ਅੱਗ ਲਾਉਣ ਵਾਲੇ 3 ਡੇਰਾ ਪ੍ਰੇਮੀਆਂ ਨੂੰ ਜੇਲ ਭੇਜਿਆ

09/24/2017 2:26:30 AM

ਬਠਿੰਡਾ(ਪਰਮਿੰਦਰ)-ਜੀ. ਆਰ. ਪੀ. ਨੇ ਬੱਲੂਆਣਾ ਰੇਲਵੇ ਸਟੇਸ਼ਨ ਨੂੰ ਅੱਗ ਦੇ ਹਵਾਲੇ ਕਰਨ ਵਾਲੇ 3 ਡੇਰਾ ਸਮਰਥਕਾਂ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ। ਪੁਲਸ ਇਸ ਮਾਮਲੇ ਵਿਚ ਫਰਾਰ ਹੋਰ 6 ਮੁਲਜ਼ਮਾਂ ਦੀ ਵੀ ਤਲਾਸ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ 25 ਅਗਸਤ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀ. ਬੀ. ਆਈ. ਅਦਾਲਤ ਵੱਲੋਂ 20 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਪਰੰਤ ਪੰਚਕੂਲਾ ਤੋਂ ਇਲਾਵਾ ਪੰਜਾਬ ਵਿਚ ਵੀ ਕਈ ਜਗ੍ਹਾ 'ਤੇ ਅੱਗ ਲਾਉਣ ਦੀਆਂ ਘਟਨਾਵਾਂ ਅਤੇ ਤੋੜ-ਫੋੜ ਦੀਆਂ ਘਟਨਾਵਾਂ ਹੋਈਆਂ ਸਨ। 
ਇਸ ਦੇ ਤਹਿਤ ਹੀ ਡੇਰਾ ਸਮਰਥਕਾਂ ਨੇ ਬਠਿੰਡਾ ਦੇ ਪਿੰਡ ਬੱਲੂਆਣ ਸਥਿਤ ਰੇਲਵੇ ਸਟੇਸ਼ਨ ਦੇ ਇਕ ਕਮਰੇ 'ਚ ਪੈਟਰੋਲ ਬੰਬ ਸੁੱਟ ਕੇ ਇਸ ਵਿਚ ਅੱਗ ਲਾ ਦਿੱਤੀ ਸੀ, ਜਿਸ ਨਾਲ ਕਾਫ਼ੀ ਨੁਕਸਾਨ ਹੋ ਗਿਆ ਸੀ। ਜੀ. ਆਰ. ਪੀ. ਨੇ ਇਸ ਸੰਬੰਧ ਵਿਚ 9 ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ 3 ਮੁਲਜ਼ਮਾਂ ਗੁਰਦੇਵ ਸਿੰਘ ਵਾਸੀ ਬਠਿੰਡਾ, ਹਾਜੀਰਤਨ ਵਾਸੀ ਬਾਜਕ ਅਤੇ ਗੁਰਮੇਲ ਸਿੰਘ ਵਾਸੀ ਚੁੱਘੇ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਕਤ ਮੁਲਜ਼ਮਾਂ ਨੂੰ ਹੁਣ ਪੁਲਸ ਰਿਮਾਂਡ ਸਮਾਪਤ ਹੋਣ 'ਤੇ ਏ. ਐੱਸ. ਆਈ. ਜਗਜੀਤ ਸਿੰਘ ਦੀ ਅਗਵਾਈ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਜੇਲ ਭੇਜਣ ਦੇ ਆਦੇਸ਼ ਦੇ ਦਿੱਤੇ ਗਏ। ਪੁਲਸ ਨੇ ਉਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਉਣ ਤੋਂ ਬਾਅਦ ਜੇਲ ਭੇਜ ਦਿੱਤਾ। ਏ. ਐੱਸ. ਆਈ. ਜਗਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਸ਼ਾਮਲ 6 ਹੋਰ ਮੁਲਜ਼ਮਾਂ ਦੀ ਵੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ।