ਸਾਵਧਾਨ! ਕੈਂਸਰ ਦਾ ਕਾਰਨ ਬਣ ਰਿਹੈ ''ਰੋਸਟਡ ਮੀਟ''

12/08/2019 9:53:14 AM

ਜਲੰਧਰ (ਹਰਿੰਦਰ ਸ਼ਾਹ) - ਕੈਂਸਰ ਇਕ ਜਾਨਲੇਵਾ ਬੀਮਾਰੀ ਹੈ। ਖੁਰਾਕ ਅਤੇ ਕੈਂਸਰ ਦਾ ਸਬੰਧ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਅਧਿਐਨ ਮੁਤਾਬਕ 35 ਫੀਸਦੀ ਕੈਂਸਰ ਖੁਰਾਕ ਕਾਰਨ ਹੁੰਦੇ ਹਨ, ਜੋ ਰੋਕੇ ਜਾ ਸਕਦੇ ਹਨ। ਕੈਂਸਰ ਤੇ ਖੁਰਾਕ ਦੇ ਆਪਸੀ ਸਬੰਧ 'ਤੇ ਕਾਫੀ ਖੋਜਾਂ ਹੋਈਆਂ ਹਨ, ਜਿਨ੍ਹਾਂ 'ਚ ਦਰਸਾਇਆ ਗਿਆ ਕਿ ਜਾਨਵਰ ਦਾ ਮੀਟ, ਆਂਡੇ, ਚਿਕਨ, ਜੋ ਚਰਬੀ ਨਾਲ ਭਰਪੂਰ ਹੈ, ਇਨ੍ਹਾਂ ਦੇ ਸੇਵਨ ਨਾਲ ਕੈਂਸਰ ਜ਼ਿਆਦਾ ਹੁੰਦਾ ਹੈ। ਇਸ ਦੇ ਉਲਟ ਜਿਸ ਖੁਰਾਕ 'ਚ ਸਬਜ਼ੀਆਂ, ਫਲ ਤੇ ਰੇਸ਼ੇ ਵਾਲੇ ਪਦਾਰਥ ਹਨ ਉਸ ਨਾਲ ਕੈਂਸਰ ਘੱਟ ਹੁੰਦਾ ਹੈ। ਅਜਿਹੀ ਖੁਰਾਕ ਦਾ ਸੇਵਨ ਕਰ ਕੇ ਕੈਂਸਰ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਜਾਨਵਰਾਂ ਦੇ ਮਾਸ 'ਚ ਆਮ ਤੌਰ 'ਤੇ ਚਰਬੀ ਜ਼ਿਆਦਾ ਹੁੰਦੀ ਹੈ। ਜੇਕਰ ਮਾਸ ਨੂੰ ਸਿੱਧੇ ਅੱਗ 'ਤੇ ਰੋਸਟ ਜਾਂ ਗਰਿੱਲ ਕੀਤਾ ਜਾਂਦਾ ਹੈ ਤਾਂ ਉਸ 'ਚ ਮੌਜੂਦ ਚਰਬੀ ਨਾਲ ਪੋਲੀਸਾਈਕਲਿਕ ਹਾਈਡ੍ਰੋਕਾਰਬਨ ਇਕ ਕੈਮੀਕਲ ਪੈਦਾ ਹੁੰਦਾ ਹੈ ਜੋ ਅੰਤੜੀਆਂ, ਫੇਫੜਿਆਂ, ਚਮੜੀ ਅਤੇ ਪਖਾਨੇ ਦਾ ਕੈਂਸਰ ਪੈਦਾ ਕਰ ਸਕਦਾ ਹੈ। ਇਹ ਕੈਮੀਕਲ ਤੰਬਾਕੂ, ਕੋਲਾ ਅਤੇ ਸੜਕਾਂ 'ਤੇ ਪਾਈ ਜਾਣ ਵਾਲੀ ਲੁੱਕ ਨੂੰ ਸਾੜਣ ਨਾਲ ਵੀ ਪੈਦਾ ਹੁੰਦਾ ਹੈ। ਜੋ ਲੋਕ ਸ਼ਾਕਾਹਾਰੀ ਹਨ ਅਤੇ ਜ਼ਿਆਦਾ ਸਬਜ਼ੀਆਂ, ਫਲ ਅਤੇ ਗਿਰੀਆਂ ਨਾਲ ਭਰਪੂਰ ਖੁਰਾਕ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਕੈਂਸਰ ਇਸ ਲਈ ਘੱਟ ਹੁੰਦਾ ਹੈ ਕਿਉਂਕਿ ਇਨ੍ਹਾਂ ਪਦਾਰਥਾਂ 'ਚ ਵਿਟਾਮਿਨ, ਰੇਸ਼ਾ, ਮਿਨਰਲ ਅਤੇ ਫਾਈਟੋਕੈਮੀਕਲ ਹੁੰਦੇ ਹਨ ਜੋ ਐਂਟੀ-ਆਕਸੀਡੈਂਟ ਹੁੰਦੇ ਹਨ ਅਤੇ ਕੈਂਸਰ ਹੋਣ ਤੋਂ ਰੋਕਦੇ ਹਨ।

ਚਿਕਨ ਦਾ ਆਕਾਰ ਅਤੇ ਭਾਰ ਵਧਾਉਣ ਲਈ ਲਾਏ ਜਾ ਰਹੇ ਨੇ ਹਾਰਮੋਨ ਦੇ ਟੀਕੇ
ਬਾਜ਼ਾਰ 'ਚ ਵਿਕਣ ਵਾਲਾ ਚਿਕਨ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਉਸ ਦਾ ਆਕਾਰ ਅਤੇ ਭਾਰ ਹਾਰਮੋਨ ਦੇ ਟੀਕੇ ਲਾ ਕੇ ਵਧਾਇਆ ਜਾਂਦਾ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਕ ਇੰਟਰਨੈਸ਼ਨਲ ਪੱਤਰਿਕਾ 'ਸਾਇੰਸ ਆਫ ਟੋਟਲ ਇਨਵਾਇਰਨਮੈਂਟ' ਮੁਤਾਬਕ ਸਨ 2014 'ਚ ਸਾਰੇ ਵਿਸ਼ਵ 'ਚ ਚਿਕਨ ਦਾ ਆਕਾਰ ਅਤੇ ਭਾਰ ਵਧਾਉਣ ਲਈ 78000 ਟਨ ਐਂਟੀਬਾਇਓਟਿਕ ਅਤੇ ਭਾਰ ਵਧਾਉਣ ਵਾਲੇ ਹਾਰਮੋਨ ਦਿੱਤੇ ਗਏ ਸਨ। ਇਸ ਦੀ ਮਾਤਰਾ ਸੰਨ 2020 'ਚ ਵਧ ਕੇ 1,05,600 ਟਨ ਹੋ ਜਾਵੇਗੀ। ਵਿਦੇਸ਼ਾਂ 'ਚ ਚਿਕਨ ਪੈਕੇਟਾਂ 'ਚ ਮਿਲਦਾ ਹੈ। ਉਸ 'ਤੇ ਹਾਰਮੋਨ ਫ੍ਰੀ ਲਿਖਿਆ ਹੁੰਦਾ ਹੈ। ਇਸ ਲਈ ਮਾਸਾਹਾਰੀ ਲੋਕਾਂ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਖਾਣ ਵਾਲਾ ਚਿਕਨ ਹਾਰਮੋਨ ਫ੍ਰੀ ਹੋਵੇ।

ਮੋਟਾਪੇ ਕਾਰਨ ਔਰਤਾਂ ਨੂੰ ਹੋ ਸਕਦਾ ਹੈ ਛਾਤੀ ਜਾਂ ਬੱਚੇਦਾਨੀ ਦਾ ਕੈਂਸਰ
ਮੀਟ, ਆਂਡੇ, ਚਿਕਨ 'ਚ ਚਰਬੀ ਜ਼ਿਆਦਾ ਹੋਣ ਕਾਰਨ ਮੋਟਾਪਾ ਹੋ ਸਕਦਾ ਹੈ। ਔਰਤਾਂ 'ਚ ਮੋਟਾਪੇ ਕਾਰਨ ਛਾਤੀ ਜਾਂ ਬੱਚੇਦਾਨੀ ਦਾ ਕੈਂਸਰ ਹੋ ਸਕਦਾ ਹੈ। ਇਕ ਅਧਿਐਨ ਮੁਤਾਬਕ ਮੋਟੀਆਂ ਔਰਤਾਂ ਦੇ ਖੂਨ 'ਚ ਇੰਸਟ੍ਰੋਜਨ ਜੋ ਇਕ ਹਾਰਮੋਨ ਹੈ, ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਹ ਚਰਬੀ ਨਾਲ ਬਣਦਾ ਹੈ। ਇਸਟ੍ਰੋਜਨ ਹਾਰਮੋਨ ਔਰਤਾਂ 'ਚ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਇਕ ਖੋਜ ਮੁਤਾਬਕ ਸੋਇਆਬੀਨ ਜਿਸ 'ਚ ਆਈਸੋਫਲੇਵਨ ਨਾਂ ਦਾ ਪਦਾਰਥ ਹੁੰਦਾ ਹੈ, ਨੂੰ ਖਾਣ ਨਾਲ ਛਾਤੀ ਅਤੇ ਅੰਤੜੀਆਂ ਦੇ ਕੈਂਸਰ ਦੀ ਰੋਕਥਾਮ ਹੋ ਸਕਦੀ ਹੈ।

