ਅਧਿਕਾਰੀਆਂ ਦੀ ਲਾਪ੍ਰਵਾਹੀ ਨਾਲ ਸਿਵਲ ਹਸਪਤਾਲ ’ਚ ਹੋਇਆ ਸ਼ਾਰਟ-ਸਰਕਟ

01/24/2020 3:46:45 PM

ਜਲੰਧਰ (ਸ਼ੋਰੀ) : ਸਿਵਲ ਹਸਪਤਾਲ ਨੂੰ ਚਲਾਉਣ ਵਾਲੇ ਅਧਿਕਾਰੀ ਸੁਸਤ ਪਏ ਹਨ, ਜਿਸ ਦਾ ਨਤੀਜਾ ਉਥੇ ਇਲਾਜ ਕਰਵਾਉਣ ਆਏ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਹਸਪਤਾਲ ਦੀਆਂ ਕੇਬਲ ਤਾਰਾਂ ਕਾਫ਼ੀ ਸਾਲਾਂ ਤੋਂ ਖ਼ਰਾਬ ਹੋਣ ਕਾਰਨ ਗਲ ਚੁੱਕੀਆਂ ਹਨ। ਹਸਪਤਾਲ ’ਚ ਬਿਜਲੀ ਦਾ ਫਾਲਟ ਠੀਕ ਕਰਨ ਆਉਣ ਵਾਲੇ ਅਧਿਕਾਰੀਆਂ ਨੇ ਉਕਤ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਕਿ ਕੇਬਲ ਦੀ ਮੁਰੰਮਤ ਦੀ ਲੋੜ ਹੈ। ਅਧਿਕਾਰੀਆਂ ਨੇ ਫੰਡ ਨਾ ਹੋਣ ਦਾ ਕਹਿ ਕੇ ਪੱਲਾ ਝਾੜ ਦਿੱਤਾ, ਜਿਸ ਕਾਰਨ ਐਕਸਰੇ ਵਿਭਾਗ ਕੋਲ ਪੈਨਲ ਕੇਬਲ ਦੀਆਂ ਤਾਰਾਂ ਸੜ ਗਈਆਂ। ਸ਼ਾਟ-ਸਰਕਟ ਹੋਣ ਕਾਰਨ ਹਸਪਤਾਲ ’ਚ 11 ਵਜੇ ਦੇ ਆਲੇ-ਦੁਆਲੇ ਲਾਈਟ ਚਲੀ ਗਈ।

ਲਾਈਟ ਨਾ ਹੋਣ ਕਾਰਨ ਆਨਲਾਈਨ ਪਰਚੀਆਂ ਬਣਾਉਣ ਵਾਲੇ ਕੰਪਿਊਟਰ ਬੰਦ ਰਹੇ, ਜਿਸ ਕਾਰਨ ਉਨ੍ਹਾਂ ਨੂੰ ਹੱਥ ਨਾਲ ਪਰਚੀਆਂ ਬਣਾਉਣੀਆਂ ਪਈਆਂ। ਇਸ ਨਾਲ ਮਰੀਜ਼ਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇੰਨਾ ਹੀ ਨਹੀਂ ਐਕਸਰੇ ਵਿਭਾਗ ’ਚ ਲਾਈਟ ਨਾ ਹੋਣ ਕਾਰਨ ਸੀ. ਟੀ. ਸਕੈਨ ਮਸ਼ੀਨ ਬੰਦ ਰਹੀ ਅਤੇ ਮਰੀਜ਼ਾਂ ਨੂੰ ਕਾਫ਼ੀ ਇੰਤਜ਼ਾਰ ਕਰਨਾ ਪਿਆ। ਮਰੀਜ਼ ਪ੍ਰਾਈਵੇਟ ਹਸਪਤਾਲਾਂ ’ਚ ਜਾ ਕੇ ਐਕਸਰੇ ਅਤੇ ਸੀ. ਟੀ. ਸਕੈਨ ਕਰਵਾਉਣ ਜਾਂਦੇ ਦਿਸੇ। ਕਰੀਬ ਸ਼ਾਮ 5 ਵਜੇ ਤੱਕ ਬਿਜਲੀ ਰਿਪੇਅਰ ਦਾ ਕੰਮ ਪੂਰਾ ਹੋਇਆ ਅਤੇ ਲਾਈਟ ਆਈ।
 
ਸਫਾਈ ਦਾ ਹਾਲ ਬੇਹਾਲ
ਹਸਪਤਾਲ ’ਚ ਸਫਾਈ ਦਾ ਹਾਲ ਵੀ ਮਾੜਾ ਹੈ। ਹਾਲਾਤ ਤਾਂ ਇਹ ਦਿਸ ਰਹੇ ਹਨ ਕਿ ਹਾਦਸਿਆਂ ਨੂੰ ਖੁਦ ਦੀ ਸੱਦਾ ਦਿੱਤਾ ਜਾ ਰਿਹਾ ਹੈ। ਬਿਜਲੀ ਦੀਆਂ ਕੇਬਲਾਂ ’ਤੇ ਪੰਛੀਆਂ ਨੇ ਆਪਣੇ ਆਲ੍ਹਣੇ ਬਣਾਏ ਹੋਏ ਹਨ ਅਤੇ ਭਗਵਾਨ ਨਾ ਕਰੇ ਕਿ ਕੱਲ ਨੂੰ ਬਿਜਲੀ ਦੀਆਂ ਤਾਰਾਂ ਤੋਂ ਚੰਗਿਆੜੀ ਨਿਕਲੇ ਤਾਂ ਤਾਰਾਂ ਨੂੰ ਅੱਗ ਵੀ ਲੱਗ ਸਕਦੀ ਹੈ। ਬਿਜਲੀ ਦੀਆਂ ਤਾਰਾਂ ਦੇ ਆਲੇ ਦੁਆਲੇ ਸਫਾਈ ਨਾ ਹੋਣ ਕਾਰਨ ਇਹ ਹਾਲਾਤ ਬਣ ਚੁੱਕੇ ਹਨ।

rajwinder kaur

This news is Content Editor rajwinder kaur