ਜਗਤਾਰ ਸਿੰਘ ਤਾਰਾ ਨੇ ਜੇਲ ਅਧਿਕਾਰੀਆਂ ''ਤੇ ਉਸ ਨੂੰ ਕਤਲ ਕਰਨ ਦੀ ਸਾਜਿਸ਼ ਰਚਣ ਦੇ ਲਗਾਏ ਦੋਸ਼

04/22/2018 3:08:52 PM

ਬਠਿੰਡਾ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ 'ਚ ਚੰਡੀਗੜ੍ਹ ਦੀ ਬੁੜੈਲ ਜੇਲ 'ਚ ਬੰਦ ਜਗਤਾਰ ਸਿੰਘ ਤਾਰਾ ਨੇ ਜੇਲ ਦੇ ਸੁਪਰਡੈਂਟ ਐੱਸ. ਕੇ. ਜੈਨ ਸਮੇਤ ਜੇਲ ਦੇ 6 ਅਧਿਕਾਰੀਆਂ 'ਤੇ ਉਨ੍ਹਾਂ ਨੂੰ ਜੇਲ 'ਚ ਹੀ ਮਾਰੇ ਜਾਣ ਦੀ ਸਾਜਿਸ਼ ਰਚਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਇਹ ਜਾਣਕਾਰੀ ਬਠਿੰਡਾ ਦੇ ਐਡੀਸ਼ਨਲ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਦੀ ਅਦਾਲਤ 'ਚ ਵੀਡੀਓ ਕਾਨਫਰੰਸ ਰਾਹੀਂ ਸਾਲ 2014 'ਚ ਦਰਜ ਇਕ ਮਾਮਲੇ ਦੀ ਪੇਸ਼ੀ ਭੁਗਤਣ ਮੌਕੇ ਆਪਣੇ ਵਕੀਲ ਹਰਪਾਲ ਸਿੰਘ ਖਾਰਾ ਨਾਲ ਗੱਲਬਾਤ ਦੌਰਾਨ ਕਹੀ। 
ਭਾਈ ਤਾਰਾ ਸਿੰਘ ਦੇ ਵਕੀਲ ਹਰਪਾਲ ਸਿੰਘ ਨੇ ਦੱਸਿਆ ਕਿ ਵੀਡੀਓ ਕਾਨਫਰੰਸ ਦੌਰਾਨ ਜਦੋਂ ਇਸ ਸਬੰਧੀ ਗੱਲ ਕੀਤੀ ਗਈ ਤਾਂ ਬੁੜੈਲ ਜੇਲ ਪ੍ਰਸ਼ਾਸਨ ਨੇ ਵੀਡੀਓ ਕਾਨਫਰੰਸ ਦੀ ਆਵਾਜ਼ ਬੰਦ ਕਰ ਦਿੱਤੀ, ਜਿਸ ਨੂੰ ਬਾਅਦ 'ਚ ਜੱਜ ਕੰਵਲਜੀਤ ਸਿੰਘ ਬਾਜਵਾ ਨੂੰ ਬੇਨਤੀ ਕੀਤੀ ਕਰਕੇ ਮੁੜ ਸ਼ੁਰੂ ਕਰਵਾਇਆ ਗਿਆ। ਭਾਈ ਤਾਰਾ ਸਿੰਘ ਨੇ ਸਪਸ਼ਟ ਤੌਰ 'ਤੇ ਨਾਂ ਲੈਂਦਿਆਂ ਜੇਲ ਸੁਪਰਡੈਂਟ ਪ੍ਰਮੋਦ ਖੱਤਰੀ, ਜੈ ਕਿਸ਼ਨ ਹੈਡ ਵਾਰਰਡਨ, ਧਰਮਪਾਲ ਹੈਡ ਵਾਰਡਨ, ਦੀਪ ਕੁਮਾਰ ਵਾਰਡਨ ਤੇ ਡਾ. ਨੀਨਾ ਚੌਧਰੀ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਜਾਕਰ ਜੇਲ ਅੰਦਰ ਉਨ੍ਹਾਂ ਦੀ ਮੌਤ ਹੁੰਦੀ ਤਾਂ ਉਸ ਲਈ ਉਕਤ 6 ਅਧਿਕਾਰੀ ਜਿੰਮੇਵਾਰ ਹੋਣਗੇ। 
ਜਾਣਕਾਰੀ ਮੁਤਾਬਕ ਇਸ ਸਾਰੀ ਗੱਲਬਾਤ 'ਤੇ ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਇਸ ਸਬੰਧੀ ਅਦਾਲਤ 'ਚ ਇਕ ਅਰਜ਼ੀ ਦੇ ਕੇ ਆਪਣੇ ਮੁਅੱਕਲ ਦੀ ਜਾਨ ਦੀ ਰੱਖਿਆ ਕਰਨ ਦੀ ਮੰਗ ਕੀਤੀ, ਜਿਸ ਤੋਂ ਪਿਛੋਂ ਅਦਾਲਤ ਨੇ ਇਸ ਮਾਮਲੇ ਸਬੰਧੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 11 ਮਈ ਨੂੰ 2018 ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਵਕੀਲ ਹਰਪਾਲ ਸਿੰਘ ਖਾਰਾ ਨੂੰ ਆਪਣੀ ਇਹ ਗੱਲ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਤੱਕ ਪਹਚਾਉਣ ਲਈ ਵੀ ਕਿਹਾ ਹੈ। ਇਸ ਸਬੰਧੀ ਸਿਮਰਜੀਤ ਸਿੰਘ ਮਾਨ ਨੇ ਮੀਡੀਆ ਦੇ ਨਾਂ ਜਾਰੀ ਇਕ ਪ੍ਰੈੱਸ ਬਿਆਨ 'ਚ ਭਾਈ ਤਾਰਾ ਸਿੰਘ ਨੂੰ ਜੇਲ 'ਚ ਖਤਮ ਕਰਨ ਦੇ ਖਦਸ਼ੇ 'ਤੇ ਚਿੰਤਾ ਪ੍ਰਗਟ ਕਰਦਿਆ ਇਸ ਮਾਮਲੇ ਦੀ ਹਾਈਕੋਰਟ ਤੋਂ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ।