ਬੈਂਕ ਘਪਲਾ : ਜ਼ੋਨਲ ਮੈਨੇਜਰ ਨੂੰ ਜੇਲ

09/22/2017 2:25:41 AM

ਬਠਿੰਡਾ(ਵਰਮਾ)-ਪੰਜਾਬ ਐਂਡ ਸਿੰਧ ਬੈਂਕ ਕਿੱਕਰ ਬਾਜ਼ਾਰ ਦੀ ਸ਼ਿਕਾਇਤ 'ਤੇ ਇਸੇ ਬੈਂਕ ਦੇ ਜ਼ੋਨਲ ਮੈਨੇਜਰ ਨੂੰ ਬੈਂਕ ਵਿਚ ਹੋਏ ਘਪਲੇ ਨੂੰ ਲੈ ਕੇ ਜੇਲ ਦੀ ਹਵਾ ਖਾਣੀ ਪਈ। ਜਾਣਕਾਰੀ ਅਨੁਸਾਰ ਨਵਨਿੰਦਰ ਕੌਰ ਪਤਨੀ ਸਵ. ਦਰਸ਼ਨ ਸਿੰਘ ਨੇ ਪੁਲਸ ਨੂੰ ਮਾਮਲਾ ਦਰਜ ਕਰਵਾਇਆ, ਜਿਸ ਵਿਚ ਮੋਨਿਕਾ ਗਰਗ ਪਤਨੀ ਭਗਵਾਨ ਦਾਸ ਗਰਗ ਅਤੇ ਹਿੰਮਤ ਸਿੰਘ ਪੁੱਤਰ ਰੂਪ ਸਿੰਘ ਨੇ ਉਨ੍ਹਾਂ ਦੇ 295 ਗਜ਼ ਦੇ ਪਲਾਟ ਨੂੰ ਜਾਅਲਸਾਜ਼ੀ ਕਰ ਕੇ ਪੰਜਾਬ ਐਂਡ ਸਿੰਧ ਬੈਂਕ ਤੋਂ 1 ਕਰੋੜ 45 ਲੱਖ ਰੁਪਏ ਦਾ ਕਰਜ਼ਾ ਲੈ ਲਿਆ। ਬੈਂਕ ਦੇ ਜ਼ਿਲਾ ਮੈਨੇਜਰ ਸੁਰਿੰਦਰ ਸਿੰਘ ਅਤੇ ਇਸ ਬੈਂਕ ਦੇ ਜ਼ੋਨਲ ਮੈਨੇਜਰ ਸੋਹਨ ਸਿੰਘ ਕਾਲੜਾ ਜੋ ਹੁਣ ਰਿਟਾਇਰਡ ਹੋ ਚੁੱਕੇ ਹਨ ਨੇ ਮਿਲੀਭੁਗਤ ਕਰ ਕੇ ਬਿਨਾਂ ਜਾਂਚ ਪੜਤਾਲ ਕੀਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਮੋਨਿਕਾ ਗਰਗ ਨੂੰ 1 ਕਰੋੜ 45 ਲੱਖ ਰੁਪਏ ਦਾ ਕਰਜ਼ਾ ਦੇ ਦਿੱਤਾ। ਇਹੀ ਨਹੀਂ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਸਾਰੇ ਦਸਤਾਵੇਜ਼ ਫਰਜ਼ੀ ਨਿਕਲੇ, ਡਿਫਾਲਟਰ ਹੋਣ ਦੇ ਬਾਵਜੂਦ ਬੈਂਕ ਅਧਿਕਾਰੀਆਂ ਨੇ 10 ਲੱਖ ਰੁਪਏ ਦਾ ਓਵਰਡ੍ਰਾਫਟ ਤੇ ਮੋਨਿਕਾ ਗਰਗ ਦੇ ਕਾਰ ਦਾ ਲੋਨ ਵੀ ਮਨਜ਼ੂਰ ਕਰ ਦਿੱਤਾ। ਪੁਲਸ ਨੇ ਜਾਂਚ ਤੋਂ ਬਾਅਦ ਮੈਨੇਜਰ ਸੁਰਿੰਦਰ ਸਿੰਘ ਸਿੱਧੂ, ਜ਼ੋਨਲ ਮੈਨੇਜਰ ਸੋਹਨ ਸਿੰਘ ਕਾਲੜਾ ਤੇ ਗਾਰੰਟਰ ਰਾਜ ਖਿਲਾਫ ਬੈਂਕ ਨਾਲ ਧੋਖਾਦੇਹੀ ਤੇ ਠੱਗੀ ਦੇ ਮਾਮਲੇ ਦਰਜ ਕੀਤੇ। ਸੁਰਿੰਦਰ ਸਿੰਘ ਦੀ ਅਗਲੀ ਜ਼ਮਾਨਤ ਹਾਈਕੋਰਟ ਨੇ ਮਨਜ਼ੂਰ ਕਰ ਲਈ ਸੀ ਜਦਕਿ ਜ਼ੋਨਲ ਮੈਨੇਜਰ ਸੋਹਨ ਸਿੰਘ ਕਾਲੜਾ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ, ਪੁਲਸ ਦਬਾਅ ਤੋਂ ਬਾਅਦ ਜ਼ੋਨਲ ਮੈਨੇਜਰ ਨੇ ਸਥਾਨਕ ਅਦਾਲਤ ਵਿਚ ਆਤਮ ਸਮਰਪਣ ਕੀਤਾ ਜਿਸ ਨੂੰ ਜੇਲ ਭੇਜ ਦਿੱਤਾ ਗਿਆ। ਮਾਮਲਾ ਉਸ ਵੇਲੇ ਸੁਰਖੀਆਂ ਵਿਚ ਆਇਆ ਜਦ ਸ਼ਹਿਰ ਦੇ ਧਨਾਢ ਵਿਅਕਤੀ ਭਗਵਾਨ ਦਾਸ ਗਰਗ ਨੇ ਆਪਣੀ ਪਤਨੀ ਮੋਨਿਕਾ ਗਰਗ ਨਾਲ ਮਿਲ ਕੇ ਬੈਂਕ ਨਾਲ ਕਰੋੜਾਂ ਦੀ ਠੱਗੀ ਕੀਤੀ। ਪੀੜਤ ਨਵਨਿੰਦਰ ਕੌਰ ਨੇ ਭਗਵਾਨ ਦਾਸ ਤੇ ਉਸ ਦੀ ਪਤਨੀ 'ਤੇ ਬੈਂਕ ਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ 'ਤੇ ਦਬਾਅ ਪਾਇਆ ਕਿਉਂਕਿ ਭਗਵਾਨ ਦਾਸ ਦੇ ਦੋਸਤ ਦਰਸ਼ਨ ਸਿੰਘ ਨੇ ਆਪਣੇ 295 ਗਜ਼ ਦਾ ਇਕ ਪਲਾਟ ਗਾਰੰਟੀ ਦੇ ਤੌਰ 'ਤੇ ਮੋਨਿਕਾ ਗਰਗ ਰਾਹੀਂ ਬੈਂਕ ਤੋਂ ਕਰਜ਼ੇ ਦੇ ਤੌਰ 'ਤੇ ਰੱਖਿਆ ਸੀ ਜਿਸ 'ਤੇ ਪਤੀ-ਪਤਨੀ ਨੇ ਮਿਲ ਕੇ 1 ਕਰੋੜ 45 ਲੱਖ ਰੁਪਏ ਦਾ ਕਰਜ਼ ਲਿਆ। ਜਦ ਉਨ੍ਹਾਂ ਨੇ ਕੋਈ ਕਿਸ਼ਤ ਨਾ ਭਰੀ ਤਾਂ ਬੈਂਕ ਨੇ ਦਰਸ਼ਨ ਸਿੰਘ ਦੇ ਪਲਾਟ ਨੂੰ 