ਅੱਧੇ ਸਵੱਛਤਾ ਸਰਵੇਖਣ 'ਚ ਜਲੰਧਰ ਦੀ ਰੈਂਕਿੰਗ ਸੁਧਰੀ, 166ਵੇਂ ਤੋਂ ਘੱਟ ਕੇ 98ਵੇਂ ਨੰਬਰ 'ਤੇ ਪੁੱਜਾ

01/02/2020 12:10:25 PM

ਜਲੰਧਰ (ਖੁਰਾਣਾ)— ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਨੇ ਦੇਸ਼ ਦੇ ਸਾਰੇ ਸ਼ਹਿਰਾਂ 'ਚ ਸਵੱਛਤਾ ਸਰਵੇਖਣ ਕਰਵਾਉਣ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਉਸ ਤਹਿਤ ਪਿਛਲੇ ਸਾਲ 10 ਲੱਖ ਤੋਂ ਘੱਟ ਆਬਾਦੀ ਵਾਲੇ ਛੋਟੇ ਸ਼ਹਿਰਾਂ 'ਚ ਜਲੰਧਰ ਦਾ ਨਾਂ 166ਵੇਂ ਨੰਬਰ 'ਤੇ ਸੀ ਪਰ ਇਸ ਵਾਰ ਅੱਧੇ ਸਵੱਛਤਾ ਸਰਵੇਖਣ ਭਾਵ ਪਹਿਲੀਆਂ ਦੋ ਤਿਮਾਈਆਂ 'ਚ ਜਲੰਧਰ ਦਾ ਨਾਂ ਸੁਧਰ ਕੇ 98ਵੇਂ ਰੈਂਕ 'ਤੇ ਆ ਗਿਆ ਹੈ। ਸ਼ਹਿਰ ਲਈ ਸਕੂਨ ਵਾਲੀ ਗੱਲ ਇਹ ਹੈ ਕਿ ਪੂਰੇ ਪੰਜਾਬ 'ਚ ਇਸ ਕੈਟਾਗਰੀ 'ਚ ਜਲੰਧਰ ਦੂਜੇ ਰੈਂਕ 'ਤੇ ਹੈ, ਪਹਿਲੇ 'ਤੇ ਅਜੇ ਵੀ ਬਠਿੰਡਾ ਦਾ ਕਬਜ਼ਾ ਹੈ। ਜ਼ਿਕਰਯੋਗ ਹੈ ਕਿ ਲੁਧਿਆਣਾ ਅਤੇ ਅੰਮ੍ਰਿਤਸਰ ਸ਼ਹਿਰਾਂ ਦੀ ਆਬਾਦੀ ਜਲੰਧਰ ਤੋਂ ਵੱਧ ਹੋਣ ਕਰਕੇ ਦੋਵੇਂ ਨਿਗਮ ਇਸ ਕੈਟਾਗਰੀ 'ਚ ਸ਼ਾਮਲ ਨਹੀਂ ਹਨ।

ਅਪਲੋਡ ਹੋਏ ਕਾਗਜ਼ਾਂ 'ਤੇ ਤਿਆਰ ਹੋਈ ਰੈਂਕਿੰਗ
ਸਵੱਛਤਾ ਸਰਵੇਖਣ ਨੂੰ ਚਾਰ ਤਿਮਾਹੀਆਂ 'ਚ ਵੰਡਣ ਦੌਰਾਨ ਪ੍ਰਕਿਰਿਆ ਮੁਤਾਬਕ ਸ਼ਹਿਰਾਂ ਨੂੰ ਰੈਂਕ ਲੈਣ ਲਈ ਸਵੱਛਤਾ ਦੇ ਮਾਮਲੇ 'ਚ ਵੱਖ-ਵੱਖ ਦਸਤਾਵੇਜ਼ ਵਿਭਾਗ ਦੀ ਸਾਈਟ 'ਤੇ ਅਪਲੋਡ ਕਰਨੇ ਹੁੰਦੇ ਹਨ। ਇਸ ਲਈ ਡੇਲੀ ਰਿਪੋਰਟ, ਮਹੀਨਾਵਾਰ ਅਤੇ ਤਿਮਾਹੀ ਰਿਪੋਰਟ ਭੇਜੀ ਜਾਂਦੀ ਹੈ, ਜਿਸ ਆਧਾਰ 'ਤੇ ਸ਼ਹਿਰਾਂ ਨੂੰ ਨੰਬਰ ਮਿਲਦੇ ਹਨ।

