ਟਿਕਟਾਂ ਦੀ ਵੰਡ ਨੂੰ ਲੈ ਕੇ ਜਾਖੜ ਨੇ ਸਿੱਧੂ ਅਤੇ ਕ੍ਰਿਸ਼ਨਾ ਅਲਾਵਰੂ ਨਾਲ ਬੰਦ ਕਮਰੇ ’ਚ ਮੀਟਿੰਗ ਕੀਤੀ

12/16/2021 11:46:45 AM

ਜਲੰਧਰ (ਧਵਨ) : ਪੰਜਾਬ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਸਕਰੀਨਿੰਗ ਕਮੇਟੀ ਮੈਂਬਰ ਕ੍ਰਿਸ਼ਨਾ ਅਲਾਵਰੂ ਨਾਲ ਬੰਦ ਕਮਰੇ ’ਚ ਮੀਟਿੰਗ ਕੀਤੀ। ਜਿਸ ’ਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਪਰ ਕਾਂਗਰਸ ਨੇ ਆਪਣੇ ਉਮੀਦਵਾਰ ਤੈਅ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਨਹੀਂ ਕੀਤੀ ਹੈ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਜਾਖੜ ਦੀ ਸਿੱਧੂ ਅਤੇ ਕ੍ਰਿਸ਼ਨਾ ਅਲਾਵਰੂ ਨਾਲ ਮੁਲਾਕਾਤ ਇਕ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਮਰੇ ਵਿਚ ਚੱਲਦੀ ਰਹੀ। ਇਸ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਮਾਮਲਾ ਵਿਚਾਰਿਆ ਗਿਆ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਜਾਖੜ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਨੇ ਵੀ 15 ਦਸੰਬਰ ਤੱਕ ਆਪਣੇ 50 ਉਮੀਦਵਾਰ ਫਾਈਨਲ ਕਰ ਲਏ ਸਨ। ਇਸ ਵਾਰ ਅਜੇ ਤੱਕ ਇਕ ਵੀ ਉਮੀਦਵਾਰ ਦਾ ਫੈਸਲਾ ਨਹੀਂ ਹੋਇਆ ਹੈ ਅਤੇ ਉਮੀਦਵਾਰਾਂ ਨੂੰ ਲੈ ਕੇ ਅੰਦਰੋਂ-ਅੰਦਰੀ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ ਜੋ ਪਾਰਟੀ ਲਈ ਠੀਕ ਨਹੀਂ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕ੍ਰਿਸ਼ਨ ਅਲਾਵਰੂ ਨੇ ਵੀ ਜਾਖੜ ਵੱਲੋਂ ਉਠਾਏ ਮੁੱਦਿਆਂ ’ਤੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਟਿਕਟਾਂ ਦੀ ਵੰਡ ਦੀ ਪ੍ਰਕਿਰਿਆ ਜਲਦੀ ਸ਼ੁਰੂ ਕੀਤੇ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਡਿਵੈਲਪਰਜ਼ ਨੂੰ ਦਿੱਤੀ ਸੌਗਾਤ, ਬਕਾਏ ’ਤੇ ਵਿਆਜ਼ ’ਚ ਕੀਤੀ ਕਟੌਤੀ

ਮੀਟਿੰਗ ’ਚ ਜਾਖੜ ਨੇ ਪਿਛਲੇ ਦਿਨੀਂ ਸਿੱਧੂ ਵੱਲੋਂ ਆਪਣੇ ਖ਼ਿਲਾਫ਼ ਦਿੱਤੇ ਬਿਆਨ ਦਾ ਮੁੱਦਾ ਵੀ ਉਠਾਇਆ, ਜਿਸ ’ਚ ਸਿੱਧੂ ਨੇ ਕਿਹਾ ਸੀ ਕਿ ਜਾਖੜ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਹੁੰਦਿਆਂ ਸਰਕਾਰ ਕੋਲ ਕੋਈ ਮੁੱਦਾ ਨਹੀਂ ਉਠਾਇਆ। ਮੀਟਿੰਗ ਵਿਚ ਜਾਖੜ ਦੇ ਇਤਰਾਜ਼ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਸਿੱਧੂ ਨੇ ਖੁਦ ਮੀਟਿੰਗ ਤੋਂ ਬਾਅਦ ਇਲੈਕਟ੍ਰਾਨਿਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੇ 3 ਆਗੂ 3 ਦਰਿਆਵਾਂ ਦੀ ਧਾਰਾ ਵਾਂਗ ਹਨ, ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਬੰਦ ਕਮਰਾ ਮੀਟਿੰਗ ਤੋਂ ਬਾਅਦ ਜਾਖੜ ਨੇ ਕਈ ਹੋਰ ਕਾਂਗਰਸੀ ਆਗੂਆਂ ਨਾਲ ਵੀ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਪਾਰਟੀ ਵੱਲੋਂ ਸੂਬੇ ਵਿਚ ਸ਼ੁਰੂ ਕੀਤੀ ਜਾਣ ਵਾਲੀ ਚੋਣ ਮੁਹਿੰਮ ਸਬੰਧੀ ਇਨ੍ਹਾਂ ਆਗੂਆਂ ਤੋਂ ਉਨ੍ਹਾਂ ਦੇ ਵਿਚਾਰ ਲਏ ਗਏ।

ਇਹ ਵੀ ਪੜ੍ਹੋ : ਖੇਡ ਮੰਤਰੀ ਪਰਗਟ ਸਿੰਘ ਨੇ ਖਿਡਾਰੀਆਂ ਤੇ ਕੋਚਾਂ ਨੂੰ 11.80 ਕਰੋੜ ਰੁਪਏ ਦੀ ਰਾਸ਼ੀ ਵੰਡੀ 

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha