ਜੱਗੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ 2 ਗੈਂਗਸਟਰ ਹਥਿਆਰਾਂ ਸਣੇ ਕਾਬੂ

10/23/2019 9:07:10 PM

ਭੋਗਪੁਰ,(ਸੂਰੀ): ਭੋਗਪੁਰ ਨੇੜੇ ਹੋਏ ਗੈਂਗਸਟਰਾਂ ਤੇ ਪੁਲਿਸ ਵਿਚਕਾਰ ਹੋਏ ਮੁਕਾਬਲੇ ਤੋਂ ਬਾਅਦ ਕਾਊਂਟਰ ਇੰਟੈਲੀਜੈਂਸੀ ਟੀਮ ਵੱਲੋਂ ਜੱਗੂ ਭਗਵਾਨਪੁਰੀਆ ਦੇ ਸਾਥੀ ਦੋ ਗੈਂਗਸਟਰਾਂ ਨੂੰ ਭਾਰੀ ਮਾਤਰਾ 'ਚ ਹਥਿਆਰਾਂ ਤੇ ਗੋਲੀ ਸਿੱਕੇ ਸਮੇਤ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਪੰਜਾਬ ਦੇ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਐਲਾਨ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਪੁਲਸ ਦੀ ਕੰਟਰੋਲਸ ਵਿੰਗ ਨੇ ਜੱਗੂ ਭਗਵਾਨਪੁਰੀਆ ਗਿਰੋਹ ਦੇ ਹਰਮਿੰਦਰ ਸਿੰਘ ਉਰਫ ਪਹਿਲਵਾਨ ਮਨੂੰ ਮਹਿਮਾ ਚੱਕ ਤੇ ਉਸ ਦੇ ਸਾਥੀ ਹਨੀ ਨੂੰ ਭੋਗਪੁਰ ਨੇੜੇ ਇਕ ਪੁਲਸ ਮੁਕਾਬਲੇ ਤੋਂ ਬਾਅਦ ਖਤਰਨਾਕ ਹਥਿਆਰਾਂ ਤੇ ਗੋਲੀ-ਸਿੱਕੇ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਪੁਲਸ ਵੱਲੋਂ ਥਾਣਾ ਭੋਗਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਕਾਬ ਖੁੰਖਾਰ ਗੈਂਗਸਟਰ ਮਨੂੰ ਆਪਣੇ ਸਾਥੀ ਹਨੀ ਨਾਲ ਦੋ ਅਲੱਗ-ਅਲੱਗ ਕਾਰਾਂ ਤੇ ਸਵਾਰ ਹੋ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਭੋਗਪੁਰ ਵੱਲ ਆ ਰਹੇ ਸਨ। ਕਾਊਂਟਰ ਇਟੈਲੀਜੈਂਸੀ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਪੁਲਸ ਵੱਲੋਂ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਇਨ੍ਹਾਂ ਦੋਸ਼ੀਆਂ ਨੇ ਪੁਲਸ ਤੇ ਗੋਲੀ ਚਲਾ ਦਿੱਤੀ ਅਤੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਹੁਸ਼ਿਆਰੀ ਦੇ ਨਾਲ ਦੋਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਸ਼ੁਰੂਆਤੀ ਪੁੱਛਗਿਛ ਦੌਰਾਨ ਗੈਂਗਸਟਰ ਮਨੂੰ ਨੇ ਖੁਲਾਸਾ ਕੀਤਾ ਹੈ ਕਿ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਹੈ ਅਤੇ ਉਸ ਨੂੰ 2015 ਵਿਚ ਪੁਲਸ ਨੇ ਇਕ ਕਤਲ ਦੇ ਮਾਮਲੇ ਚ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਵਿਚ ਉਸ ਨੂੰ ਜ੍ਹੇਲ ਵਿਚ ਬੰਦ ਕੀਤਾ ਗਿਆ ਸੀ। ਅੰਮ੍ਰਿਤਸਰ ਜੇਲ ਵਿਚ ਰਹਿਣ ਦੌਰਾਨ ਉਸ ਦੀ ਮੁਲਾਕਾਤ ਜੱਗੂ ਭਗਵਾਨਪੁਰੀਆ ਦੇ ਨਾਲ ਹੋਈ ਸੀ। 2017 ਵਿਚ ਮਨੂੰ  ਬਟਾਲਾ ਵਿਚ ਆਪਣੇ ਗੈਂਗ ਦੇ ਸਾਥੀਆਂ ਦੀ ਮਦਦ ਦੇ ਨਾਲ ਪੁਲਸ ਦੀ ਹਿਰਾਸਤ ਵਿਚੋਂ ਭੱਜ ਗਿਆ ਸੀ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕਈ ਕਤਲਾਂ ਅਤੇ ਬੈਂਕ ਡਕੈਤੀਆਂ ਦੇ ਨਾਲ ਨਾਲ ਸੋਨੇ ਦੇ ਗਹਿਣੇ ਲੁੱਟਣ ਅਤੇ ਗੱਡੀਆਂ ਖੋਹਣ ਦੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਇਸ ਗੈਂਗ ਨੇ ਪੰਜਾਬ ਦੇ ਨਾਲ ਨਾਲ ਆਸ ਪਾਸ ਦੇ ਸੂਬਿਆਂ ਵਿਚ ਵੀ ਕਈ ਅਪਰਾਧ ਕੀਤੇ ਹਨ।

