ਸੁਖਬੀਰ, ਹਰਸਿਮਰਤ ਤੇ ਮਜੀਠੀਆ ਖਿਲਾਫ ਅਪਰਾਧਿਕ ਮਾਮਲਾ ਦਰਜ

12/07/2018 2:57:35 PM

ਬਠਿੰਡਾ (ਵਿਜੇ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਜੈਜੀਤ ਸਿੰਘ ਜੌਹਲ ਨੇ ਉਨ੍ਹਾਂ 'ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਉਣ ਵਾਲੇ ਬਾਦਲ ਪਰਿਵਾਰ ਅਤੇ ਮਜੀਠੀਆ ਖਿਲਾਫ 10 ਕਰੋੜ ਦੀ ਮਾਣਹਾਨੀ ਦਾ ਦਾਅਵਾ ਅਦਾਲਤ 'ਚ ਠੋਕ ਦਿੱਤਾ ਹੈ। ਜੈਜੀਤ ਸਿੰਘ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਤੇ ਹੋਰਾਂ ਖਿਲਾਫ ਕਾਨੂੰਨੀ ਲੜਾਈ ਵਿੱਢ ਦਿੱਤੀ ਹੈ। ਅਕਾਲੀ ਆਗੂਆਂ ਨੇ ਮਨਪ੍ਰੀਤ ਬਾਦਲ ਦਾ ਅਕਸ ਖਰਾਬ ਕਰਨ ਲਈ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ 'ਤੇ ਗੁੰਡਾ ਟੈਕਸ ਵਸੂਲਣ ਦੇ ਦੋਸ਼ ਲਾਏ ਸਨ। ਜੌਹਲ ਨੇ ਆਪਣੇ ਵਕੀਲ ਵਲੋਂ ਜੂਡੀਸ਼ੀਅਲ ਮੈਜਿਸਟ੍ਰੇਟ ਵਿਜੇ ਡਢਵਾਲ ਦੀ ਅਦਾਲਤ 'ਚ ਉਕਤ ਆਗੂਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਾਇਆ ਹੈ। 
ਰਾਜੀਨਾਮਾ ਕਿਸੇ ਕੀਮਤ 'ਤੇ ਨਹੀਂ
ਜੌਹਲ ਨੇ ਕਰੀਬ 7 ਮਹੀਨਿਆਂ ਬਾਅਦ ਅਕਾਲੀ ਆਗੂਆਂ ਖਿਲਾਫ ਅਦਾਲਤ 'ਚ ਕੇਸ ਦਾਇਰ ਕੀਤਾ। ਜਦੋਂ ਜੌਹਲ ਤੋਂ ਪੁੱਛਿਆ ਗਿਆ ਕਿ ਕਿਤੇ ਰਿਸ਼ਤੇਦਾਰੀ ਹੋਣ ਕਾਰਨ ਰਾਜ਼ੀਨਾਮੇ ਦੀ ਗੱਲ ਤਾਂ ਨਹੀਂ ਚੱਲ ਰਹੀ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਅਕਾਲੀ ਆਗੂ ਉਨ੍ਹਾਂ ਦੇ ਪੱਕੇ ਦੁਸ਼ਮਣ ਹਨ ਅਤੇ ਕਿਸੇ ਵੀ ਕੀਮਤ 'ਤੇ ਉਹ ਉਨ੍ਹਾਂ ਨਾਲ ਰਾਜ਼ੀਨਾਮਾ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਛੱਡਣਾ ਮਨਜ਼ੂਰ ਹੈ ਪਰ ਦੁਸ਼ਮਣ ਨਾਲ ਸਮਝੌਤਾ ਕਰਨਾ ਨਹੀਂ।

Babita

This news is Content Editor Babita