕਿ ਬੈਂਕ ਦੀ ਸੇਫ਼ ਕਿੱਥੇ ਹੈ? ਘਬਰਾ ਕੇ ਉਸ ਨੇ ਜਵਾਬ ਦਿੱਤਾ ਕਿ ਬੈਂਕ ਦੀ ਸੇਫ਼ ਹੇਠਾਂ ਹੈ ਤਾਂ ਇੰਨੇ ਵਿਚ ਦੂਜਾ ਲੁਟੇਰਾ ਆ ਗਿਆ ਅਤੇ ਆਫ਼ਿਸ ਬੁਆਏ ਨੂੰ ਕੁੱਟਣ ਲੱਗਾ ਅਤੇ ਉਸ ਦੇ ਨਾਲ ਖੜ੍ਹਾ ਕਰ ਦਿੱਤਾ। ਤਿੰਨਾਂ ਵਿਚੋਂ ਇਕ ਲੁਟੇਰਾ ਬੈਂਕ ਵਿਚ ਦਾਖ਼ਲ ਹੁੰਦੇ ਹੀ ਸੱਜੇ ਪਾਸੇ ਬਣੇ ਵੇਟਿੰਗ ਏਰੀਆ ਵਿਚ ਬੈਠ ਗਿਆ। ਲਗਭਗ 9.45 ’ਤੇ ਜਦੋਂ ਹਾਲ ਇੰਚਾਰਜ ਅਨਿਲ ਸ਼ਰਮਾ ਬੈਂਕ ’ਚ ਦਾਖ਼ਲ ਹੋਏ ਤਾਂ ਸੱਜੇ ਪਾਸੇ ਵੇਟਿੰਗ ਏਰੀਏ ਵਿਚ ਤਾਕ ਲਗਾ ਕੇ ਬੈਠੇ ਬੰਦੂਕਧਾਰੀ ਲੁਟੇਰੇ ਨੇ ਪਿੱਛਿਓਂ ਅਨਿਲ ਨੂੰ ਫੜ ਲਿਆ ਅਤੇ ਉਸ ਦੇ ਸਿਰ ’ਤੇ ਮੁੱਕੇ ਮਾਰਨ ਲੱਗਾ। ਅਨਿਲ ਨੂੰ ਲੱਗਾ ਕਿ ਉਹ ਦੁੱਧ ਵਾਲਾ ਹੈ।

ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਤੰਜ, ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

ਜਦੋਂ ਉਸ ਦੇ ਸਿਰ ’ਤੇ ਲੁਟੇਰੇ ਨੇ ਬੰਦੂਕ ਤਾਣੀ ਤਾਂ ਬੋਲਿਆ ਕਿ ਉਹ ਹੇਠਾਂ ਜਾਵੇ ਅਤੇ ਜਾ ਕੇ ਸੇਫ਼ ਦੀ ਦੂਜੀ ਚਾਬੀ ਲਾਵੇ। ਇੰਨੀ ਦੇਰ ਵਿਚ ਜਦੋਂ ਦੁੱਧ ਵਾਲਾ ਆਇਆ ਤਾਂ ਬੰਦੂਕਧਾਰੀ ਲੁਟੇਰੇ ਉਸ ਨੂੰ ਵੀ ਨਾਲ ਲੈ ਕੇ ਹੇਠਾਂ ਚਲੇ ਗਏ। ਲੁਟੇਰਿਆਂ ਨੇ ਸਾਰਿਆਂ ਦੇ ਫੋਨ ਅਤੇ ਪਰਸ ਖੋਹ ਲਏ ਅਤੇ ਧਮਕੀ ਦੇ ਕੇ ਕਿਹਾ ਕਿ ਦੋਵੇਂ ਚਾਬੀਆਂ ਲਗਾ ਕੇ ਸੇਫ਼ ਖੋਲ੍ਹੋ। ਸੇਫ਼ ਖੋਲ੍ਹਣ ਤੋਂ ਬਾਅਦ ਬੰਦੂਕਧਾਰੀ ਲੁਟੇਰੇ ਨੇ ਹੈੱਡ ਕੈਸ਼ੀਅਰ ਦੀਪਕ ਜੋਸ਼ੀ ਨੂੰ ਕਿਹਾ ਕਿ ਉਹ ਪੈਸਿਆਂ ਦੀਆਂ ਥੱਦੀਆਂ ਨੂੰ ਬੈਗ ਵਿਚ ਪਾਉਣ ਅਤੇ ਸੇਫ਼ ਦੇ ਨਾਲ ਪਈ ਇਕ ਪੇਟੀ ਨੂੰ ਖੁੱਲ੍ਹਵਾਇਆ ਜੋ ਕਿ ਬਿਲਕੁਲ ਖਾਲੀ ਸੀ।