1 ਕਰੋੜ 1 ਲੱਖ ਰੁਪਏ ਵਿਚ ਵੇਚ ਦਿੱਤਾ। ਮਾਨਸਿਕ ਦਬਾਅ ਵਿਚ ਆਏ ਦਰਸ਼ਨ ਸਿੰਘ ਨੇ ਆਪਣੇ ਘਰ ਵਿਚ ਹੀ ਆਤਮ-ਹੱਤਿਆ ਕਰ ਲਈ ਅਤੇ ਸੁਸਾਈਡ ਨੋਟ ਵਿਚ ਉਨ੍ਹਾਂ ਨੇ ਪੂਰੀ ਦਾਸਤਾਨ ਲਿਖ ਦਿੱਤੀ, ਜਿਸ ਦੇ ਆਧਾਰ 'ਤੇ ਥਾਣਾ ਕੈਂਟ ਪੁਲਸ ਨੇ ਮੋਨਿਕਾ ਗਰਗ, ਭਗਵਾਨ ਦਾਸ ਗਰਗ ਤੇ ਹਿੰਮਤ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ। ਮਾਮਲਾ ਇਥੇ ਹੀ ਨਹੀਂ ਰੁਕਿਆ, ਬੈਂਕ ਘਪਲੇ ਵਿਚ ਉਸ ਵੇਲੇ ਦੇ ਬੈਂਕ ਮੈਨੇਜਰ ਨੇ ਆਪਣੇ ਹੀ ਅਧਿਕਾਰੀਆਂ ਸੁਰਿੰਦਰ ਸਿੰਘ ਸਿੱਧੂ ਤੇ ਜਨਰਲ ਮੈਨੇਜਰ ਸੋਹਨ ਸਿੰਘ ਕਾਲੜਾ ਸਮੇਤ 3 ਲੋਕਾਂ 'ਤੇ ਬੈਂਕ ਨਾਲ ਜਾਅਲਸਾਜ਼ੀ ਦਾ ਮਾਮਲਾ ਦਰਜ ਕਰਵਾ ਦਿੱਤਾ। ਡੀ. ਐੱਸ. ਪੀ. ਗੁਰਦਰਸ਼ਨ ਸਿੰਘ ਨੇ ਮਾਮਲੇ ਦੀ ਜਾਂਚ ਰਿਪੋਰਟ ਐੱਸ. ਐੱਸ. ਪੀ. ਬਠਿੰਡਾ ਨੂੰ ਸੌਂਪੀ ਤੇ ਜੂਨ 2015 'ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਅਦਾਲਤ ਦੀ ਕਾਰਵਾਈ ਦੇ ਕਾਰਨ ਬੈਂਕ ਮੈਨੇਜਰ ਸੁਰਿੰਦਰ ਸਿੰਘ ਨੂੰ ਤਾਂ ਜ਼ਮਾਨਤ ਮਿਲ ਗਈ ਪਰ ਜ਼ੋਨਲ ਮੈਨੇਜਰ ਸੋਹਨ ਸਿੰਘ ਕਾਲੜਾ ਨੂੰ ਗੰਭੀਰ ਦੋਸ਼ ਵਿਚ ਜ਼ਮਾਨਤ ਨਹੀਂ ਮਿਲੀ ਅਤੇ ਉਸ ਨੂੰ ਜੇਲ ਦੀ ਹਵਾ ਖਾਣੀ ਪਈ। ਐੱਸ. ਐੱਸ. ਪੀ. ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਅਗਾਊਂ ਜ਼ਮਾਨਤਾਂ ਰੱਦ ਹੋਣ ਤੋਂ ਬਾਅਦ ਜ਼ੋਨਲ ਮੈਨੇਜਰ ਨੇ ਹਾਈਕੋਰਟ ਤੱਕ ਕੋਸ਼ਿਸ਼ ਕੀਤੀ, ਜ਼ਮਾਨਤ ਨਹੀਂ ਮਿਲੀ ਜਦਕਿ ਜਾਂਚ ਪੜਤਾਲ ਵਿਚ ਦੋਸ਼ੀ ਪਾਏ ਜਾਣ ਕਾਰਨ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।
ਕਈ ਬੈਂਕਾਂ ਨਾਲ ਠੱਗੀ ਕਰ ਚੁੱਕਾ ਹੈ ਭਗਵਾਨ ਦਾਸ ਗਰਗ ਉਰਫ ਟੋਨੀ
ਪੁਲਸ ਵੱਲੋਂ ਦਰਜ ਮਾਮਲੇ ਦੀ ਐੱਫ. ਆਈ. ਆਰ. ਅਨੁਸਾਰ ਸੀਮੈਂਟ ਦਾ ਕਾਰੋਬਾਰੀ ਐਸ਼ਵਿਤ ਸਰਵਿਸ ਕੰਪਨੀ ਅਜੀਤ ਰੋਡ ਦੇ ਮਾਲਿਕ ਭਗਵਾਨ ਦਾਸ ਗਰਗ ਉਰਫ ਟੋਨੀ ਨੇ ਪੰਜਾਬ ਨੈਸ਼ਨਲ ਬੈਂਕ ਕਿੱਕਰ ਬਾਜ਼ਾਰ ਤੋਂ 1-09-2008 ਨੂੰ 3 ਕਰੋੜ 20 ਲੱਖ ਦਾ ਕਰਜ਼ ਲਿਆ, ਜਿਸ ਦਾ ਲੋਨ ਭਰਿਆ ਨਹੀਂ। 20-06-2011 ਨੂੰ ਭਗਵਾਨ ਦਾਸ ਦੀ ਸੱਸ ਮਧੂ ਗੁਪਤਾ ਪਤਨੀ ਰਜਿੰਦਰ ਗੁਪਤਾ ਵਾਸੀ ਅਮਰੀਕ ਸਿੰਘ ਰੋਡ ਨੇ ਮੈਸ. ਐਸ਼ਵਿਤ ਸੀਮੈਂਟ ਸੇਲਜ਼ ਨੇ ਪ੍ਰਾਪਰਟੀ ਦਿਖਾ ਕੇ 1 ਕਰੋੜ 50 ਲੱਖ ਦਾ ਕਰਜ਼ ਲਿਆ, ਜੋ ਕਰਜ਼ ਪੈਂਡਿੰਗ ਹੈ। ਫਿਰ ਟੋਨੀ ਨੇ 27-07-2012 ਨੂੰ ਏ. ਬੀ. ਸੀਮੈਂਟ ਟ੍ਰੇਡਰ ਦੀ ਪ੍ਰੋਪਰਾਈਟਰ ਆਪਣੀ ਪਤਨੀ ਮੋਨਿਕਾ ਗਰਗ ਦੇ ਨਾਂ 'ਤੇ ਸੈਂਟ੍ਰਲ ਬੈਂਕ ਤੋਂ 2 ਕਰੋੜ 70 ਲੱਖ ਦਾ ਕਰਜ਼ ਲਿਆ, ਜਿਸ ਦੀ ਕੋਈ ਕਿਸ਼ਤ ਨਹੀਂ ਭਰੀ। ਇਨ੍ਹਾਂ ਨੇ ਫਰਜ਼ੀ ਕੰਪਨੀ ਬਣਾ ਕੇ ਕਈ ਬੈਂਕਾਂ ਨਾਲ ਠੱਗੀ ਕੀਤੀ। ਇਥੋਂ ਤੱਕ ਕਿ ਇਕ ਮਾਮਲੇ ਵਿਚ ਦਰਸ਼ਨ ਸਿੰਘ ਨੇ ਕਰਜ਼ ਨਾ ਭਰਨ ਦੇ ਮਾਮਲੇ ਵਿਚ ਆਤਮ-ਹੱਤਿਆ ਵੀ ਕਰ ਲਈ।