ਜਲੰਧਰ ਦੇ ਬਿਜ਼ਨੈੱਸਮੈਨ ਨਾਲ 72 ਲੱਖ ਦਾ ਫਰਾਡ ਕਰਨ ਵਾਲੀ ਦਿੱਲੀ ਦੀ ਕੰਪਨੀ ਦਾ ਪਲਾਨਰ ਗ੍ਰਿਫਤਾਰ

01/23/2019 10:39:39 AM

ਜਲੰਧਰ (ਜ.ਬ.)– ਨਵੀਂ ਦਿੱਲੀ ਦੀ ਰਿੰਗ-ਰਿੰਗ ਬੈੱਲਜ਼ ਨਾਮਕ ਕੰਪਨੀ ਦੇ ਪਲਾਨਰ ਨੂੰ ਪੁਲਸ ਨੇ 72 ਲੱਖ ਦਾ ਫਰਾਡ ਕਰਨ ਦੇ ਕੇਸ ’ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਪਲਾਨਰ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਜਲੰਧਰ ਦੇ ਬਿਜ਼ਨੈੱਸਮੈਨ ਸੰਜੀਵ ਕੁਮਾਰ ਦੇ ਬਿਆਨਾਂ ’ਤੇ ਕੰਪਨੀ ਦੇ ਪ੍ਰੈਜ਼ੀਡੈਂਟ, ਡਾਇਰੈਕਟਰ ਸਮੇਤ 7 ਲੋਕਾਂ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਥਾਣਾ ਨੰ. 6 ਦੇ ਮੁਖੀ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਏ. ਐੱਸ. ਆਈ. ਰਣਜੀਤ ਸਿੰਘ ਨੇ ਗੁਪਤ ਸੂਚਨਾ ’ਤੇ ਚੁਨਮੁਨ ਚੌਕ ਨੇੜੇ ਰੇਡ ਕਰ ਕੇ ਲੱਖਾਂ ਰੁਪਿਆਂ ਦੀ ਠੱਗੀ ਦੇ ਮਾਮਲੇ ’ਚ ਸ਼ਾਮਲ ਰਜਿੰਦਰ ਉਰਫ ਰਾਜ ਭਾਟੀਆ ਪੁੱਤਰ ਦਰਸ਼ਨ ਸਿੰਘ ਵਾਸੀ ਆਲਮਗੀਰ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਮਾਡਲ ਟਾਊਨ ਸਥਿਤ ਬਾਜਵਾ ਕੰਪਲੈਕਸ ਵਿਚ ਰਾਘਵ ਇੰਟਰਪ੍ਰਾਈਜ਼ਿਜ਼ ਦੇ ਨਾਂ ਨਾਲ ਕਾਰੋਬਾਰ ਕਰਦਾ ਹੈ। ਸੰਜੀਵ ਨੇ ਦੋਸ਼ ਲਾਏ ਸਨ ਕਿ 2017 ਵਿਚ ਉਨ੍ਹਾਂ ਨੇ ਆਪਣੇ ਜਾਣਕਾਰਾਂ ਦੇ ਜ਼ਰੀਏ ਨਵੀਂ ਦਿੱਲੀ ਦੇ ਵਿਕਾਸ ਮਾਰਗ ਸਥਿਤ ਰਿੰਗ-ਰਿੰਗ ਬੈੱਲਜ਼ ਪ੍ਰਾਈਵੇਟ ਲਿਮ. ਕੰਪਨੀ ਨਾਲ ਸੰਪਰਕ ਕੀਤਾ ਸੀ। ਉਹ ਕੰਪਨੀ ਮੋਬਾਇਲ ਅਤੇ ਮੋਬਾਇਲ ਅਸੈਸਰੀ ਬਣਾਉਣ ਦਾ ਕੰਮ ਕਰਦੀ ਹੈ। ਕੰਪਨੀ ਦੇ ਸੀ. ਈ. ਓ., ਪ੍ਰੈਜ਼ੀਡੈਂਟ, ਡਾਇਰੈਕਟਰ ਅਤੇ ਪਲਾਨਰ ਰਜਿੰਦਰ ਭਾਟੀਆ ਅਤੇ ਰਾਜ ਭਾਟੀਆ ਨੇ ਉਸ ਨੂੰ ਸਾਰਾ ਪਲਾਨ ਸਮਝਾਇਆ। ਇਨ੍ਹਾਂ ਲੋਕਾਂ ਨੇ ਸੰਜੀਵ ਨੂੰ ਝਾਂਸਾ ਦਿੱਤਾ ਕਿ ਜੇ ਉਹ ਕੰਪਨੀ ਨੂੰ ਸਕਿਓਰਿਟੀ ਦੇ ਰੂਪ ’ਚ 11 ਲੱਖ ਰੁਪਏ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਹਰਿਆਣਾ ਦਾ ਸੀ. ਐਂਡ ਐੱਫ. ਏਜੰਟ ਬਣਾਇਆ ਜਾਵੇਗਾ ਅਤੇ ਉਸ ਨੂੰ 1 ਕਰੋੜ ਦੀ ਸੇਲ ਵਿਚੋਂ 2 ਫੀਸਦੀ ਕਮਿਸ਼ਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜੇ ਉਹ 40 ਲੱਖ ਰੁਪਏ ਜਮ੍ਹਾ ਕਰਵਾਉਂਦਾ ਹੈ ਤਾਂ ਉਸ ਨੂੰ ਪੰਜਾਬ ਦੀ ਕਮਾਨ ਸੌਂਪ ਦਿੱਤੀ ਜਾਵੇਗੀ ਅਤੇ ਪੰਜਾਬ ਵਿਚ ਪੌਣੇ 2 ਲੱਖ ਰੁਪਏ ਦੀ ਸੇਲ ਕਰਨ ’ਤੇ 2 ਫੀਸਦੀ ਕਮਿਸ਼ਨ ਦਿੱਤਾ ਜਾਵੇਗਾ।