ਅੰਮ੍ਰਿਤਸਰ ਦਾ ਮਾਫੀਆ ਜਲੰਧਰ ''ਚ ਸਪਾ ਦੀ ਆੜ ਵਿਚ ਚਲਾ ਰਿਹਾ ਦੇਹ ਵਪਾਰ

11/29/2019 1:10:35 PM

ਜਲੰਧਰ (ਕਮਲੇਸ਼) : ਅੰਮ੍ਰਿਤਸਰ ਦਾ ਮਾਫੀਆ ਵੱਡੇ ਪੱਧਰ 'ਤੇ ਜਲੰਧਰ ਵਿਚ ਸਪਾ ਸੈਂਟਰਾਂ ਦੀ ਆੜ ਵਿਚ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਹੈ। ਇਸ ਮਾਫੀਆ ਨੂੰ ਜਲੰਧਰ ਵਿਚ ਆਪਣੀਆਂ ਜੜ੍ਹਾਂ ਪਸਾਰੇ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਸਭ ਤੋਂ ਪਹਿਲਾਂ ਉਕਤ ਮਾਫੀਆ ਨੇ ਹਾਈਵੇ 'ਤੇ ਸਥਿਤ ਮਾਲ ਵਿਚ ਸਪਾ ਸੈਂਟਰ ਖੋਲ੍ਹ ਕੇ ਦੇਹ ਵਪਾਰ ਦੀ ਸ਼ੁਰੂਆਤ ਕੀਤੀ। ਮੌਜੂਦਾ ਸਮੇਂ ਵਿਚ ਉਸ ਮਾਲ ਵਿਚ 3 ਸੈਂਟਰ ਖੋਲ੍ਹ ਚੁੱਕੇ ਹਨ। ਇਸ ਤੋਂ ਇਲਾਵਾ ਇਸ ਧੰਦੇ ਨੂੰ ਵਧਾਉਂਦਿਆਂ ਉਨ੍ਹਾਂ ਮਾਡਲ ਟਾਊਨ, ਗੜ੍ਹਾ ਵਿਚ ਵੀ 2 ਸੈਂਟਰ ਖੋਲ੍ਹੇ ਹਨ। ਕੁੱਲ ਮਿਲਾ ਕੇ ਮਾਫੀਆ ਇਸ ਸਮੇਂ ਸ਼ਹਿਰ ਵਿਚ 5 ਸੈਂਟਰ ਚਲਾ ਰਿਹਾ ਹੈ ਤੇ ਇਸ ਧੰਦੇ ਨੂੰ ਵਧਾਉਣ ਲਈ ਕਈ ਹੋਰ ਥਾਵਾਂ 'ਤੇ ਵੀ ਸੈਂਟਰ ਖੋਲ੍ਹਣ ਜਾ ਰਿਹਾ ਹੈ। ਇਸ ਆਰਗੇਨਾਈਜ਼ਡ ਕ੍ਰਾਈਮ ਨੂੰ 5 ਵਿਅਕਤੀਆਂ ਦਾ ਇਕ ਗਰੁੱਪ ਅੰਜਾਮ ਦੇ ਰਿਹਾ ਹੈ। ਹਰ ਪਾਰਟਨਰ ਨੇ ਆਪਣਾ ਕੰਮ ਵੰਡਿਆ ਹੋਇਆ ਹੈ। ਇਨ੍ਹਾਂ ਵਿਚੋਂ ਕੋਈ ਇਮੀਗ੍ਰੇਸ਼ਨ ਵਿਭਾਗ ਨੂੰ ਸੰਭਾਲਦਾ ਹੈ ਤੇ ਕੋਈ ਪੁਲਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਲੈਂਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਕ ਪਾਰਟਨਰ ਦੇ ਤਾਰ ਪੰਜਾਬ ਦੇ ਨਾਮੀ ਗੈਂਗਸਟਰ ਨਾਲ ਵੀ ਜੁੜੇ ਹੋਏ ਹਨ ਤੇ ਜਲੰਧਰ ਵਿਚ ਇਹ ਤਿੰਨੇ ਇਸ ਗੋਰਖਧੰਦੇ ਨੂੰ ਅੰਜਾਮ ਦੇ ਕੇ ਕਰੋੜਾਂ ਰੁਪਏ ਛਾਪ ਰਹੇ ਹਨ। ਜਾਣਕਾਰੀ ਹੈ ਕਿ ਮਾਫੀਆ ਅੰਮ੍ਰਿਤਸਰ ਵਿਚ ਪਹਿਲਾਂ ਹੀ 5 ਤੋਂ 6 ਸਪਾ ਸੈਂਟਰ ਚਲਾ ਰਿਹਾ ਹੈ।