ਵਿਟਾਮਿਨ-ਏ, ਸੀ ਤੇ ਡੀ ਸਰੀਰ ਦੇ ਸਿਹਤਮੰਦ ਤੱਤਾਂ ਨੂੰ ਕੈਂਸਰ 'ਚ ਬਦਲਣ ਤੋਂ ਰੋਕਦੇ ਹਨ
ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਪੈਥੋਲਾਜੀ ਦੇ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਵਿਟਾਮਿਨ ਏ, ਸੀ ਅਤੇ ਡੀ ਜੋ ਕਿ ਗਾਜਰ, ਸੰਤਰੇ, ਬਾਦਾਮ, ਮੌਸੱਮੀ 'ਚ ਮਿਲਦੇ ਹਨ, ਸਰੀਰ ਦੇ ਸਿਹਤਮੰਦ ਤੱਤਾਂ ਨੂੰ ਕੈਂਸਰ 'ਚ ਬਦਲਣ ਤੋਂ ਰੋਕਦੇ ਹਨ। ਇਕ ਖੋਜ ਮੁਤਾਬਕ ਵਿਟਾਮਿਨ 'ਏ' ਨਾਰਮਲ ਤੱਤਾਂ ਨੂੰ ਕੈਂਸਰ ਦੇ ਤੱਤਾਂ 'ਚ ਬਦਲਣ ਤੋਂ ਰੋਕ ਸਕਦਾ ਹੈ। ਵਿਟਾਮਿਨ 'ਏ' ਵਿਚ ਬੀਟਾ-ਕੈਰੋਟੀਨ ਨਾਂ ਇਕ ਪਦਾਰਥ ਹੁੰਦਾ ਹੈ ਅਤੇ ਇਹ ਵਿਟਾਮਿਨ ਅੰਬ, ਤਰਬੂਜ, ਪਪੀਤਾ, ਖੁਰਮਾਨੀ 'ਚ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਅਮਰੀਕਾ ਦੀ ਇਕ ਪ੍ਰਾਈਵੇਟ ਸਿਹਤ ਫਾਊਂਡੇਸ਼ਨ ਸੰਸਥਾ ਨੇ ਅਧਿਐਨ ਕੀਤਾ ਕਿ ਬੀਟਾ-ਕੈਰੋਟੀਨ ਫੇਫੜਿਆਂ ਦੇ ਕੈਂਸਰ ਨੂੰ ਰੋਕਦਾ ਹੈ। ਜੋ ਲੋਕ ਸਿਗਰਟ ਪੀਂਦੇ ਹਨ ਉਨ੍ਹਾਂ ਨੂੰ ਗਲੇ ਅਤੇ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ ਪਰ ਜੋ ਲੋਕ ਤੰਬਾਕੂ ਪੀਣ ਦੇ ਨਾਲ ਬੀਟਾ-ਕੈਰੋਟੀਨ ਭਰਪੂਰ ਫਲਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ 'ਚ ਫੇਫੜਿਆਂ ਦਾ ਕੈਂਸਰ ਘੱਟ ਹੋ ਜਾਂਦਾ ਹੈ। ਟਮਾਟਰ 'ਚ ਵੀ ਕੈਂਸਰ ਨੂੰ ਰੋਕਣ ਵਾਲਾ ਪਦਾਰਥ ਲਾਈਕੋਪੀਨ ਪਾਇਆ ਜਾਂਦਾ ਹੈ।

rajwinder kaur

This news is Content Editor rajwinder kaur