ਮਹਾਰਾਜਾ ਭੁਪਿੰਦਰ ਸਿੰਘ ਨੇ 1920 ''ਚ ਕਰਵਾਈ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਸੇਵਾ

11/09/2019 10:39:39 AM

ਜਲੰਧਰ (ਬੇਦੀ) – ਰਾਵੀ ਦੇ ਵਹਾਅ ਨੇ ਕਰਤਾਰਪੁਰ ਸਾਹਿਬ ਦੇ ਅਸਥਾਨ ਨੂੰ ਢਹਿ-ਢੇਰੀ ਕਰ ਦਿੱਤਾ ਅਤੇ ਸੰਨ 1774 ਤੋਂ ਲੈ ਕੇ 1920 ਤਕ ਇਸ ਦਾ ਕੋਈ ਥਹੁ-ਪਤਾ ਨਹੀਂ ਸੀ। ਉਸ ਵੇਲੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਵਾਲਿਆਂ ਨੇ ਆਪਣੇ ਇੰਜੀਨੀਅਰ ਇਸ ਅਸਥਾਨ 'ਤੇ ਭੇਜੇ ਅਤੇ ਕਰਤਾਰਪੁਰ ਸਾਹਿਬ ਦੇ ਅਸਲੀ ਸਥਾਨ ਨੂੰ ਲੱਭਿਆ। ਫਿਰ ਇਸ ਅਸਥਾਨ ਲਈ ਅਜਿਹਾ ਨਕਸ਼ਾ ਤਿਆਰ ਕਰਵਾਇਆ ਕਿ ਇਸ ਪਵਿੱਤਰ ਸਥਾਨ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ। ਮਹਾਰਾਜ ਪਟਿਆਲਾ ਨੇ 1,35,600 ਰੁਪਏ ਦੀ ਲਾਗਤ ਨਾਲ ਇਸ ਦੀ ਉਸਾਰੀ 1920 'ਚ ਸ਼ੁਰੂ ਕਰਵਾਈ, ਜੋ 1929 'ਚ ਮੁਕੰਮਲ ਹੋਈ। ਮਹਾਰਾਜਾ ਭੁਪਿੰਦਰ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਸਨ ਅਤੇ ਉਨ੍ਹਾਂ ਦੇ ਨਾਂ ਦੀ ਮਿੱਲ ਅਜੇ ਵੀ ਕਰਤਾਰਪੁਰ ਸਾਹਿਬ ਵਿਖੇ ਲੱਗੀ ਹੋਈ ਹੈ।

ਇਸ ਸਾਰੀ ਗੱਲਬਾਤ ਦਾ ਵਰਨਣ ਸੁਖਦਿਆਲ ਸਿੰਘ ਭੁੱਲਰ, ਜੋ ਆਈ. ਪੀ. ਐੱਸ. ਰਿਟਾਇਰ ਹਨ, ਦੀ ਨਵੀਂ ਪ੍ਰਕਾਸ਼ਿਤ ਹੋਈ ਪੁਸਤਕ 'ਵਿਸਾਖੀ ਪਾਰ ਦੀ' ਵਿਚ ਆਇਆ ਹੈ। ਸੁਖਦਿਆਲ ਸਿੰਘ ਭੁੱਲਰ ਦੱਸਦੇ ਹਨ ਕਿ ਇਸੇ ਸਾਲ ਵਿਸਾਖੀ ਦੇ ਮੌਕੇ ਪੰਜਾ ਸਾਹਿਬ (ਪਾਕਿਸਤਾਨ) ਵਿਖੇ ਗਏ ਸਨ। ਉਥੇ ਦਰਸ਼ਨ ਕਰਨ ਪਿੱਛੋਂ ਉਹ ਨਨਕਾਣਾ ਸਾਹਿਬ ਅਤੇ ਫਿਰ ਕਰਤਾਰਪੁਰ ਸਾਹਿਬ ਪਹੁੰਚੇ। ਉਨ੍ਹਾਂ ਆਖਿਆ ਕਿ ਭਲਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹ ਰਿਹਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਥੇ 'ਚ ਸ਼ਾਮਲ ਹੋ ਕੇ ਕਰਤਾਰਪੁਰ ਸਾਹਿਬ ਜਾ ਰਹੇ ਹਨ ਅਤੇ ਆਪਣੇ ਦਾਦੇ ਦੀ ਪੁਰਾਤਨ ਯਾਦ ਨੂੰ ਤਾਜ਼ਾ ਕਰਨਗੇ। ਪੁਸਤਕ ਬਹੁਤ ਹੀ ਖੂਬਸੂਰਤ ਅਤੇ ਗਲੇਜ਼ਡ ਪੇਪਰ 'ਤੇ ਚਾਰ ਰੰਗਾਂ ਦੀਆਂ ਤਸਵੀਰਾਂ ਸਮੇਤ ਪ੍ਰਕਾਸ਼ਿਤ ਹੋਈ ਹੈ।