ਗ੍ਰਿਫਤਾਰ ਕੀਤੇ ਗਏ ਗੈਂਗਸਟਰ ਮਨੂ ਨੇ ਹੁਣ ਤੱਕ ਪੰਜ ਡਕੈਤੀਆਂ ਵਿਚ ਸ਼ਾਮਿਲ ਹੋਣ ਦਾ ਖੁਲਾਸਾ ਕੀਤਾ ਹੈ ਜਿਸ ਵਿਚ ਬੱਸੀ ਗੁਲਾਮ ਹੂਸੈਨ  ਹੁਸ਼ਿਆਰਪੁਰ ਪੀਐਨਬੀ ਬੈਂਕ ਵਿਚੋਂ ਦਸ ਲੱਖ ਰੁਪਏ, ਐਕਸਿਸ ਬੈਂਕ ਕੋਟ ਫਤੂਹੀ ਵਿਚ ਸਾਢੇ ਗਿਆਰਾਂ ਲੱਖ ਰੁਪਏ, ਆਈਡੀਬੀਆਈ ਬੈਂਕ ਜੈਤੋ ਸਰਜਾ ਬਟਾਲਾ ਤੋਂ ਛੱਬੀ ਲੱਖ ਰੁਪਏ, ਤਰਨਤਾਰਨ ਦੇ ਜੰਡੋਕੇ ਸਰਹਾਲੀ ਐਸਬੀਆਈ ਬੈਂਕ ਦੇ ਵਿਚੋਂ ਚਾਰ ਲੱਖ ਰੁਪਏ ਅਤੇ ਸੁਰੱਖਿਆ ਗਾਰਡ ਦੀ ਬੰਦੂਕ ਅਤੇ ਗੁਰੂ ਬਾਜ਼ਾਰ ਅੰਮ੍ਰਿਤਸਰ ਵਿਚ ਹੋਈ ਸੋਨੇ ਦੀ ਵੱਡੀ ਲੁੱਟ ਦੀ ਵਾਰਦਾਤ ਜਿਸ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਵਿਚ ਇਹ ਗੈਂਗਸਟਰ ਸ਼ਾਮਿਲ ਸੀ। ਮਨੂੰ ਉੱਤੇ ਪੁਲਸ ਪਾਰਟੀ ਤੇ ਹਮਲਾ ਕਰਨ ਗੱਡੀਆਂ ਖੋਹਣ ਦੇ ਕਈ ਮਾਮਲੇ ਦਰਜ ਹਨ। ਮਨੂੰ ਦੇ ਨਾਲ ਗ੍ਰਿਫਤਾਰ ਕੀਤੇ ਗਏ ਉਸ ਦੇ ਸਾਥੀ ਹਨੀ ਨੇ ਮਨੂੰ ਅਤੇ ਰਾਣਾ ਕੰਦੋਵਾਲੀਆ ਦੇ ਨਾਲ ਆਪਣੇ ਕਰੀਬੀ ਸਾਥੀ ਹੋਣ ਦਾ ਖੁਲਾਸਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਦੇ ਖਿਲਾਫ ਚੋਰੀ ਦੇ ਦੋ ਮਾਮਲੇ ਦਰਜ ਹੈ। ਉਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਵਿਦੇਸ਼ੀ ਨੰਬਰਾਂ ਤੋ ਇੰਟਰਨੈਟ ਕਾਲ ਦੇ ਜ਼ਰੀਏ ਉਹ ਕਈ ਲੋਕਾਂ ਨੂੰ ਧਮਕੀਆਂ ਦੇਣ ਲਈ ਕਾਲ ਕਰਦਾ ਰਿਹਾ ਹੈ। ਪੁਲਸ ਵੱਲੋਂ ਦੋਨਾਂ ਗੈਂਗਸਟਰਾਂ ਨੂੰ ਮੈਜਿਸਟ੍ਰੇਟ ਦੇ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।