ਖਤਰਾ ਅਜੇ ਪੂਰੀ ਤਰ੍ਹਾਂ ਟਲਿਆ ਨਹੀਂ, ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੰਮ ਕਰ ਰਹੀ ''ਟਾਊਟਾਂ ਦੀ ਚੌਕੜੀ''

11/22/2018 10:44:25 AM

ਜਲੰਧਰ (ਬਹਿਲ/ ਸੋਮਨਾਥ) : ਅੰਮ੍ਰਿਤਸਰ ਨਿਰੰਕਾਰੀ ਸਤਿਸੰਗ ਭਵਨ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਦੋਸ਼ੀ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਦੂਜੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਇਹ ਵੀ ਖੁਲਾਸਾ ਹੋ ਚੁੱਕਾ ਹੈ ਕਿ ਇਸ ਹਮਲੇ ਦੇ ਪਿੱਛੇ ਪਾਕਿਸਤਾਨ 'ਚ ਬੈਠੇ ਹਰਮੀਤ ਸਿੰਘ ਹੈਪੀ ਪੀ. ਐੱਚ. ਡੀ. ਦੀ ਸਾਜ਼ਿਸ਼ ਸੀ ਅਤੇ ਹਮਲੇ 'ਚ ਵਰਤੇ ਗਏ ਬੰਬ ਵੀ ਪਾਕਿਸਤਾਨ ਦੀ ਆਰਡੀਨੈਂਸ ਫੈਕਟਰੀ 'ਚ ਬਣੇ ਹਨ। ਖੁਲਾਸੇ ਮੁਤਾਬਕ ਇੰਟੈਲੀਜੈਂਸ ਏਜੰਸੀਆਂ ਦੇ ਨਾਲ ਮਿਲ ਕੇ ਪੰਜਾਬ ਪੁਲਸ ਸੂਬੇ 'ਚ ਅਸ਼ਾਂਤੀ ਫੈਲਾਉਣ ਵਾਲੇ 17 ਮਾਡਿਊਲਸ ਨੂੰ ਤੋੜਨ 'ਚ ਸਫਲ ਹੋਈ ਹੈ।  ਫਿਰ ਵੀ ਇਹ ਗੱਲ ਜਾਣਨਾ ਅਜੇ ਬਾਕੀ ਹੈ ਕਿ ਪੰਜਾਬ 'ਚ ਹਥਿਆਰਾਂ ਦੀ ਸਪਲਾਈ ਕਿਵੇਂ ਹੋ ਰਹੀ ਹੈ? ਖੁਫੀਆ ਏਜੰਸੀਆਂ ਮੁਤਾਬਕ ਪੰਜਾਬ 'ਚ ਅਸ਼ਾਂਤੀ ਫੈਲਾਉਣ ਲਈ ਪਾਕਿਸਤਾਨ 'ਚ ਬੈਠੀ 'ਟਾਊਟਾਂ ਦੀ ਚੌਕੜੀ' ਆਈ. ਐੱਸ. ਆਈ. ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੈ। ਇਹ ਚੌਕੜੀ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮੀਤ ਸਿੰਘ ਹੈਪੀ ਪੀ. ਐੱਚ. ਡੀ., ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚੀਫ ਰਣਜੀਤ ਸਿੰਘ ਨੀਟਾ, ਲਸ਼ਕਰ-ਏ-ਤੋਇਬਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਖਾਲਿਸਤਾਨ ਸਮਰਥਕ ਗੋਪਾਲ ਸਿੰਘ ਚਾਵਲਾ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਰੋਡੇ ਦੀ। ਚਾਰੇ ਪਿਛਲੇ ਇਕ ਸਾਲ ਤੋਂ ਮਿਲ ਕੇ ਪੰਜਾਬ 'ਚ ਵਾਰਦਾਤਾਂ ਲਈ ਨੈੱਟਵਰਕ ਤਿਆਰ ਕਰਨ ਦੇ ਨਾਲ-ਨਾਲ ਵੱਡੇ ਪੱਧਰ 'ਤੇ ਮਾਹੌਲ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ। ਇਨ੍ਹਾਂ ਦੀ ਆਪਣੀ-ਆਪਣੀ ਭੂਮਿਕਾ ਹੈ। ਇਸ ਤੋਂ ਇਲਾਵਾ ਪਾਕਿਸਤਾਨ 'ਚ ਬੈਠੇ ਦੂਜੇ ਵੱਡੇ ਅੱਤਵਾਦੀ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਬੱਬਰ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਚੀਫ ਪਰਮਜੀਤ ਸਿੰਘ ਪੰਜਵੜ ਦਾ ਵੀ ਇਨ੍ਹਾਂ ਚਾਰਾਂ ਨੂੰ ਸਹਿਯੋਗ ਹੈ। 

