ਸੂਬਾ ਸਰਕਾਰ ਤੁਰੰਤ ਦੇਵੇ ਗੰਨੇ ਦਾ ਬਕਾਇਆ : ਕਿਸਾਨ

04/21/2019 4:35:12 AM

ਜਲੰਧਰ (ਬੈਂਸ)-ਬੀਤੇ ਦਿਨੀਂ ਇਲਾਕੇ ਦੇ ਉੱਘੇ ਕਿਸਾਨ ਆਗੂ ਤੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗਡ਼੍ਹ ਦੇ ਵਾਈਸ ਪ੍ਰਧਾਨ ਨੰਬਰਦਾਰ ਤੇ ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਿਸਾਨਾਂ ਦਾ 2017 ਤੇ 2018 ਦਾ ਗੰਨੇ ਦਾ ਰਹਿੰਦਾ ਬਕਾਇਆ ਤੁਰੰਤ ਰਿਲੀਜ਼ ਕਰਵਾਏ। ਉਕਤ ਕਿਸਾਨ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਗੰਨਾ ਕਾਸ਼ਤਕਾਰਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਮਈ ’ਚ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਰਹਿੰਦੇ ਸਾਰੇ ਬਕਾਏ ਦਾ ਭੁਗਤਾਨ ਤੁਰੰਤ ਕਰ ਦੇਵੇਗੀ ਤੇ ਨਾਲ-ਨਾਲ ਨਿੱਜੀ ਮਿੱਲਾਂ ਦੀ ਗੰਨੇ ਸਬੰਧੀ ਪ੍ਰਤੀ ਕੁਇੰਟਲ 285 ਰੁਪਏ ਦੀ ਕੀਤੀ ਖਰੀਦ ਤਹਿਤ 25 ਰੁਪਏ ਦੇ ਹਿਸਾਬ ਸੂਬਾ ਸਰਕਾਰ ਹਰ ਗੰਨਾ ਕਾਸ਼ਤਕਾਰ ਦੇ ਬੈਂਕ ਖਾਤੇ ’ਚ ਪਾ ਦੇਵੇਗੀ। ਸਰਕਾਰ ਨੇ ਆਪਣੇ ਦੋਵੇਂ ਵਾਅਦੇ ਪੂਰੇ ਨਹੀਂ ਕੀਤੇ। ਉਲਟਾ 2018-19 ਸੀਜ਼ਨ ਦੀ ਖਰੀਦ ਸਬੰਧੀ ਗੰਨੇ ਦੀ ਅਦਾਇਗੀ ਦਾ ਕੰਮ ਵੀ ਬਹੁਤ ਹੀ ਮੱਧਮ ਰਫਤਾਰ ਨਾਲ ਚੱਲ ਰਿਹੈ। ਉਕਤ ਕਿਸਾਨ ਆਗੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਦੋਵੇਂ ਕੀਤੇ ਵਾਅਦੇ ਤੁਰੰਤ ਪੂਰੇ ਨਾ ਕੀਤੇ ਤਾਂ ਇਸ ਦਾ ਖਮਿਆਜ਼ਾ ਪੰਜਾਬ ਸਰਕਾਰ ਨੂੰ ਮਈ 2019 ਦੀਆਂ ਲੋਕ ਸਭਾ ਚੋਣਾਂ ’ਚ ਭੁਗਤਣਾ ਪਵੇਗਾ। ਉਕਤ ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੂਬੇ ’ਚ ਝੋਨੇ ਦੀ ਲਵਾਈ ਪਹਿਲੀ ਜੂਨ ਤੋਂ ਪਹਿਲਾਂ ਕਰਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ 15 ਜੂਨ ਤੋਂ ਬਾਅਦ ਲੱਗਣ ਵਾਲੇ ਝੋਨੇ ਦੀ ਕਟਾਈ ਸਮੇਂ ਨਮੀ ਦੀ ਮਾਤਰਾ ਜ਼ਿਆਦਾ ਰਹਿੰਦੀ ਹੈ, ਜਿਸ ਕਾਰਨ ਮੰਡੀਕਰਨ ਸਮੇਂ ਕਿਸਾਨਾਂ ਦੀ ਸ਼ਰੇਆਮ ਲੁੱਟ-ਖਸੁੱਟ ਹੁੰਦੀ ਹੈ। ਦੋਵੇਂ ਮੰਗਾਂ ਨੂੰ ਪੰਜਾਬ ਸਰਕਾਰ ਕਿਸ ਹੱਦ ਤੱਕ ਪੂਰੀਆਂ ਕਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।