ਖਹਿਰਾ ਸੱਤਾ ਦੇ ਲਾਲਚੀ, ਲੋਕ ਮੁੱਦਿਆਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ : ਰੋੜੀ

01/13/2019 6:29:00 PM

ਚੰਡੀਗੜ੍ਹ (ਸ਼ਰਮਾ)— ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ 'ਪੰਜਾਬੀ ਏਕਤਾ ਪਾਰਟੀ' ਬਣਾ ਕੇ ਖੁਦ ਹੀ ਪ੍ਰਧਾਨ ਬਣਨ ਵਾਲੇ ਸੁਖਪਾਲ ਖਹਿਰਾ ਤੋਂ ਉਨ੍ਹਾਂ ਦੇ ਸਾਥੀ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਸਵਾਲ ਕੀਤੇ। ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਤੋਂ ਜਾਰੀ ਬਿਆਨ 'ਚ ਰੋੜੀ ਨੇ ਕਿਹਾ ਕਿ ਆਮ ਆਦਮੀ ਪਾਰਟੀ 'ਤੇ ਸਵਰਾਜ ਤੋਂ ਭਟਕਣ ਦੇ ਇਲਜ਼ਾਮ ਲਗਾਉਣ ਵਾਲੇ ਖਹਿਰਾ ਨੇ ਆਪਣੀ ਨਵੀਂ ਪਾਰਟੀ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਕਿਹੜੀ ਰਾਇਸ਼ੁਮਾਰੀ ਕਰਵਾਈ ਸੀ। ਅਸਲ 'ਚ ਖਹਿਰਾ ਕੁਰਸੀ ਲਈ ਹੀ ਕੰਮ ਕਰ ਰਹੇ ਹਨ ਅਤੇ ਜਦੋਂ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤੋਂ ਲਾਹ ਕੇ ਇਕ ਪੜ੍ਹੇ ਲਿਖੇ ਦਲਿਤ ਆਗੂ ਨੂੰ ਲਗਾਇਆ ਗਿਆ ਤਾਂ ਖਹਿਰਾ ਇਹ ਬਰਦਾਸ਼ਤ ਨਹੀਂ ਕਰ ਸਕੇ। ਪਾਰਟੀ ਖਿਲਾਫ ਬਿਆਨਬਾਜ਼ੀ ਕਰਕੇ ਅਸਲ 'ਚ ਖਹਿਰਾ ਪਾਰਟੀ ਛੱਡਣ ਦੇ ਬਹਾਨੇ ਲੱਭ ਰਹੇ ਸਨ

ਰੋੜੀ ਨੇ ਕਿਹਾ ਕਿ ਖਹਿਰਾ ਅਸਲ 'ਚ ਸੱਤਾ ਦੇ ਲਾਲਚੀ ਹਨ ਅਤੇ ਲੋਕ ਮੁੱਦਿਆਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖਹਿਰਾ ਇਸ ਗੱਲ ਦਾ ਬਹਾਨਾ ਬਣਾ ਰਹੇ ਹਨ ਕਿ ਉਨ੍ਹਾਂ ਦੇ ਅਸਤੀਫਾ ਦੇਣ ਨਾਲ ਸੂਬੇ 'ਤੇ ਭੁਲੱਥ ਉੱਪ ਚੋਣ ਦਾ ਭਾਰ ਪਵੇਗਾ, ਤਾਂ ਕੀ ਉਨ੍ਹਾਂ ਦੇ ਲੋਕ ਸਭਾ ਚੋਣ ਲੜਨ ਨਾਲ ਅਜਿਹਾ ਨਹੀਂ ਹੋਵੇਗਾ? ਉਨ੍ਹਾਂ ਪੁੱਛਿਆ ਕਿ ਇਸ ਦਾ ਮਤਲਬ ਖਹਿਰਾ ਬਠਿੰਡਾ ਸੀਟ ਖ਼ੁਦ ਹਾਰਨ ਅਤੇ ਹਰਸਿਮਰਤ ਕੌਰ ਬਾਦਲ ਨੂੰ ਜਿਤਾਉਣ ਜਾ ਰਹੇ ਹਨ, ਜਿਸ ਤਰ੍ਹਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਲਈ ਲੰਬੀ ਅਤੇ ਕਾਂਗਰਸ ਐੱਮ. ਪੀ ਰਵਨੀਤ ਸਿੰਘ ਬਿੱਟੂ ਭਗਵੰਤ ਮਾਨ ਨੂੰ ਹਰਾਉਣ ਅਤੇ ਸੁਖਬੀਰ ਬਾਦਲ ਨੂੰ ਹਰਾਉਣ ਲਈ ਜਲਾਲਾਬਾਦ ਤੋਂ ਚੋਣ ਲੜੇ ਸਨ।