ਜ਼ਮੀਨੀ ਪੱਧਰ 'ਤੇ ਨਹੀਂ ਹੋਇਆ ਸਰਵੇਖਣ
ਕੇਂਦਰ ਸਰਕਾਰ ਨੇ ਅਕਤੂਬਰ 2014 'ਚ ਸਵੱਛਤ ਭਾਰਤ ਮਿਸ਼ਨ ਲਾਗੂ ਕੀਤਾ ਸੀ। ਜਿਸ ਤਹਿਤ ਹਰ ਸਾਲ ਸ਼ਹਿਰਾਂ ਦਾ ਸਵੱਛਤਾ ਸਰਵੇਖਣ ਹੁੰਦਾ ਆਇਆ ਹੈ। ਇਸ ਵਾਰ ਕੇਂਦਰ ਸਰਕਾਰ ਨੇ ਸਰਵੇਖਣ ਦਾ ਕੰਮ ਵਿਦੇਸ਼ੀ ਕੰਪਨੀਆਂ ਨੂੰ ਸੌਂਪਿਆ ਹੋਇਆ ਹੈ। ਵੱਖ-ਵੱਖ ਸ਼ਹਿਰਾਂ ਤੋਂ ਮਿਲੀਆਂ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਇਹ ਸਰਵੇਖਣ ਜ਼ਮੀਨੀ ਪੱਧਰ 'ਤੇ ਨਹੀਂ ਸਗੋਂ ਕਾਗਜ਼ੀ ਕਾਰਵਾਈ ਨਾਲ ਤਿਆਰ ਹੋ ਰਿਹਾ ਹੈ। ਨਿਗਮ ਜੋ ਦਾਅਵਾ ਕਰਦਾ ਹੈ ਉਸ ਦੀ ਥੋੜ੍ਹੀ ਬਹੁਤੀ ਜਾਂਚ ਕਰਨ ਤੋਂ ਬਾਅਦ ਨੰਬਰ ਦੇ ਦਿੱਤੇ ਜਾਂਦੇ ਹਨ, ਜਦੋਂਕਿ ਹੋਣਾ ਇਹ ਚਾਹੀਦਾ ਹੈ ਕਿ ਸਰਵੇਖਣ ਕਰਨ ਵਾਲੀਆਂ ਟੀਮਾਂ ਸਬੰਧਤ ਸ਼ਹਿਰ 'ਚ ਆ ਕੇ ਜ਼ਮੀਨੀ ਪੱਧਰ 'ਤੇ ਕੰਮ ਕਰਨ।

ਚਾਰਾਂ ਤਿਮਾਹੀਆਂ ਦਾ ਨਤੀਜਾ ਆਉਣਾ ਬਾਕੀ
ਜਲੰਧਰ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ 'ਚ ਕੂੜੇ ਦੀ ਸਥਿਤੀ 'ਚ ਕੁਝ ਖਾਸ ਸੁਧਾਰ ਨਹੀਂ ਆਇਆ ਅਤੇ ਅਜੇ ਵੀ ਸ਼ਹਿਰ ਸਫਾਈ ਦੇ ਮਾਮਲੇ 'ਚ ਬਹੁਤ ਪਿੱਛੇ ਚੱਲ ਰਿਹਾ ਹੈ। ਅਜਿਹੇ 'ਚ ਸੁਧਰੀ ਹੋਈ ਰੈਂਕਿੰਗ ਵੇਖ ਕੇ ਕਿਸੇ ਸ਼ਹਿਰ ਦੀ ਪਿੱਠ ਥਾਪੜਨਾ ਸਹੀ ਨਹੀਂ ਹੋਵੇਗਾ। ਨਿਗਮ ਅਧਿਕਾਰੀ ਖੁਦ ਮੰਨਦੇ ਹਨ ਕਿ ਸਵੱਛਤਾ ਸਰਵੇਖਣ ਵਾਲੀ ਕੋਈ ਟੀਮ ਸ਼ਹਿਰ 'ਚ ਆਈ ਹੋਵੇ ਇਸ ਬਾਰੇ ਉਨ੍ਹਾਂ ਨੂੰ ਖੁਦ ਕੋਈ ਜਾਣਕਾਰੀ ਨਹੀਂ ਹੈ। ਜ਼ਿਕਰਯੋਗ ਹੈ ਕਿ ਅਜੇ ਦੋ ਤਿਮਾਹੀਆਂ ਦਾ ਰਿਜ਼ਲਟ ਆਇਆ ਹੈ। ਦਸੰਬਰ ਨੂੰ ਖਤਮ ਹੋਈ ਤੀਜੀ ਤਿਮਾਹੀ ਦਾ ਨਤੀਜਾ ਆਉਣਾ ਅਜੇ ਬਾਕੀ ਹੈ ਅਤੇ ਨਵੀਂ ਤਿਮਾਹੀ ਦਾ ਸਰਵੇਖਣ 4 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਚਾਰਾਂ ਤਿਮਾਹੀਆਂ ਦਾ ਨਤੀਜਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਸਫਾਈ ਦੇ ਮਾਮਲੇ 'ਚ ਜਲੰਧਰ ਕਿੱਥੇ ਟਿਕਦਾ ਹੈ।

shivani attri

This news is Content Editor shivani attri