ਗਾਹਕਾਂ ਅੱਗੇ ਪਰੋਸੀਆਂ ਜਾਂਦੀਆਂ ਹਨ ਵਿਦੇਸ਼ਾਂ ਤੋਂ ਬੁਲਾਈਆਂ ਗਈਆਂ ਲੜਕੀਆਂ
ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਦੇਸ਼ੀ ਲੜਕੀਆਂ ਉਨ੍ਹਾਂ ਅੱਗੇ ਪਰੋਸੀਆਂ ਜਾਂਦੀਆਂ ਹਨ ਤੇ ਮਨਮਰਜ਼ੀ ਨਾਲ ਪੈਸੇ ਵਸੂਲੇ ਜਾਂਦੇ ਹਨ। ਵਿਦੇਸ਼ੀ ਲੜਕੀਆਂ ਬੈਂਕਾਕ ਤੋਂ ਮੰਗਵਾਈਆਂ ਜਾਂਦੀਆਂ ਹਨ। ਜ਼ਿਆਦਾਤਰ ਵਿਦੇਸ਼ੀ ਸਟਾਫ ਨੂੰ 2 ਤੋਂ 3 ਮਹੀਨਿਆਂ ਵਿਚ ਬਦਲ ਦਿੱਤਾ ਜਾਂਦਾ ਹੈ। ਮਾਫੀਆ ਨੇ ਹੁਣ ਪੰਜਾਬ, ਦਿੱਲੀ ਤੇ ਹੋਰ ਸੂਬਿਆਂ ਤੋਂ ਵੀ ਸਟਾਫ ਨੂੰ ਹਾਇਰ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ੀ ਸਟਾਫ ਲਈ ਪਾਸ਼ ਇਲਾਕਿਆਂ ਵਿਚ ਕੋਠੀਆਂ ਕਿਰਾਏ 'ਤੇ ਲਈਆਂ ਜਾਂਦੀਆਂ ਹਨ ਤੇ ਰਾਤ ਨੂੰ ਸੈਂਟਰ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਰ ਰਾਹੀਂ ਕੋਠੀ ਵਿਚ ਡਰਾਪ ਕੀਤਾ ਜਾਂਦਾ ਹੈ। ਮਾਫੀਆ ਵਿਦੇਸ਼ੀ ਲੜਕੀਆਂ 'ਤੇ ਵੀ ਪੂਰੀ ਨਜ਼ਰ ਰੱਖਦਾ ਹੈ ਕਿ ਕਿਤੇ ਉਹ ਸ਼ਾਮ ਦੇ ਸਮੇਂ ਕੰਮ ਤੋਂ ਬਾਅਦ ਕਿਸੇ ਬਾਹਰੀ ਵਿਅਕਤੀ ਦੇ ਸੰਪਰਕ ਵਿਚ ਨਾ ਆਉਣ ਕਿਉਂਕਿ ਅਜਿਹਾ ਹੋਣ ਨਾਲ ਉਨ੍ਹਾਂ ਦੇ ਧੰਦੇ ਲਈ ਖਤਰਾ ਹੋ ਸਕਦਾ ਹੈ।

ਟੂਰਿਸਟ ਵੀਜ਼ਾ 'ਤੇ ਲਿਆਈਆਂ ਜਾਂਦੀਆਂ ਹਨ ਵਿਦੇਸ਼ੀ ਲੜਕੀਆਂ
ਸੂਤਰ ਦੱਸਦੇ ਹਨ ਕਿ ਸਪਾ ਸੈਂਟਰ ਵਿਚ ਕੰਮ ਕਰਨ ਵਾਲੀਆਂ ਲੜਕੀਆਂ ਨੂੰ ਬੈਂਕਾਕ ਤੋਂ ਟੂਰਿਸਟ ਵੀਜ਼ਾ 'ਤੇ ਲਿਆਇਆ ਜਾਂਦਾ ਹੈ ਤੇ ਉਨ੍ਹਾਂ ਨਾਲ ਬੈਂਕਾਕ ਵਿਚ ਹੀ ਪੈਸਿਆਂ ਦੇ ਲੈਣ-ਦੇਣ ਦੀ ਡੀਲ ਕਰ ਲਈ ਜਾਂਦੀ ਹੈ। ਟੂਰਿਸਟ ਵੀਜ਼ਾ 'ਤੇ ਲਿਆਉਣ ਤੋਂ ਬਾਅਦ ਉਨ੍ਹਾਂ ਕੋਲੋਂ ਦੇਹ ਵਪਾਰ ਕਰਵਾਇਆ ਜਾਂਦਾ ਹੈ। ਮਾਫੀਆ ਵਿਚੋਂ ਇਕ ਪਾਰਟਨਰ ਬੈਂਕਾਕ ਦੀਆਂ ਲੜਕੀਆਂ ਨਾਲ ਸੰਪਰਕ ਕਰਦਾ ਹੈ ਅਤੇ ਉਨ੍ਹਾਂ ਨੂੰ ਮੋਟੀ ਕਮਾਈ ਦਾ ਭਰੋਸਾ ਦਿਵਾ ਕੇ ਭਾਰਤ ਲਿਆਉਂਦਾ ਹੈ।