ਸੰਜੀਵ ਨੇ ਕੰਪਨੀ ਦੇ ਅਧਿਕਾਰੀਆਂ ਦੇ ਝਾਂਸੇ ’ਚ ਆ ਕੇ 62.60 ਲੱਖ ਰੁਪਏ ਕੰਪਨੀ ਦੇ ਬੈਂਕ ਖਾਤੇ ’ਚ ਆਨਲਾਈਨ ਟਰਾਂਸਫਰ ਕਰ ਦਿੱਤੇ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਕੰਪਨੀ ਨੇ ਸੰਜੀਵ ਕੁਮਾਰ ਨੂੰ ਮਾਲ ਹੀ ਨਹੀਂ ਭੇਜਿਆ। ਵਾਰ-ਵਾਰ ਕਾਲ ਕਰਨ ’ਤੇ ਜੋ ਮਾਲ ਭੇਜਿਆ ਗਿਆ, ਉਹ ਕਾਫੀ ਘਟੀਆ ਕੁਆਲਿਟੀ ਦਾ ਸੀ। ਸੰਜੀਵ ਨੇ ਕਿਹਾ ਕਿ ਉਸ ਨੇ ਜੋ ਮਾਲ ਮੰਗਵਾਇਆ ਸੀ, ਉਸ ਦੀ ਪੇਮੈਂਟ ਮਿਲਾ ਕੇ ਕੁੱਲ 72 ਲੱਖ ਰੁਪਏ ਕੰਪਨੀ ਵੱਲ ਹੋ ਗਏ ਸੀ। ਬਾਅਦ ਵਿਚ ਪਤਾ ਲੱਗਾ ਕਿ ਕੰਪਨੀ ਦੇ ਮੋਬਾਇਲ ਰਿਪੇਅਰ ਕਰਵਾਉਣ ਲਈ ਸਰਵਿਸ ਸੈਂਟਰ ਤੱਕ ਨਹੀਂ ਖੋਲ੍ਹੇ ਗਏ। ਸੰਜੀਵ ਨੇ ਦੱਸਿਆ ਕਿ ਰਿੰਗ-ਰਿੰਗ ਬੈੱਲਜ਼ ਕੰਪਨੀ ਦਾ ਮਾਲ ਜਦੋਂ ਮਾਰਕੀਟ ’ਚ ਆਇਆ ਤਾਂ ਕੁੱਝ ਹੀ ਸਮੇਂ ਬਾਅਦ ਦੁਕਾਨਦਾਰਾਂ ਨੇ ਵੀ ਮੋਬਾਇਲ ਘਟੀਆ ਕਹਿ ਕੇ ਸਾਰਾ ਮਾਲ ਚੁੱਕਣ ਨੂੰ ਕਹਿ ਦਿੱਤਾ। ਸੰਜੀਵ ਨੇ ਕੰਪਨੀ ਵਿਚ ਗੱਲ ਕੀਤੀ ਤਾਂ ਕੰਪਨੀ ਨੇ 60 ਫੀਸਦੀ ਘਾਟੇ ’ਚ ਮਾਲ ਵੇਚਣ ਨੂੰ ਕਿਹਾ ਪਰ ਫਿਰ ਵੀ ਦੁਕਾਨਦਾਰਾਂ ਨੇ ਸੇਲ ਕਰਨ ਤੋਂ ਮਨ੍ਹਾ ਕਰ ਦਿੱਤਾ। ਸੰਜੀਵ ਨੇ ਕੰਪਨੀ ਤੋਂ ਮੋਬਾਇਲ ਚੁੱਕਣ ਅਤੇ ਸਾਰੇ ਪੈਸੇ ਵਾਪਸ ਕਰਨ ਦੀ ਮੰਗ ਰੱਖੀ ਤਾਂ ਕੰਪਨੀ ਦੇ ਅਧਿਕਾਰੀਆਂ ਨੇ 38 ਲੱਖ ਰੁਪਏ ਦਾ ਚੈੱਕ ਸੰਜੀਵ ਨੂੰ ਦੇ ਦਿੱਤਾ ਪਰ ਉਹ ਬਾਊਂਸ ਹੋ ਗਿਆ। ਅਜਿਹੇ ਵਿਚ ਸੰਜੀਵ ਵਲੋਂ ਵਾਰ-ਵਾਰ ਪੈਸੇ ਮੰਗਣ ’ਤੇ ਉਸ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਸੰਜੀਵ ਨੇ ਜਲੰਧਰ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਸਾਰੀ ਜਾਂਚ ਤੋਂ ਬਾਅਦ ਥਾਣਾ ਨੰਬਰ 6 ਵਿਚ ਕੰਪਨੀ ਦੇ ਪ੍ਰੈਜ਼ੀਡੈਂਟ ਅਸ਼ੋਕ ਚੱਢਾ, ਵਿਵੇਕ ਪ੍ਰਤਾਪ ਸਿੰਘ, ਧਾਰਨਾ ਗੋਇਲ, ਡਾਇਰੈਕਟਰ ਮੋਹਿਤ ਗੋਇਲ, ਡਾਇਰੈਕਟਰ ਅਨਮੋਲ ਗੋਇਲ, ਸੁਮਿਤ ਅਤੇ ਪਲਾਨਰ ਰਜਿੰਦਰ ਉਰਫ ਰਾਜ ਭਾਟੀਆ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ। ਇੰਸ. ਬਰਾੜ ਦਾ ਕਹਿਣਾ ਹੈ ਕਿ ਬਾਕੀ ਦੇ ਨਾਮਜ਼ਦ ਲੋਕਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।