''ਜਲੰਧਰ ਨੇ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕਰਕੇ ਸ਼ਿਕਾਇਤ ਨਿਵਾਰਨ ''ਚ ਪੰਜਾਬ ਭਰ ''ਚ ਮੋਹਰੀ ਸਥਾਨ ਕੀਤਾ ਹਾਸਲ''

04/13/2022 8:22:46 PM

ਜਲੰਧਰ (ਬਿਊਰੋ)- ਜਲੰਧਰ ਪ੍ਰਸ਼ਾਸਨ ਨੇ ਪੀ. ਜੀ. ਆਰ.ਐੱਸ. ਪੋਰਟਲ 'ਤੇ ਦਾਇਰ ਵੱਧ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਸਿਰਫ਼ 0.05 ਫੀਸਦੀ ਪੈਂਡੈਂਸੀ ਦਰ ਨਾਲ ਸਮਾਂਬੱਧ ਢੰਗ ਨਾਲ ਕਰਕੇ ਸ਼ਿਕਾਇਤ ਨਿਵਾਰਣ ਵਿੱਚ ਸੂਬੇ ਭਰ 'ਚ ਮੋਹਰੀ ਸਥਾਨ ਹਾਸਲ ਕੀਤਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 3687 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕੁੱਲ 3587 ਦਾ ਨਿਪਟਾਰਾ ਸਮਾਂ ਸੀਮਾ 'ਚ ਕੀਤਾ ਜਾ ਚੁੱਕਾ ਹੈ ਅਤੇ ਸਿਰਫ਼ 100 ਸ਼ਿਕਾਇਤਾਂ ਹੀ ਬਕਾਇਆ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਿਰਫ ਦੋ ਸ਼ਿਕਾਇਤਾਂ ਹੀ ਸਮਾਂ ਸੀਮਾ ਤੋਂ ਬਾਅਦ ਪੈਂਡਿੰਗ ਹਨ ਜਦਕਿ ਬਾਕੀ ਸ਼ਿਕਾਇਤਾਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਹਨ। ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਪ੍ਰਾਪਤੀ ਦੇ ਨਤੀਜੇ ਵਜੋਂ ਸੂਬੇ 'ਚ ਸਮਾਂ ਸੀਮਾ ਤੋਂ ਬਾਅਦ ਸਭ ਤੋਂ ਘੱਟ ਫ਼ੀਸਦੀ ਪੈਂਡਿੰਗ ਸੀ। ਸਿਰਫ਼ 100 ਸ਼ਿਕਾਇਤਾਂ ਹੀ ਜਾਂਚ ਅਧੀਨ ਹਨ, ਜੋ ਸਮਾਂ-ਸੀਮਾ ਦੇ ਅੰਦਰ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੀ.ਬੀ.-ਪੀ.ਜੀ.ਆਰ.ਏ.ਐੱਮ.ਐੱਸ. ਪੋਰਟਲ ਦੀ ਸ਼ੁਰੂਆਤ ਜਨਤਕ ਸ਼ਿਕਾਇਤਾਂ ਦਾ ਸਮਾਂਬੱਧ ਤੇ ਸੁਚਾਰੂ ਹੱਲ ਪ੍ਰਦਾਨ ਕਰਨ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੋਰਟਲ ਦਾ ਉਦੇਸ਼ ਹਰ ਕਿਸਮ ਦੀਆਂ ਸ਼ਿਕਾਇਤਾਂ ਲਈ ਵਨ-ਸਟਾਪ ਡਿਜੀਟਲ ਪਲੇਟਫਾਰਮ ਪ੍ਰਦਾਨ ਕਰਨਾ ਹੈ, ਜਿਸ 'ਚ ਸ਼ਿਕਾਇਤਾਂ ਦੇ ਸਮਾਂਬੱਧ ਹੱਲ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਸ ਵਿਲੱਖਣ ਪ੍ਰਣਾਲੀ 'ਤੇ ਦਾਇਰ ਕੀਤੇ ਗਏ ਕਿਸੇ ਵੀ ਮਾਮਲੇ ਦਾ ਨਿਪਟਾਰਾ ਮਿਤੀ ਤੋਂ ਸੱਤ ਦਿਨਾਂ ਦੀ ਮਿਆਦ ਦੇ ਅੰਦਰ ਕੀਤਾ ਜਾਂਦਾ ਹੈ। 

