ਰਾਹੁਲ ਗਾਂਧੀ ਦਾ ਮਾਸਟਰ ਸਟਰੋਕ

01/24/2019 10:26:31 AM

ਜਲੰਧਰ (ਚੋਪੜਾ)- ਲੰਮੀ ਉਡੀਕ ਤੋਂ ਬਾਅਦ ਗਾਂਧੀ ਪਰਿਵਾਰ ਦੀ ਤੀਜੀ ਪੀੜ੍ਹੀ ਦੀ ਮੈਂਬਰ ਪ੍ਰਿਯੰਕਾ ਗਾਂਧੀ ਵਢੇਰਾ ਦਾ ਦੇਸ਼ ਦੀ ਸਿਆਸਤ ’ਚ ਸਰਗਰਮ ਤੌਰ ’ਤੇ ਉੱਤਰਨ ਦਾ ਐਲਾਨ ਹੋ ਗਿਆ। ਕਾਂਗਰਸ ਪਾਰਟੀ ਨੇ ਪ੍ਰਿਯੰਕਾ ਗਾਂਧੀ ਨੂੰ ਜਨਰਲ ਸਕੱਤਰ ਬਣਾਇਆ ਹੈ ਅਤੇ ਉਨ੍ਹਾਂ ਨੂੰ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜੀ ਸੌਂਪੀ ਗਈ ਹੈ। ਕਾਂਗਰਸ ਦੇ ਇਸ ਫੈਸਲੇ ਤੋਂ ਬਾਅਦ ਵਰਕਰਾਂ ’ਚ ਭਰਪੂਰ ਜੋਸ਼ ਦੇਖਣ ਨੂੰ ਮਿਲਿਆ ਹੈ। ਇਸ ਸੰਦਰਭ ’ਚ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਸਟਰ ਸਟਰੋਕ ਦੱਸਦਿਆਂ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਜਿਸ ਦਾ ਵੇਰਵਾ ਇਸ ਤਰ੍ਹਾਂ ਹੈ।ਇੰਦਰਾ ਗਾਂਧੀ ਯੁੱਗ ਦਾ ਮੁੜ ਹੋਵੇਗਾ ਆਗਾਜ਼ : ਅਵਤਾਰ ਹੈਨਰੀਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੂਬਾ ਕਾਂਗਰਸ ਦੇ ਮੀਤ ਪ੍ਰਧਾਨ ਅਵਤਾਰ ਹੈਨਰੀ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਵਢੇਰਾ ਦੇ ਸਰਗਰਮ ਸਿਆਸਤ ’ਚ ਸ਼ਾਮਲ ਹੋਣ ਨਾਲ ਦੇਸ਼ ਵਿਚ ਇੰਦਰਾ ਗਾਂਧੀ ਯੁੱਗ ਦਾ ਆਗਾਜ਼ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਵਿਚ ਤਾਂ ਹਮੇਸ਼ਾ ਹੀ ਸਵ. ਇੰਦਰਾ ਗਾਂਧੀ ਦਾ ਅਕਸ ਨਜ਼ਰ ਆਉਂਦਾ ਹੈ। ਪ੍ਰਿਯੰਕਾ ਆਪਣੇ ਭਰਾ ਰਾਹੁਲ ਨਾਲ ਮਿਲ ਕੇ ਜਿੱਥੇ ਕਾਂਗਰਸ ਨੂੰ ਬੁਲੰਦੀਆਂ ’ਤੇ ਲੈ ਕੇ ਜਾਵੇਗੀ ਉਥੇ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿਚ ਦੇਸ਼ ਵਿਚ ਪੈਦਾ ਹੋਏ ਅਰਾਜਕਤਾ ਦੇ ਮਾਹੌਲ ਦਾ ਖਾਤਮਾ ਕਰਨ ਵਿਚ ਸਹਾਇਕ ਸਾਬਤ ਹੋਵੇਗੀ।