ਪੁਸਤਕ ਵਿਚ ਲੇਖਕ ਨੇ ਨਨਕਾਣਾ ਸਾਹਿਬ ਦੇ ਗੁਰਦੁਆਰਾ ਜਨਮ ਅਸਥਾਨ ਦਾ ਵਰਨਣ ਕਰਦਿਆਂ ਲਿਖਿਆ ਹੈ ਕਿ ਉਥੇ ਉਸ ਦਿਨ ਕੀਰਤਨ ਕਰਨ ਵਾਲੇ ਜਥਿਆਂ ਵਿਚ ਬੀਬੀਆਂ ਵੀ ਸ਼ਾਮਲ ਹਨ। ਉਨ੍ਹਾਂ ਨੇ ਇਕ ਮੁਸਲਿਮ ਔਰਤ ਨੂੰ ਆਪਣੇ ਸਾਥੀਆਂ ਨਾਲ ਕੀਰਤਨ ਕਰਦਿਆਂ ਦੀ ਇਕ ਤਸਵੀਰ ਵੀ ਪੁਸਤਕ ਵਿਚ ਪ੍ਰਕਾਸ਼ਿਤ ਕੀਤੀ ਹੈ ਅਤੇ ਸੁਆਲ ਉਠਾਇਆ ਹੈ ਕਿ ਜੇ ਬਾਬੇ ਨਾਨਕ ਦੇ ਜਨਮ ਅਸਥਾਨ 'ਤੇ ਕੋਈ ਬੀਬੀ ਕੀਰਤਨ ਕਰ ਸਕਦੀ ਹੈ ਤਾਂ ਫਿਰ ਹਰਿਮੰਦਰ ਸਾਹਿਬ ਵਿਚ ਬੀਬੀਆਂ ਨੂੰ ਕੀਰਤਨ ਕਰਨ ਦੀ ਸੇਵਾ ਤੋਂ ਕਿਉਂ ਵਾਂਝਾ ਰੱਖਿਆ ਜਾ ਰਿਹਾ ਹੈ। ਪੁਸਤਕ ਵਿਚ ਪਾਕਿਸਤਾਨ ਦੇ ਗੁਰਦੁਆਰਾ ਸਾਹਿਬਾਨ ਦਾ ਪੂਰਾ ਇਤਿਹਾਸ ਸ਼ਾਮਲ ਕੀਤਾ ਗਿਆ ਹੈ। ਲੇਖਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪੁਸਤਕ ਨੂੰ ਲਿਖਣ ਲਈ 10-11 ਇਤਿਹਾਸਕ ਪੁਸਤਕਾਂ ਦਾ ਸਹਾਰਾ ਲਿਆ ਹੈ ਅਤੇ ਇਨ੍ਹਾਂ ਪੁਸਤਕਾਂ ਦੀ ਸੂਚੀ ਵੀ ਪੁਸਤਕ ਦੇ ਅੰਤ ਵਿਚ ਪ੍ਰਕਾਸ਼ਿਤ ਕੀਤੀ ਗਈ ਹੈ।

rajwinder kaur

This news is Content Editor rajwinder kaur