ਜਲੰਧਰ 'ਚ ਟਲਿਆ ਵੱਡਾ ਹਾਦਸਾ, ਰੇਲਵੇ ਸਟੇਸ਼ਨ 'ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ’ਚ ਲੱਗੀ ਅੱਗ

04/10/2022 2:03:00 PM

ਜਲੰਧਰ (ਗੁਲਸ਼ਨ)– ਸ਼ਨੀਵਾਰ ਸ਼ਾਮੀਂ ਅੰਮ੍ਰਿਤਸਰ ਤੋਂ ਚੱਲ ਕੇ ਨਵੀਂ ਦਿੱਲੀ ਜਾਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ (12498) ’ਚ ਚੱਲਦੀ ਟਰੇਨ ਵਿਚ ਅੱਗ ਲੱਗ ਗਈ ਪਰ ਆਰ. ਪੀ. ਐੱਫ਼. ਦੀ ਚੌਕਸੀ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਆਰ. ਪੀ. ਐੱਫ਼. ਕਰਮਚਾਰੀਆਂ ਵੱਲੋਂ ਤੁਰੰਤ ਯਾਤਰੀਆਂ ਨੂੰ ਟਰੇਨ ਵਿਚੋਂ ਬਾਹਰ ਕੱਢ ਕੇ ਅੱਗ ਬੁਝਾਊ ਯੰਤਰ ਨਾਲ ਅੱਗ ਬੁਝਾਈ ਗਈ। ਘਟਨਾ ਕਾਰਨ ਟਰੇਨ ਪਲੇਟਫਾਰਮ ਨੰਬਰ 2 ’ਤੇ ਲਗਭਗ 35 ਮਿੰਟ ਖੜ੍ਹੀ ਰਹੀ।

ਜਾਣਕਾਰੀ ਮੁਤਾਬਕ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਜਦੋਂ ਬਿਆਸ ਰੇਲਵੇ ਸਟੇਸ਼ਨ ਤੋਂ ਨਿਕਲੀ ਤਾਂ ਉਸ ਦੇ ਡੀ-14 ਕੋਚ ਦੇ ਹੇਠੋਂ ਧੂੰਆਂ ਉੱਠਣ ਲੱਗਾ, ਜਿਹੜਾ ਹੌਲੀ-ਹੌਲੀ ਵਧਦਾ ਗਿਆ। ਟਰੇਨ ਜਲੰਧਰ ਸਿਟੀ ਸਟੇਸ਼ਨ ਦੇ ਆਊਟਰ ’ਤੇ ਦੋਮੋਰੀਆ ਪੁਲ ਨੇੜੇ ਪੁੱਜੀ ਤਾਂ ਟਰੇਨ ਵਿਚੋਂ ਉੱਠ ਰਿਹਾ ਧੂੰਏਂ ਦਾ ਗੁਬਾਰ ਵੇਖ ਕੇ ਡਿਊਟੀ ’ਤੇ ਤਾਇਨਾਤ ਆਰ. ਪੀ. ਐੱਫ਼. ਨੇ ਇੰਸ. ਮੋਹਨ ਲਾਲ ਨੂੰ ਇਸ ਦੀ ਸੂਚਨਾ ਦਿੱਤੀ। ਟਰੇਨ ਜਿਉਂ ਹੀ ਪਲੇਟਫਾਰਮ ਨੰਬਰ 2 ’ਤੇ ਆ ਕੇ ਰੁਕੀ ਤਾਂ ਉਥੇ ਧੂੰਆਂ ਹੀ ਧੂੰਆਂ ਫੈਲ ਗਿਆ। ਕੋਚ ਵਿਚ ਸਵਾਰ ਯਾਤਰੀਆਂ ਵਿਚ ਦਹਿਸ਼ਤ ਫੈਲ ਗਈ।