ਹਰਮੀਤ ਸਿੰਘ ਹੈਪੀ ਪੀ. ਐੱਚ. ਡੀ.  
ਹਰਮੀਤ ਸਿੰਘ ਹੈਪੀ ਪੀ. ਐੱਚ. ਡੀ. ਲੰਮੇ ਸਮੇਂ ਤੋਂ ਪਾਕਿਸਤਾਨ 'ਚ ਹੈ। ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਅੱਤਵਾਦ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਖੁਫੀਆ ਏਜੰਸੀਆਂ ਦੇ ਮੁਤਾਬਕ ਹਿੰਦੂ ਨੇਤਾਵਾਂ ਦੀ ਹੱਤਿਆ ਪਿੱਛੇ ਵੀ ਇਸ ਦਾ ਹੱਥ ਸੀ ਅਤੇ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਨੂੰ ਇਸ ਦਾ ਸਹਿਯੋਗ ਸੀ।ਇਸ ਨੇ ਕਈ ਸਾਲ ਰਣਜੀਤ ਸਿੰਘ ਨੀਟਾ ਦੇ ਨਾਲ ਵੀ ਕੰਮ ਕੀਤਾ ਹੈ। ਨੀਟਾ ਤੋਂ ਇਲਾਵਾ ਪਾਕਿਸਤਾਨ ਦੇ ਸਰਗਰਮ ਸਮੱਗਲਰ ਅਤੇ ਪੰਜਾਬ 'ਚ ਗੈਂਗਸਟਰਾਂ ਦੇ ਨਾਲ ਵੀ ਇਸ ਦਾ ਵਧੀਆ ਤਾਲਮੇਲ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਪੰਜਾਬ 'ਚ ਸੀਰੀਅਲ ਕਿਲਿੰਗ ਕਾਰਨ ਪਾਕਿਸਤਾਨ 'ਚ ਨਵੀਂ ਬਣੀ ਸਰਕਾਰ 'ਚ ਇਸ ਦਾ ਕਾਫ਼ੀ ਪ੍ਰਭਾਵ ਵਧ ਗਿਆ ਸੀ।  

ਰਣਜੀਤ ਸਿੰਘ ਨੀਟਾ 
ਖੁਫੀਆ ਏਜੰਸੀਆਂ ਮੁਤਾਬਕ ਖਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਚੀਫ ਰਣਜੀਤ ਸਿੰਘ ਨੀਟਾ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਹੈ। ਨੀਟਾ ਬੰਬ ਬਲਾਸਟ ਕਰਵਾਉਣ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ। ਨੀਟਾ ਮੂਲ ਰੂਪ 'ਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਾਲ ਪਹਿਲਾਂ ਪਾਕਿਸਤਾਨ ਦੌੜ ਗਿਆ ਸੀ। ਕਈ ਥਾਵਾਂ 'ਤੇ ਬੰਬ ਧਮਾਕਿਆਂ 'ਚ ਉਸ ਦਾ ਨਾਂ ਹੈ। ਨੀਟਾ ਦਾ ਕਸ਼ਮੀਰੀ ਅੱਤਵਾਦੀਆਂ ਦੇ ਨਾਲ ਚੰਗਾ ਤਾਲਮੇਲ ਹੈ। ਲਸ਼ਕਰ-ਏ-ਤੋਇਬਾ, ਹਿਜ਼ਬੁਲ ਮੁਜਾਹਿਦੀਨ ਅਤੇ ਜੈਸ਼-ਏ-ਮੁਹੰਮਦ ਨਾਲ ਵੀ ਇਸ ਦੇ ਸਬੰਧ ਹਨ। ਖੁਫੀਆ ਏਜੰਸੀਆਂ ਮੁਤਾਬਕ ਨੀਟਾ ਪਹਿਰਾਵਾ ਬਦਲਣ ਅਤੇ ਰਣਨੀਤੀ ਬਣਾਉਣ 'ਚ ਮਾਹਿਰ ਹੈ।  


ਗੋਪਾਲ ਸਿੰਘ ਚਾਵਲਾ  
ਇੰਟੈਲੀਜੈਂਸ ਸੂਤਰਾਂ ਅਨੁਸਾਰ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਲਸ਼ਕਰ-ਏ-ਤੋਇਬਾ ਦੇ ਚੀਫ ਹਾਫਿਜ ਸਈਦ ਦੇ ਨਾਲ ਮਿਲ ਕੇ ਪੰਜਾਬ 'ਚ ਅੱਤਵਾਦ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਕੁਝ ਮਹੀਨੇ ਪਹਿਲਾਂ ਪਾਕਿਸਤਾਨ 'ਚ ਹਾਫਿਜ ਸਈਦ ਨਾਲ ਚਾਵਲਾ ਦੀ ਮੁਲਾਕਾਤ ਦੀ ਫੋਟੋ ਵੀ ਜਾਂਚ ਏਜੰਸੀਆਂ ਦੇ ਹੱਥ ਲੱਗੀ ਸੀ। ਇਸ ਨੂੰ ਖਾਲਿਸਤਾਨ ਸਮਰਥਕਾਂ ਦੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਰਿਸ਼ਤੇ ਹੋਣ ਦੀ ਪੁਸ਼ਟੀ ਮੰਨਿਆ ਜਾ ਰਿਹਾ ਹੈ। 


ਲਖਬੀਰ ਸਿੰਘ ਰੋਡੇ
ਖੁਫੀਆ ਏਜੰਸੀਆਂ ਮੁਤਾਬਕ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ ਦੇ ਚੀਫ ਲਖਬੀਰ ਸਿੰਘ ਰੋਡੇ ਦੇ ਜਰਮਨੀ, ਇਟਲੀ, ਕੈਨੇਡਾ, ਆਸਟਰੇਲੀਆ, ਇੰਗਲੈਂਡ ਅਤੇ ਅਮਰੀਕਾ 'ਚ ਵੱਡੇ ਲਿੰਕ ਹਨ।