ਨਵੇਂ DGP ਦੀ ਨਿਯੁਕਤੀ ਸਬੰਧੀ UPSC ਦੀ ਅਹਿਮ ਬੈਠਕ 4 ਨੂੰ

01/31/2019 9:30:12 AM

ਜਲੰਧਰ (ਧਵਨ)— ਪੰਜਾਬ ਦੇ ਨਵੇਂ  ਪੁਲਸ ਮੁਖੀ (ਡੀ. ਜੀ. ਪੀ.) ਦੀ ਚੋਣ ਸਬੰਧੀ ਯੂ. ਪੀ. ਐੱਸ. ਸੀ. ਦੀ ਇਕ ਅਹਿਮ ਬੈਠਕ 4 ਫਰਵਰੀ ਨੂੰ ਹੋਵੇਗੀ। ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਿੱਲੀ 'ਚ ਹੋਣ ਵਾਲੀ ਯੂ. ਪੀ. ਐੱਸ. ਸੀ. ਦੀ ਉਕਤ ਬੈਠਕ 'ਚ ਪੰਜਾਬ ਦੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਅਤੇ ਮੌਜੂਦਾ ਪੁਲਸ ਮੁਖੀ ਸੁਰੇਸ਼ ਅਰੋੜਾ ਹਿੱਸਾ ਲੈਣਗੇ। ਯੂ. ਪੀ. ਐੱਸ. ਸੀ. ਵਲੋਂ ਸੂਬਾ ਸਰਕਾਰ ਨੂੰ ਭੇਜੀ ਗਈ ਪੁਲਸ ਅਧਿਕਾਰੀਆਂ ਦੀ ਸੂਚੀ ਵਿਚੋਂ 3 ਦੀ ਚੋਣ ਕੀਤੀ ਜਾਏਗੀ। ਉਸ ਪਿੱਛੋਂ ਇਹ ਸੂਚੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਏਗੀ।

ਯੂ. ਪੀ. ਐੱਸ. ਸੀ. ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦਿਆਂ ਹੁਣ ਤਕ 12 ਸੂਬਿਆਂ ਨੂੰ ਅਜਿਹੇ ਪੈਨਲ ਭੇਜ ਚੁੱਕੀ ਹੈ। ਯੂ. ਪੀ. ਐੱਸ. ਸੀ. ਵਲੋਂ ਪੰਜਾਬ ਪੁਲਸ ਦੇ ਅਧਿਕਾਰੀਆਂ ਦੇ ਰਿਕਾਰਡ ਅਤੇ ਤਜਰਬੇ ਨੂੰ ਵੇਖਦਿਆਂ 3 ਅਧਿਕਾਰੀਆਂ ਦਾ ਇਕ ਪੈਨਲ ਤਿਆਰ ਕੀਤ ਜਾਏਗਾ। ਪੰਜਾਬ ਸਰਕਾਰ ਨੇ ਆਪਣੇ ਵਲੋਂ ਪਹਿਲਾਂ ਹੀ ਅਧਿਕਾਰੀਆਂ ਦੇ ਨਾਵਾਂ ਦਾ ਪੈਨਲ 21 ਜਨਵਰੀ ਨੂੰ ਯੂ. ਪੀ. ਐੱਸ. ਸੀ. ਨੂੰ ਭੇਜ ਦਿੱਤਾ ਸੀ।

ਪਹਿਲੇ ਪੈਨਲ 'ਚ 12 ਆਈ. ਪੀ. ਐੱਸ. ਅਧਿਕਾਰੀਆਂ ਦੇ ਨਾਂ ਭੇਜੇ ਗਏ ਸਨ। ਅਜਿਹੇ ਅਧਿਕਾਰੀ 30 ਸਾਲ ਤਕ ਸੇਵਾ ਕਰ ਚੁੱਕੇ ਹਨ। ਇਨ੍ਹਾਂ ਨੂੰ ਡੀ. ਜੀ. ਪੀ. ਦੇ ਅਹੁਦੇ ਲਈ ਯੋਗ ਮੰਨਿਆ ਗਿਆ। ਇਸ ਪੈਨਲ 'ਚ 9 ਡੀ. ਜੀ. ਪੀ. ਅਤੇ 3 ਏ. ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਸ਼ਾਮਲ ਸਨ। ਭਾਵੇਂ ਕੇਂਦਰ ਸਰਕਾਰ ਨੇ ਮੌਜੂਦਾ ਪੁਲਸ ਮੁਖੀ ਸੁਰੇਸ਼ ਅਰੋੜਾ ਦਾ ਸੇਵਾ ਕਾਲ ਇਸ ਸਾਲ ਸਤੰਬਰ ਤਕ ਵਧਾਇਆ ਹੋਇਆ ਹੈ ਪਰ ਹੁਣ ਯੂ. ਪੀ. ਐੱਸ. ਸੀ. ਵਲੋਂ ਸ਼ੁਰੂ ਕੀਤੀ ਗਈ ਕਾਰਵਾਈ ਦੇ ਪੂਰਾ ਹੋਣ ਪਿੱਛੋਂ ਸੁਰੇਸ਼ ਅਰੋੜਾ ਦੇ ਸੇਵਾ ਮੁਕਤ ਹੋ ਜਾਣ ਦੀ ਸੰਭਾਵਨਾ ਹੈ।

ਚੋਟੀ ਦੇ ਪੁਲਸ  ਹਲਕਿਆਂ 'ਚ ਇਹ ਚਰਚਾ ਚਲ ਰਹੀ ਹੈ ਕਿ ਨਵਾਂ ਪੁਲਸ ਮੁਖੀ ਬਣਨ ਦੀ ਦੌੜ 'ਚ ਡੀ. ਜੀ. ਪੀ. (ਐੱਸ. ਪੀ. ਐੱਫ.) ਮੁਹੰਮਦ ਮੁਸਤਫਾ ਅਤੇ ਡੀ. ਜੀ. ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ ਦਰਮਿਆਨ ਹੈ। ਅੰਤਿਮ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੀ ਕੀਤੀ ਜਾਏਗੀ। ਉਹ ਜਿਸ ਵੀ ਅਧਿਕਾਰੀ ਦੇ ਨਾਂ 'ਤੇ ਮੋਹਰ ਲਾ ਦੇਣਗੇ, ਉਹ ਨਵਾਂ ਪੁਲਸ ਮੁਖੀ ਬਣ ਜਾਏਗਾ। ਮੁੱਖ ਮੰਤਰੀ ਨੇ ਫਿਲਹਾਲ ਆਪਣੇ ਮਨ ਦੀ ਗੱਲ ਕਿਸੇ ਨੂੰ  ਨਹੀਂ  ਦੱਸੀ ਹੈ।

cherry

This news is Content Editor cherry