ਇਹ ਖ਼ਬਰ ਪੜੋ- ਸਪੇਨ ਦਾ ਸ਼ਹਿਰ ਮਲਾਗਾ ਕਰੇਗਾ 2022-23 'ਚ ਡੇਵਿਸ ਕੱਪ ਫਾਈਨਲਜ਼ ਦੀ ਮੇਜ਼ਬਾਨੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਾਗਰਿਕਾਂ ਨੂੰ ਪੋਰਟਲ 'ਤੇ ਸ਼ਿਕਾਇਤਾਂ ਦਰਜ ਕਰਨ ਵਿਚ ਸਹਾਇਤਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਸੇਵਾ ਕੇਂਦਰਾਂ ਵਿਚ ਸ਼ਿਕਾਇਤ ਦਰਜ ਕਰਨ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਜਾਂ ਤਾਂ ਸਿੱਧੇ ਤੌਰ 'ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਜਾਂ ਲੋੜੀਂਦੇ ਦਸਤਾਵੇਜ਼ਾਂ ਨਾਲ ਸ਼ਿਕਾਇਤ ਦਰਜ ਕਰਵਾਉਣ ਲਈ ਨੇੜਲੇ ਸੇਵਾ ਕੇਂਦਰਾਂ 'ਤੇ ਜਾ ਸਕਦੇ ਹਨ। ਸੇਵਾ ਕੇਂਦਰ ਵੱਲੋਂ 10 ਰੁਪਏ ਸਰਵਿਸ ਫੀਸ ਇਕੱਤਰ ਕੀਤੀ ਜਾਂਦੀ ਹੈ। ਘਨਸ਼ਿਆਮ ਥੋਰੀ ਨੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਇਸ ਪੋਰਟਲ ਦੀ ਵਰਤੋਂ ਕਰਨ ਲਈ ਕਿਹਾ।

ਇਹ ਖ਼ਬਰ ਪੜ੍ਹੋ-ਬੇਂਜੇਮਾ ਦੇ ਗੋਲ ਨਾਲ ਰੀਆਲ ਮੈਡ੍ਰਿਡ ਚੈਂਪੀਅਨਸ ਲੀਗ ਸੈਮੀਫਾਈਨਲ 'ਚ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਰਟਲ 'ਤੇ ਨਾਗਰਿਕਾਂ ਵੱਲੋਂ ਦਰਜ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਲਈ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਡਿਜੀਟਲ ਮਾਧਿਅਮ ਰਾਹੀਂ ਨਾਗਰਿਕਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਨੂੰ ਪਹਿਲੀ ਤਰਜੀਹ ਦੇਣ ਲਈ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਇਸ ਪੋਰਟਲ ਨੂੰ ਜਲੰਧਰ ਵਿੱਚ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਵਲੋਂ ਦਿਖਾਈ ਭਾਵਨਾ ਦੀ ਵੀ ਸ਼ਲਾਘਾ ਕੀਤੀ ਅਤੇ ਅਧਿਕਾਰੀਆਂ ਨੂੰ ਨਾਗਰਿਕ ਸੇਵਾ ਪ੍ਰਤੀ ਇਸ ਤਰ੍ਹਾਂ ਦੇ ਜੋਸ਼ ਅਤੇ ਜਜ਼ਬੇ ਦਾ ਪ੍ਰਦਰਸ਼ਨ ਕਰਦੇ ਰਹਿਣ ਦੀ ਹਦਾਇਤ ਦਿੱਤੀ।
 
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

 

Gurdeep Singh

This news is Content Editor Gurdeep Singh