ਕੈਸ਼ ਲੁੱਟਣ ਤੋਂ ਬਾਅਦ ਜਦੋਂ ਬੇਸਮੈਂਟ ਤੋਂ ਲੁਟੇਰੇ ਉਪਰ ਆਏ ਤਾਂ ਉਨ੍ਹਾਂ ਨੇ ਸਟਾਫ਼ ਦੇ ਸਾਰੇ ਮੁਲਾਜ਼ਮਾਂ ਨੂੰ ਧਮਕੀ ਦਿੱਤੀ ਕਿ ਉਹ ਪਹਿਲਾਂ ਉਪਰ ਜਾਣਗੇ। ਜਦੋਂ ਉਹ ਬੇਸਮੈਂਟ ਤੋਂ ਉਪਰ ਬੈਂਕ ਜਾਣ ਲੱਗੇ ਤਾਂ ਅਨਿਲ ਨੇ ਕਿਹਾ ਕਿ ਉਨ੍ਹਾਂ ਦੇ ਮੋਬਾਇਲ ਅਤੇ ਪਰਸ ਨਾ ਲੁੱਟਣ ਤਾਂ ਇਕ ਲੁਟੇਰੇ ਨੇ ਪੰਜਾਬੀ ਵਿਚ ਜਵਾਬ ਦਿੱਤਾ ਕਿ ਉਹ ਈਮਾਨਦਾਰ ਲੁਟੇਰੇ ਹਨ। ਪ੍ਰਮਾਤਮਾ ਦੀ ਸਹੁੰ ਖਾ ਕੇ ਕਹਿੰਦੇ ਹਨ ਕਿ ਉਹ ਤੁਹਾਡੇ ਮੋਬਾਇਲ, ਪਰਸ ਅਤੇ ਬਾਈਕ ਦੀ ਚਾਬੀ ਨਹੀਂ ਲੈਣਗੇ। ਇਹ ਪੈਸੇ ਵੀ ਉਨ੍ਹਾਂ ਨੇ ਇਕ ਸੰਸਥਾ ਨੂੰ ਦਾਨ ਵਿਚ ਦੇਣੇ ਹਨ। ਇਸ ਲਈ ਉਹ ਬੈਂਕ ਲੁੱਟਣ ਆਏ ਹਨ। ਇੰਨਾ ਕਹਿੰਦੇ ਹੀ ਉਹ ਲਗਭਗ 10.10 ਵਜੇ ਉਪਰ ਪਹੁੰਚੇ ਅਤੇ ਸਾਰੇ ਕੈਮਰਿਆਂ ’ਤੇ ਸਪਰੇਅ ਕਰਨ ਤੋਂ ਬਾਅਦ ਜਾਂਦੇ ਸਮੇਂ ਕਿਚਨ ਵਿਚ ਮੋਬਾਇਲ ਫੋਨ, ਪਰਸ ਅਤੇ ਹੈੱਡ ਕੈਸ਼ੀਅਰ ਦੀਪਕ ਜੋਸ਼ੀ ਦੇ ਬਾਈਕ ਦੀ ਚਾਬੀ ਸੁੱਟ ਗਏ। ਲੁੱਟ ਹੋਣ ਤੋਂ ਬਾਅਦ ਜਦੋਂ ਸਾਰਾ ਸਟਾਫ ਉਪਰ ਆਇਆ ਤਾਂ ਉਨ੍ਹਾਂ ਨੇ ਪੁਲਸ ਨੂੰ ਫੋਨ ਕੀਤਾ। ਮੌਕੇ ’ਤੇ ਪਹੁੰਚੇ ਜੁਆਇੰਟ ਕਮਿਸ਼ਨਰ ਦੀਪਕ ਪਾਰਿਖ ਸਮੇਤ ਏ. ਸੀ. ਪੀ. ਮਾਡਲ ਟਾਊਨ ਗੁਰਪ੍ਰੀਤ ਸਿੰਘ, ਏ. ਸੀ. ਪੀ. ਇਨਵੈਸਟੀਗੇਸ਼ਨ ਨਿਰਮਲ ਸਿੰਘ ਨੇ ਪੀੜਤਾਂ ਦੇ ਬਿਆਨ ਦਰਜ ਕੀਤੇ।

ਪੁਲਸ ਕਮਿਸ਼ਨਰੇਟ ’ਚ 2 ਜੁਆਇੰਟ ਕਮਿਸ਼ਨਰ, 5 ਡੀ. ਸੀ. ਪੀ. ਫਿਰ ਵੀ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਖੜ੍ਹਾ ਹੋਇਆ ਸਵਾਲ
ਸ਼ਹਿਰ ਵਿਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਹੋਣ ਤੋਂ ਬਾਅਦ ਸ਼ਹਿਰ ਦੀ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ। ਸ਼ਹਿਰ ਵਿਚ 2 ਜੁਆਇੰਟ ਕਮਿਸ਼ਨਰ, 5 ਡੀ. ਸੀ. ਪੀ. ਪਰ ਫਿਰ ਵੀ ਇਸ ਤਰ੍ਹਾਂ ਪਾਸ਼ ਇਲਾਕੇ ਵਿਚ ਵਾਰਦਾਤ ਹੋਣਾ ਪੁਲਸ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕਰਦਾ ਹੈ ਕਿਉਂਕਿ ਇੰਨੇ ਵੱਡੇ-ਵੱਡੇ ਅਧਿਕਾਰੀਆਂ ਦੇ ਹੱਥ ਸ਼ਹਿਰ ਦੀ ਕਮਾਨ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਹੋਣਾ ਆਪਣੇ-ਆਪ ਵਿਚ ਹੀ ਵੱਡੀ ਗੱਲ ਹੈ।

ਇਹ ਵੀ ਪੜ੍ਹੋ:  ਜਲੰਧਰ: 10 ਮਹੀਨਿਆਂ ਦੀ ਬੱਚੀ ਨਾਲ ਮੂੰਹ ਬੋਲੇ ਮਾਮੇ ਨੇ ਕੀਤਾ ਸੀ ਜਬਰ-ਜ਼ਿਨਾਹ, ਹੁਣ ਮਿਲੀ 20 ਸਾਲ ਦੀ ਕੈਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri