ਡਿਪਟੀ ਕਮਿਸ਼ਨਰ ਦਫਤਰ ''ਚ ਹੁਣ ਜਨਤਾ ਨੂੰ ਮਿਲੇਗੀ ਟ੍ਰੈਵਲ ਸਹੂਲਤ

01/31/2020 2:03:23 PM

ਜਲੰਧਰ (ਚੋਪੜਾ) : ਡਿਪਟੀ ਕਮਿਸ਼ਨਰ ਦਫਤਰ ਵਿਚ ਹੁਣ ਜਨਤਾ ਨੂੰ ਟ੍ਰੈਵਲ ਸਬੰਧੀ ਸਹੂਲਤਾਂ ਵੀ ਮਿਲਣਗੀਆਂ ਕਿਉਂਕਿ ਸਮੁੱਚੇ ਪ੍ਰਸ਼ਾਸਕੀ ਕੰਪਲੈਕਸ ਵਿਚ ਥਾਂ-ਥਾਂ ਟ੍ਰੈਵਲ ਕੰਪਨੀ ਵਲੋਂ ਲਗਾਏ ਬੋਰਡ ਕੁਝ ਅਜਿਹੇ ਹੀ ਹਾਲਾਤ ਨੂੰ ਬਿਆਨ ਕਰ ਰਹੇ ਹਨ। ਇਹ ਸਾਰੇ ਬੋਰਡ ਪਾਰਕਿੰਗ ਦਾ ਠੇਕਾ ਲੈਣ ਵਾਲੇ ਠੇਕੇਦਾਰ ਨੇ ਆਪਣੀ ਰੇਟ ਲਿਸਟ ਦੇ ਬੋਰਡ ਅਤੇ ਬੈਰੀਕੇਡਸ ਦੀ ਆੜ ਵਿਚ ਲਗਾ ਰੱਖੇ ਹਨ। ਇਸ ਨੂੰ ਕੁਝ ਬੋਰਡਾਂ 'ਤੇ ਪਾਰਕਿੰਗ ਰੇਟ ਲਿਸਟ ਦੇ ਨਾਲ ਵੱਡੇ-ਵੱਡੇ ਸ਼ਬਦਾਂ ਵਿਚ ਨਿੱਜੀ ਟ੍ਰੈਵਲ ਏਜੰਸੀ ਦਾ ਨਾਂ ਛਪਵਾ ਰੱਖਿਆ ਹੈ ਅਤੇ ਏਜੰਸੀ ਦਾ ਪਤਾ ਵੀ ਡੀ. ਸੀ. ਕੰਪਲੈਕਸ ਦਾ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਕੀ ਕੰਪਲੈਕਸ ਆਉਣ ਵਾਲੇ ਹਜ਼ਾਰਾਂ ਲੋਕਾਂ ਲਈ ਦਿੱਲੀ ਲਈ ਰੋਜ਼ਾਨਾ ਦਿਨ-ਰਾਤ ਨੂੰ ਸਲੀਪਰ ਏ. ਸੀ. ਕੋਚ ਬੱਸ ਸਰਵਿਸ ਵੀ ਉਪਲਬਧ ਹੋਣ ਦੀ ਸੂਚਨਾ ਵੀ ਦਿੱਤੀ ਗਈ ਹੈ ਪਰ ਹੱਦ ਤਾਂ ਇਸ ਗੱਲ ਦੀ ਹੈ ਕਿ ਇਹ ਸਰਵਿਸ ਬਾਈ ਆਰਡਰ ਡੀ. ਸੀ. ਲਿਖ ਰੱਖਿਆ ਹੈ।

ਹੁਣ ਜਨਤਾ ਦੇ ਦਿਲੋ-ਦਿਮਾਗ ਵਿਚ ਵੱਡਾ ਸਵਾਲ ਹੈ ਕਿ ਟ੍ਰੈਵਲ ਏਜੰਸੀ ਦੀ ਅਜਿਹੀ ਸਰਵਿਸ ਸਰਕਾਰੀ ਤੌਰ 'ਤੇ ਮਿਲ ਰਹੀ ਹੈ ਜਾਂ ਕਿਸੇ ਪ੍ਰਾਈਵੇਟ ਕੰਪਨੀ ਦਾ ਕਾਰੋਬਾਰ ਹੈ। ਜੇਕਰ ਪ੍ਰਾਈਵੇਟ ਕੰਪਨੀ ਇਸ ਟ੍ਰੈਵਲ ਏਜੰਸੀ ਨੂੰ ਚਲਾ ਰਹੀ ਹੈ ਤਾਂ ਪ੍ਰਸ਼ਾਸਕੀ ਕੰਪਲੈਕਸ ਵਿਚ ਕਿਸ ਅਧਿਕਾਰੀ ਦੀ ਮਨਜ਼ੂਰੀ ਨਾਲ ਇੰਨੇ ਵੱਡੇ ਪੱਧਰ 'ਤੇ ਪਬਲੀਸਿਟੀ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਪਾਰਕਿੰਗ ਠੇਕੇਦਾਰ ਅਤੇ ਉਨ੍ਹਾਂ ਦੇ ਕਰਿੰਦਿਆਂ ਦੀਆਂ ਮਨਮਾਨੀਆਂ ਅਕਸਰ ਚਰਚਾ ਵਿਚ ਰਹੀਆਂ ਹਨ। ਪ੍ਰਸ਼ਾਸਨਿਕ ਕੰਪਲੈਕਸ ਵਿਚ ਆਉਣ ਵਾਲੇ ਲੋਕਾਂ ਨਾਲ ਠੇਕੇਦਾਰ ਅਤੇ ਉਨ੍ਹਾਂ ਦੇ ਕਰਿੰਦਿਆਂ ਵਲੋਂ ਮਾੜਾ ਵਿਵਹਾਰ ਕਰਨ ਦੀਆਂ ਘਟਨਾਵਾਂ ਅਕਸਰ ਵੇਖਣ ਨੂੰ ਮਿਲਦੀਆਂ ਹਨ ਪਰ ਕੰਪਲੈਕਸ ਵਿਚ ਨਿੱਜੀ ਏਜੰਸੀ ਦਾ ਪਤਾ ਡੀ. ਸੀ. ਕੰਪਲੈਕਸ ਦਾ ਦੱਸਿਆ ਅਤੇ ਬੱਸ ਸਰਵਿਸ ਦਾ ਬਾ-ਹੁਕਮ ਡੀ. ਸੀ. ਲਿਖਣਾ ਨਿਯਮਾਂ ਨਾਲ ਪੂਰੀ ਤਰ੍ਹਾਂ ਨਾਲ ਖਿਲਵਾੜ ਕਰਨਾ ਹੈ ਕਿਉਂਕਿ ਅਜਿਹੇ ਬੋਰਡ ਕੇਵਲ ਇਕ ਥਾਂ ਨਹੀਂ ਬਲਕਿ ਪੂਰੇ ਕੰਪਲੈਕਸ ਵਿਚ ਥਾਂ-ਥਾਂ ਲੱਗੇ ਹੋਏ ਹਨ।

ਪ੍ਰਸ਼ਾਸਨ ਨੇ ਅਜਿਹੇ ਪਬਲੀਸਿਟੀ ਬੋਰਡਾਂ ਦੀ ਨਹੀਂ ਦਿੱਤੀ ਮਨਜ਼ੂਰੀ, ਕਰਨਗੇ ਸਖ਼ਤ ਕਾਰਵਾਈ : ਨਾਜਰ ਮਹੇਸ਼ ਕੁਮਾਰ
ਜ਼ਿਲਾ ਨਾਜਰ ਮਹੇਸ਼ ਕੁਮਾਰ ਨੇ ਅਜਿਹੇ ਪਬਲੀਸਿਟੀ ਬੋਰਡ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਹੈ ਅਤੇ ਨਾ ਹੀ ਡੀ. ਸੀ. ਕੰਪਲੈਕਸ ਵਿਚ ਕੋਈ ਅਜਿਹੀ ਟ੍ਰੈਵਲ ਕੰਪਨੀ ਖੋਲ੍ਹੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਕੱਲ ਹੀ ਕੰਪਲੈਕਸ ਵਿਚ ਲਾਏ ਗਏ ਇਨ੍ਹਾਂ ਪਬਲੀਸਿਟੀ ਬੋਰਡਾਂ ਖਿਲਾਫ ਸਖ਼ਤ ਕਾਰਵਾਈ ਕਰਨਗੇ ਅਤੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਠੇਕੇਦਾਰ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ। ਮਹੇਸ਼ ਕੁਮਾਰ ਨੇ ਦੱਸਿਆ ਕਿ ਪਾਰਕਿੰਗ ਦਾ ਠੇਕਾ ਖੁੱਲ੍ਹੀ ਬੋਲੀ ਦੇ ਮਾਧਿਅਮ ਨਾਲ ਦਿੱਤਾ ਜਾਂਦਾ ਹੈ ਅਤੇ ਠੇਕਾ ਲੈਣ ਵਾਲੇ ਠੇਕੇਦਾਰ ਕੋਲੋਂ ਸਾਰੇ ਨਿਯਮਾਂ ਅਤੇ ਪਾਰਕਿੰਗ ਸ਼ਰਤਾਂ ਦੀ ਪਾਲਣਾ ਕਰਨ ਨੂੰ ਲੈ ਕੇ ਐਫੀਡੇਵਿਟ ਵੀ ਲਿਆ ਜਾਂਦਾ ਹੈ। ਮਹੇਸ਼ ਕੁਮਾਰ ਨੇ ਕਿਹਾ ਕਿ ਕੰਪਲੈਕਸ ਵਿਚ ਪਾਰਕਿੰਗ ਕਰਨ ਲਈ ਵਿਸ਼ੇਸ਼ ਸਥਾਨ ਬਣਾਏ ਗਏ ਹਨ ਅਤੇ ਠੇਕੇਦਾਰ ਉਨ੍ਹਾਂ ਸਥਾਨਾਂ 'ਤੇ ਵਾਹਨਾਂ ਨੂੰ ਪਾਰਕ ਕਰਵਾ ਸਕਦਾ ਹੈ। ਕਿਸੇ ਹੋਰ ਸਥਾਨਾਂ 'ਤੇ ਪਾਰਕਿੰਗ ਨਹੀਂ ਕਰਵਾ ਸਕਦਾ ਹੈ।

Baljeet Kaur

This news is Content Editor Baljeet Kaur