ਵਟਸਐਪ 'ਤੇ ਤਸਵੀਰਾਂ ਭੇਜ ਕੇ ਗਾਹਕਾਂ ਨੂੰ ਕਰਦੇ ਹਨ ਆਕਰਸ਼ਿਤ
ਮਾਫੀਆ ਨੇ ਜਲੰਧਰ ਦੇ ਲੋਕਾਂ ਦਾ ਮੋਬਾਇਲ ਡਾਟਾ ਇਕੱਠਾ ਕਰ ਕੇ ਇਕ ਵਟਸਐਪ ਗਰੁੱਪ ਬਣਾਇਆ ਹੈ ਅਤੇ ਇਸ ਗਰੁੱਪ ਵਿਚ ਰੋਜ਼ਾਨਾ ਲੜਕੀਆਂ ਦੀਆਂ ਫੋਟੋਆਂ ਪਾਈਆਂ ਜਾਂਦੀਆਂ ਹਨ ਅਤੇ ਮਸਾਜ ਲਈ ਵੱਖ-ਵੱਖ ਆਫਰਜ਼ ਦਿੱਤੇ ਜਾਂਦੇ ਹਨ। ਮੈਸੇਜ ਤੋਂ ਇਲਾਵਾ ਸਟਾਫ ਵਲੋਂ ਕਾਲਿੰਗ ਵੀ ਕੀਤੀ ਜਾਂਦੀ ਹੈ ਅਤੇ ਗਾਹਕਾਂ ਨੂੰ ਸਪਾ ਸੈਂਟਰ ਵਿਚ ਆਉਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ ਅਤੇ ਬਿਹਤਰੀਨ ਸੇਵਾਵਾਂ ਉਪਲਬਧ ਕਰਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ।

ਜਲੰਧਰ 'ਚ ਹੁਣ ਤੱਕ ਸਪਾ ਸੈਂਟਰਾਂ 'ਤੇ ਇਕ ਵਾਰ ਹੀ ਹੋਈ ਕਾਰਵਾਈ
ਜਲੰਧਰ ਪੁਲਸ ਨੇ ਪਿਛਲੇ ਕੁਝ ਸਾਲਾਂ ਵਿਚ ਸਿਰਫ ਇਕ ਹੀ ਸਪਾ ਸੈਂਟਰ 'ਤੇ ਕਾਰਵਾਈ ਕੀਤੀ ਸੀ। ਇਸ ਦੌਰਾਨ ਪੁਲਸ ਨੇ ਉਸ ਸਪਾ ਸੈਂਟਰ ਤੋਂ ਇਤਰਾਜ਼ਯੋਗ ਸਾਮਾਨ ਵੀ ਬਰਾਮਦ ਕੀਤਾ ਸੀ। ਪੁਲਸ ਨੇ ਸਪਾ ਵਿਚ ਕੰਮ ਕਰ ਰਹੀਆਂ ਲੜਕੀਆਂ ਨੂੰ ਕੋਰਟ ਵਿਚ ਪੇਸ਼ ਕਰ ਜੇਲ ਭੇਜ ਦਿੱਤਾ ਸੀ ਪਰ ਇਸ ਮਾਮਲੇ ਵਿਚ ਵੀ ਪੁਲਸ ਸਪਾ ਸੈਂਟਰ ਦੇ ਮਾਲਕ ਤੱਕ ਨਹੀਂ ਪਹੁੰਚ ਸਕੀ ਸੀ। ਪੁਲਸ ਦੀ ਇਸ ਕਾਰਵਾਈ ਤੋਂ ਬਾਅਦ ਸਪਾ ਦੀ ਆੜ ਵਿਚ ਦੇਹ ਵਪਾਰ ਦਾ ਕੰਮ ਕਰ ਰਹੇ ਲੋਕਾਂ ਵਿਚ ਜ਼ਰੂਰ ਕੁਝ ਦਹਿਸ਼ਤ ਵੇਖੀ ਗਈ ਸੀ ਪਰ 6 ਮਹੀਨੇ ਬਾਅਦ ਅੰਮ੍ਰਿਤਸਰ ਦੇ ਮਾਫੀਆ ਨੇ ਜਲੰਧਰ ਵਿਚ ਐਂਟਰੀ ਕਰ ਲਈ। ਸੂਤਰ ਦੱਸਦੇ ਹਨ ਕਿ ਪੁਲਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਪਰ ਸਿਆਸੀ ਪਹੁੰਚ ਅਤੇ ਉੱਚ ਪੁਲਸ ਅਧਿਕਾਰੀਆਂ ਨਾਲ ਮਾਫੀਆ ਦੇ ਕੁਝ ਲੋਕਾਂ ਦੀ ਪਛਾਣ ਹੈ, ਜਿਸ ਕਾਰਣ ਮਾਫੀਆ ਬੇਖੌਫ ਹੋ ਕੇ ਆਪਣੇ ਕੰਮ ਨੂੰ ਅੰਜਾਮ ਦੇ ਰਿਹਾ ਹੈ।

ਅਜਿਹੇ ਮਾਮਲਿਆਂ 'ਚ ਕੀ ਕਹਿੰਦਾ ਹੈ ਕਾਨੂੰਨ
ਅਜਿਹੇ ਵਿਚ ਕਾਨੂੰਨ ਕੀ ਕਹਿੰਦਾ ਹੈ। ਇਸ ਬਾਰੇ ਜਾਣਕਾਰੀ ਲੈਣ ਲਈ ਐਡਵੋਕੇਟ ਅਰਜੁਨ ਖੁਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਸਪਾ ਸੈਂਟਰ ਦਾ ਮਾਲਕ, ਕਿਰਾਏਦਾਰ, ਮੈਨੇਜਰ ਜਾਂ ਕੋਈ ਹੋਰ ਕਾਬਜ਼ ਵਿਅਕਤੀ ਜਾਣ ਬੁੱਝ ਕੇ ਉਸ ਪਾਰਲਰ ਵਿਚ ਦੇਹ ਵਪਾਰ ਦਾ ਕੰਮ ਕਰਵਾਉਂਦਾ ਹੈ ਤਾਂ ਉਹ ਪਾਰਲਰ ਇੰਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ 1956 ਦੇ ਦਫਾ 2 ਦੇ ਤਹਿਤ ਬ੍ਰੋਥਮ ਦੀ ਪਰਿਭਾਸ਼ਾ ਦੇ ਅਧੀਨ ਆਵੇਗਾ ਅਤੇ ਅਜਿਹੇ ਵਿਅਕਤੀ ਨੂੰ ਦਫਾ 3 ਦੇ ਤਹਿਤ ਕਾਨੂੰਨ ਅਨੁਸਾਰ 5 ਸਾਲ ਤੱਕ ਸਜ਼ਾ ਹੋ ਸਕਦੀ ਹੈ। ਨਾਲ ਹੀ ਦਫਾ 5 ਦੇ ਤਹਿਤ ਅਜਿਹਾ ਵਿਅਕਤੀ ਜੇਕਰ ਦੂਜੇ ਵਿਅਕਤੀ ਦੀ ਮਰਜ਼ੀ ਦੇ ਖਿਲਾਫ ਉਸ ਨੂੰ ਦੇਹ ਵਪਾਰ ਕਰਨ ਲਈ ਮਜਬੂਰ ਕਰਦਾ ਹੈ ਤਾਂ ਉਸਨੂੰ 14 ਸਾਲ ਤੱਕ ਸਜ਼ਾ ਹੋ ਸਕਦੀ ਹੈ ਅਤੇ ਜੇਕਰ ਦੂਜਾ ਵਿਅਕਤੀ ਇਕ ਬੱਚਾ ਹੈ ਤਾਂ ਇਸ ਵਿਚ ਸਜ਼ਾ ਉਮਰ ਕੈਦ ਵੀ ਹੋ ਸਕਦੀ ਹੈ। ਜੇਕਰ ਕੋਈ ਵਿਅਕਤੀ ਮਜਬੂਰੀ ਕਾਰਣ ਦੇਹ ਵਪਾਰ ਦੇ ਧੰਦੇ ਵਿਚ ਜੁੜਿਆ ਹੈ ਤਾਂ ਉਹ ਵਿਅਕਤੀ ਦਫਾ 19 ਦੇ ਤਹਿਤ ਇਲਾਕਾ ਮੈਜਿਸਟਰੇਟ ਨੂੰ ਮਦਦ ਲਈ ਐਪਲੀਕੇਸ਼ਨ ਵੀ ਦੇ ਸਕਦਾ ਹੈ ਅਤੇ ਛਾਣਬੀਣ ਕਰਨ ਤੋਂ ਬਾਅਦ ਇਲਾਕਾ ਮੈਜਿਸਟਰੇਟ ਉਸ ਵਿਅਕਤੀ ਨੂੰ ਪ੍ਰੋਟੈਕਟਿਵ ਹੋਮ ਵਿਚ ਰੱਖਣ ਲਈ ਹੁਕਮ ਜਾਰੀ ਕਰ ਸਕਦਾ ਹੈ।

Baljeet Kaur

This news is Content Editor Baljeet Kaur