ਇਹ ਵੀ ਪੜ੍ਹੋ: ਕਪੂਰਥਲਾ: ਕਲਯੁੱਗੀ ਚਾਚੇ ਦਾ ਸ਼ਰਮਨਾਕ ਕਾਰਾ, ਧੀਆਂ ਵਰਗੀ ਦਿਵਿਆਂਗ ਭਤੀਜੀ ਦੀ ਰੋਲੀ ਪੱਤ

ਆਰ. ਪੀ. ਐੱਫ਼. ਸਟਾਫ਼ ਨੇ ਚੌਕਸੀ ਵਰਤਦਿਆਂ ਤੁਰੰਤ ਅੱਗ ਬੁਝਾਊ ਯੰਤਰ ਦੀ ਵਰਤੋਂ ਕਰਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਸਟੇਸ਼ਨ ਸੁਪਰਡੈਂਟ ਆਰ. ਕੇ. ਬਹਿਲ, ਡਿਪਟੀ ਐੱਸ. ਐੱਸ., ਕੈਰਿਜ ਐਂਡ ਵੈਗਨ ਦੇ ਸੀਨੀਅਰ ਸੈਕਸ਼ਨ ਇੰਜੀਨਅਰ ਸੁਨੀਲ ਕੁਮਾਰ ਸਮੇਤ ਕਈ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਹਾਲਾਤ ’ਤੇ ਕਾਬੂ ਪਾਇਆ। ਰੇਲਵੇ ਕਰਮਚਾਰੀਆਂ ਮੁਤਾਬਕ ਚੱਲਦੀ ਟਰੇਨ ਦੇ ਪਹੀਏ ਜਾਮ ਹੋ ਗਏ ਸਨ। ਪਹੀਏ ਰੇਲ ਲਾਈਨਾਂ ਨਾਲ ਘਿਸਣ ਕਾਰਨ ਅੱਗ ਨਿਕਲਣ ’ਤੇ ਧੂੰਆਂ ਉੱਠਣ ਲੱਗਾ। ਚੰਗੀ ਕਿਸਮਤ ਨੂੰ ਕੋਈ ਵੱਡਾ ਹਾਦਸਾ ਨਹੀਂ ਹੋਇਆ।

ਸ਼ਾਮੀਂ 5 ਵਜੇ ਸਬੰਧਤ ਮਹਿਕਮੇ ਦੇ ਕਰਮਚਾਰੀਆਂ ਨੂੰ ਪਹੀਏ ਰਿਲੀਜ਼ ਕਰਕੇ ਆਪਣੇ ਵੱਲੋਂ ਟਰੇਨ ਨੂੰ ਫਿਟ ਕਰਾਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਆਪਣੀ ਹਾਜ਼ਰੀ ਵਿਚ ਟਰੇਨ ਨੂੰ ਰਵਾਨਾ ਕੀਤਾ। ਇਸ ਦੌਰਾਨ ਪਿੱਛਿਓਂ ਆ ਰਹੀ ਸਰਬੱਤ ਦਾ ਭਲਾ ਟਰੇਨ ਨੂੰ ਪਲੇਟਫਾਰਮ ਨੰਬਰ 1 ਤੋਂ ਕੱਢਿਆ ਗਿਆ। ਸ਼ਾਨ-ਏ-ਪੰਜਾਬ ਸ਼ਾਮੀਂ 4.25 ਵਜੇ ਸਟੇਸ਼ਨ ’ਤੇ ਪੁੱਜੀ ਅਤੇ 5.05 ’ਤੇ ਇਥੋਂ ਨਵੀਂ ਦਿੱਲੀ ਲਈ ਰਵਾਨਾ ਹੋਈ।

ਇਹ ਵੀ ਪੜ੍ਹੋ: ਫਿਲੌਰ ਪੁਲਸ ਹੱਥ ਲੱਗੀ ਵੱਡੀ ਕਾਮਯਾਬੀ ਲਾਪ੍ਰਵਾਹੀ ਕਾਰਨ ਨਾਕਾਮਯਾਬੀ ’ਚ ਬਦਲੀ, ਜਾਣੋ ਪੂਰਾ ਮਾਮਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri