ਮੇਲੇ ਦੌਰਾਨ ਸ਼ਰਾਬ ਠੇਕੇਦਾਰਾਂ ਨੇ ਵੇਚੀ ਸ਼ਰੇਆਮ ਸ਼ਰਾਬ, ਪਿਆਕੜਾਂ ਨੂੰ ਲੱਗਿਆ ਮੌਜ਼ਾਂ

07/12/2019 2:48:54 PM

ਜਲਾਲਾਬਾਦ (ਜਤਿੰਦਰ, ਨਿਖੰਜ) - ਪੰਜਾਬ ਦੀ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਿੰਡਾਂ ਸ਼ਹਿਰਾਂ, ਸਕੂਲਾਂ ਕਾਲਜਾਂ ਅਤੇ ਹੋਰ ਜਨਤਕ ਥਾਵਾਂ 'ਤੇ ਸੈਮੀਨਾਰ ਲਗਾ ਕੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪੰਜਾਬ ਨੂੰ ਗੁਰੂਆਂ-ਪੀਰਾਂ ਪੈਗੰਬਰਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪੰਜਾਬ ਭਰ 'ਚ ਮੇਲੇ ਲਗਾਏ ਜਾਂਦੇ ਹਨ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਗੁਰੂਆਂ-ਪੀਰਾਂ ਦੇ ਇਤਿਹਾਸ ਬਾਰੇ ਜਾਗਰੂਕ ਹੋ ਸਕਣ। ਪਿੰਡਾਂ ਅੰਦਰ ਲੱਗਣ ਵਾਲੇ ਮੇਲੇ 'ਚ ਹਮੇਸ਼ਾ ਹੀ ਹੈਰਾਨ ਕਰਨ ਵਾਲਾ ਇਕ ਦ੍ਰਿਸ਼ ਜ਼ਰੂਰ ਦੇਖਣ ਨੂੰ ਮਿਲਦਾ ਹੀ ਹੈ। ਅਜਿਹਾ ਹੀ ਕੁਝ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡ ਮਿੱਡਾ ਵਿਖੇ ਵੀਰਵਾਰ ਨੂੰ ਪਿੰਡ ਅੰਦਰ ਬਾਬਾ ਜੀ ਦੀ ਦਰਗਾਹ 'ਤੇ ਲੱਗੇ ਸਲਾਨਾ ਜੋੜ ਮੇਲੇ 'ਚ ਦੇਖਣ ਨੂੰ ਮਿਲਿਆ। ਇਸ ਮੇਲੇ 'ਚ ਸ਼ਰਾਬ ਦੇ ਠੇਕੇਦਾਰਾਂ ਨੇ ਆਪਣੇ ਨਿੱਜੀ ਮੁਨਾਫੇ ਲਈ ਸਟਾਲ ਲਗਾ ਕੇ ਸ਼ਰਾਬ ਦੀ ਵਿਕਰੀ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ। ਦੱਸ ਦੇਈਏ ਕਿ ਅਜਿਹਾ ਸਭ ਦੇਖ ਕੇ ਲੱਗਦਾ ਹੈ ਕਿ ਪੰਜਾਬ ਸਰਕਾਰ ਦੇ ਨਸ਼ਾ ਮੁਕਤ ਕਰਨ ਦੇ ਦਾਅਵੇ ਝੂਠੇ ਸਿੱਧ ਹੁੰਦੇ ਦਿਖਾਈ ਦੇ ਰਹੇ ਹਨ। ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀ 'ਚ ਸ਼ਰੇਆਮ ਸ਼ਰਾਬ ਦੀ ਵਿਕਰੀ ਕਰ ਰਹੇ ਸ਼ਰਾਬ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਹਿੰਮਤ ਨਹੀਂ। 

ਪਿੰਡ ਮਿੱਡਾ ਵਿਖੇ ਲੱਗੇ ਸਲਾਨਾ ਜੋੜ ਮੇਲੇ 'ਚ ਠੇਕੇਦਾਰਾਂ ਨੇ ਵੇਚੀ ਸ਼ਰਾਬ, ਪ੍ਰਸ਼ਾਸਨੀ ਅਧਿਕਾਰੀ ਬਣੇ ਰਹੇ ਮੂਕ ਦਰਸ਼ਕ
ਪਿੰਡ ਮਿੱਡਾ ਵਿਖੇ ਲੱਗੇ ਸਲਾਨਾ ਜੋੜ ਮੇਲੇ 'ਚ ਪੁੱਜੀ ਟੀਮ ਨੇ ਦੇਖਿਆ ਕਿ ਸ਼ਰਾਬ ਦੇ ਠੇਕੇਦਾਰਾਂ ਵਲੋਂ ਗੱਡੀ 'ਚ ਸ਼ਰਾਬ ਦੀਆਂ ਪੇਟੀਆਂ ਰੱਖ ਕੇ ਸ਼ਰੇਆਮ ਮੇਲੇ ਵਾਲੇ ਪੰਡਾਲ 'ਚ ਸ਼ਰਾਬ ਵੇਚ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਸਾਡੀ ਟੀਮ ਦੇ ਅਧਿਕਾਰੀਆਂ ਨੇ ਸਾਰਾ ਇਹ ਮੰਜ਼ਰ ਆਪਣੇ ਕੈਮਰੇ 'ਚ ਕਰ ਲਿਆ ਪਰ ਠੇਕੇਦਾਰਾਂ ਦੇ ਕਰਿੰਦੇ ਬਿੰਨ੍ਹਾਂ ਕਿਸੇ ਡਰ ਤੋਂ ਸ਼ਰਾਬ ਦੀ ਵਿਕਰੀ ਕਰਦੇ ਰਹੇ ਸਨ। ਮੇਲੇ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਅਜਿਹੇ ਕਾਰਨਾਮੇ ਨੂੰ ਬੰਦ ਕਰਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। 

ਪਿੰਡ ਦੇ ਸਰਪੰਚ ਅਤੇ ਆਮ ਲੋਕਾਂ ਨੇ ਪ੍ਰਗਟਾਇਆ ਰੋਸ
ਪਿੰਡ ਮਿੱਡਾ ਦੇ ਮੌਜੂਦਾ ਸਰਪੰਚ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਵਾਲੇ ਦਿਨ ਬਾਬਾ ਜੀ ਦੀ ਦਰਗਾਹ 'ਤੇ ਸ਼ਰਾਬ ਜਾਂ ਕੋਈ ਨਸ਼ਾ ਕਰਕੇ ਨਾ ਆਉਣ ਦੀ ਅਪੀਲ ਕੀਤੀ ਗਈ ਸੀ ਪਰ ਠੇਕੇਦਾਰਾਂ ਨੇ ਮੇਲੇ ਵਾਲੇ ਦਿਨ ਆਪਣੇ ਨਿੱਜੀ ਮੁਨਾਫੇ ਲਈ ਸ਼ਰਾਬ ਵੇਚੀ ਹੈ। ਪਿੰਡ ਦੀ ਸਮੁੱਚੀ ਪੰਚਾਇਤ ਨੇ ਅਜਿਹੇ ਕਾਰਨਾਮੇ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਰਾਬ ਠੇਕੇਦਾਰਾਂ ਦੇ ਖਿਲਾਫ ਰੋਸ ਪ੍ਰਗਟਾਇਆ। ਪਿੰਡ ਦੇ ਸਰਪੰਚ ਅਤੇ ਆਮ ਲੋਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋ ਮੰਗ ਕੀਤੀ ਕਿ ਮੇਲੇ ਦੌਰਾਨ ਸ਼ਰਾਬ ਦੀ ਵਿਕਰੀ ਕਰਨ ਵਾਲੇ ਠੇਕੇਦਾਰਾਂ ਅਤੇ ਕਰਿੰਦਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। 

ਐਕਸਾਇਜ਼ ਵਿਭਾਗ ਦੇ ਇੰਸਪੈਕਟਰ ਨੇ ਨਹੀਂ ਦਿੱਤਾ ਕੋਈ ਤਸਲੀਬਖਸ਼ ਜਵਾਬ
ਇਸ ਸਾਲਾਨਾ ਜੋੜ ਮੇਲੇ ਦੌਰਾਨ ਸ਼ਰਾਬ ਠੇਕੇਦਾਰਾਂ ਵਲੋਂ ਵੇਚੀ ਗਈ ਸ਼ਰਾਬ ਦੇ ਸਬੰਧ 'ਚ ਜ਼ਿਲਾ ਫਾਜ਼ਿਲਕਾ ਦੇ ਐਕਸਾਇਜ਼ ਵਿਭਾਗ ਦੇ ਇੰਸਪੈਕਟਰ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਕੋਈ ਸ਼ਿਕਾਇਤ ਨਹੀਂ ਆਈ। ਉਨ੍ਹਾਂ ਕੋਲੋ ਜਦੋਂ ਪੁੱਛਿਆ ਗਿਆ ਕਿ ਮੇਲੀਆਂ 'ਚ ਖੁੱਲ੍ਹੇ ਆਮ ਸ਼ਰਾਬ ਵੇਚਣਾ ਗੈਰ-ਕਾਨੂੰਨੀ ਹੈ ਤਾਂ ਉਨ੍ਹਾਂ ਨੇ ਕੋਈ ਤਸਲੀਬਖਸ਼ ਜਵਾਬ ਨਹੀਂ ਦਿੱਤਾ।

rajwinder kaur

This news is Content Editor rajwinder kaur