ਮਜੀਠੀਆ ਨਸ਼ਾ ਸਮੱਗਲਿੰਗ ''ਚ ਸ਼ਾਮਲ ਰਿਹੈ, ਮੈਂ ਅੱਜ ਵੀ ਆਪਣੇ ਬਿਆਨ ''ਤੇ ਕਾਇਮ ਹਾਂ : ਜਗਦੀਸ਼ ਭੋਲਾ

01/05/2018 2:42:52 AM

ਬਠਿੰਡਾ(ਬਲਵਿੰਦਰ)-ਸਾਬਕਾ ਡੀ. ਐੱਸ. ਪੀ. ਪਹਿਲਵਾਨ ਜਗਦੀਸ਼ ਭੋਲਾ ਨੇ ਅੱਜ ਇਥੇ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਸ਼ਾ ਸਮੱਗਲਿੰਗ ਵਿਚ ਸ਼ਾਮਲ ਰਿਹਾ ਤੇ ਉਹ ਅੱਜ ਵੀ ਆਪਣੇ ਬਿਆਨ 'ਤੇ ਕਾਇਮ ਹੈ। ਮਾਮਲੇ ਦੀ ਨਿਰਪੱਖ ਸੀ. ਬੀ. ਆਈ. ਜਾਂਚ ਹੋਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਅੱਜ ਭੋਲਾ ਰਾਮਪੁਰਾ ਭੁੱਕੀ ਟਰੱਕ ਮਾਮਲੇ 'ਚ ਬਠਿੰਡਾ ਅਦਾਲਤ ਵਿਖੇ ਬਿਆਨ ਦਰਜ ਕਰਵਾਉਣ ਲਈ ਪਹੁੰਚਿਆ ਸੀ।
ਕੀ ਸੀ ਮਾਮਲਾ 
ਜਗਦੀਸ਼ ਭੋਲਾ ਦੇ ਵਕੀਲ ਕਰਮਜੀਤ ਸਿੰਘ ਜਿਉਂਦ ਅਤੇ ਵਕੀਲ ਰਣਧੀਰ ਕੌਸ਼ਲ ਮੁਤਾਬਕ ਸੰਨ 2002 ਦੌਰਾਨ ਰਾਮਪੁਰਾ ਫੂਲ ਪੁਲਸ ਨੇ ਇਕ ਭੁੱਕੀ ਦਾ ਟਰੱਕ ਫੜਿਆ ਸੀ, ਜਿਸ ਤਹਿਤ ਤਿੰਨ ਵਿਅਕਤੀਆਂ ਵਿਰੁੱਧ ਸਮੱਗਲਿੰਗ ਦਾ ਮੁਕੱਦਮਾ ਦਰਜ ਹੋਇਆ ਸੀ। ਮੁਕੱਦਮੇ ਵਿਚ ਦੋ ਹੋਰਨਾਂ ਤੋਂ ਇਲਾਵਾ ਜਗਦੀਸ਼ ਭੋਲਾ ਦਾ ਨਾਂ ਵੀ ਦਰਜ ਸੀ। ਫਿਰ ਇਹ ਮਾਮਲਾ ਅਦਾਲਤ ਵਿਚ ਚੱਲਦਾ ਰਿਹਾ ਤੇ ਜਗਦੀਸ਼ ਭੋਲਾ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ। ਅੰਤ 2006 ਵਿਚ ਅਦਾਲਤ ਨੇ ਮੁਕੱਦਮੇ 'ਚ ਸ਼ਾਮਲ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਤੇ ਸਜ਼ਾ ਸੁਣਾ ਦਿੱਤੀ ਪਰ ਜਗਦੀਸ਼ ਭੋਲਾ ਨੂੰ ਬਰੀ ਕਰ ਦਿੱਤਾ ਗਿਆ। 
ਸੈਕਸ਼ਨ 52 ਤਹਿਤ ਮਾਮਲਾ ਦੋਬਾਰਾ ਖੁੱਲ੍ਹਿਆ 
ਵਕੀਲਾਂ ਨੇ ਦੱਸਿਆ ਕਿ ਸੈਕਸ਼ਨ 52 ਤਹਿਤ ਜ਼ਰੂਰਤ ਅਨੁਸਾਰ ਅਦਾਲਤ ਕਿਸੇ ਵੀ ਮਾਮਲੇ ਨੂੰ ਦੋਬਾਰਾ ਖੋਲ੍ਹ ਸਕਦੀ ਹੈ। ਉਕਤ ਮੁਕੱਦਮਾ ਵੀ ਬਠਿੰਡਾ ਅਦਾਲਤ ਨੇ ਦੋਬਾਰਾ ਖੋਲ੍ਹ ਲਿਆ ਹੈ। ਹੁਣ ਇਹ ਮਾਮਲਾ ਤਤਕਾਲੀਨ ਥਾਣਾ ਮੁਖੀ ਫੂਲ, ਥਾਣਾ ਮੁਖੀ ਰਾਮਪੁਰਾ ਸਿਟੀ ਅਤੇ ਡੀ. ਐੱਸ. ਪੀ. ਫੂਲ ਖਿਲਾਫ ਚੱਲ ਰਿਹਾ ਹੈ ਕਿ ਉਹ ਦੱਸਣ ਕਿ ਭੋਲਾ ਦਾ ਨਾਂ ਇਸ ਮਾਮਲੇ ਵਿਚ ਕਿਵੇਂ ਸ਼ਾਮਲ ਹੋਇਆ। ਅਦਾਲਤ ਵੱਲੋਂ ਬੁਲਾਏ ਜਾਣ ਤੋਂ ਬਾਅਦ ਅੱਜ ਭੋਲਾ ਵੱਲੋਂ ਅਦਾਲਤ ਵਿਚ ਆਪਣਾ ਬਿਆਨ ਦਰਜ ਕਰਵਾਇਆ ਗਿਆ ਹੈ।
ਪਹਿਲਵਾਨੀ 'ਚ ਡੀ. ਐੱਸ. ਪੀ. ਦੇ ਰਿਸ਼ਤੇਦਾਰ ਨੂੰ ਹਰਾਇਆ ਤੇ ਕੈਰੀਅਰ ਹਾਰ ਗਿਆ : ਜਗਦੀਸ਼ ਭੋਲਾ
ਵਕੀਲਾਂ ਮੁਤਾਬਕ ਜਗਦੀਸ਼ ਭੋਲਾ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲਵਾਨੀ ਕਰਦਾ ਸੀ ਤਾਂ ਇਕ ਡੀ. ਐੱਸ. ਪੀ. ਦਾ ਰਿਸ਼ਤੇਦਾਰ ਵੀ ਉਸ ਦੇ ਬਰਾਬਰ ਦਾ ਹੀ ਪਹਿਲਵਾਨ ਸੀ। ਉਸ ਨੇ ਡੀ. ਐੱਸ. ਪੀ. ਦੇ ਰਿਸ਼ਤੇਦਾਰ ਨੂੰ ਕਈ ਵਾਰ ਨੈਸ਼ਨਲ ਪੱਧਰ 'ਤੇ ਪਟਕਣੀ ਦਿੱਤੀ ਸੀ, ਜਿਸ ਕਾਰਨ ਉਹ ਅੱਗੇ ਨਹੀਂ ਸੀ ਨਿਕਲ ਸਕਿਆ। ਉਸੇ ਖੁੰਦਕ ਕਾਰਨ ਡੀ. ਐੱਸ. ਪੀ. ਨੇ ਉਸ ਨੂੰ ਉਕਤ ਮਾਮਲੇ ਵਿਚ ਜਾਣਬੁੱਝ ਕੇ ਫਸਾ ਦਿੱਤਾ, ਜਿਸ 'ਚੋਂ ਉਹ ਬਰੀ ਵੀ ਹੋ ਗਿਆ। ਇਸ ਤੋਂ ਇਲਾਵਾ ਬਾਕੀ ਮੁਕੱਦਮੇ ਵੀ ਉਸ 'ਤੇ ਝੂਠੇ ਹੀ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ ਕਈਆਂ 'ਚ ਉਹ ਬਰੀ ਵੀ ਹੋ ਚੁੱਕਾ ਹੈ। ਮੁੱਕਦੀ ਗੱਲ ਇਹ ਕਿ ਖੁੰਦਕ ਸਦਕਾ ਹੀ ਉਸ ਦਾ ਸਾਰਾ ਕੈਰੀਅਰ ਖਰਾਬ ਕਰ ਦਿੱਤਾ ਗਿਆ। ਉਹ ਪਹਿਲਾਂ ਵੀ ਬਿਆਨ ਦੇ ਚੁੱਕਾ ਹੈ ਕਿ ਸਾਬਕਾ ਮੰਤਰੀ ਮਜੀਠੀਆ ਨਸ਼ਾ ਸਮੱਗਲਿੰਗ 'ਚ ਸ਼ਾਮਲ ਰਿਹਾ ਹੈ। ਭੋਲਾ ਨੇ ਮੰਗ ਕੀਤੀ ਹੈ ਕਿ ਉਸ ਦੇ ਸਾਰੇ ਮਾਮਲਿਆਂ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇ।
ਜਦੋਂ ਤੱਕ ਦੋਸ਼ੀ ਨਹੀਂ, ਉਦੋਂ ਤੱਕ ਹੱਥਕੜੀ ਨਹੀਂ ਪਹਿਨਾਂਗਾ
ਵਕੀਲਾਂ ਮੁਤਾਬਕ ਜਗਦੀਸ਼ ਭੋਲਾ ਦਾ ਕਹਿਣਾ ਹੈ ਕਿ ਉਸ ਵਿਰੁੱਧ ਕਈ ਮੁਕੱਦਮੇ ਅਦਾਲਤਾਂ ਵਿਚ ਵਿਚਾਰ ਅਧੀਨ ਹਨ ਤੇ ਉਸ ਨੂੰ ਅਜੇ ਤੱਕ ਮੁਜਰਿਮ ਘੋਸ਼ਿਤ ਨਹੀਂ ਕੀਤਾ ਗਿਆ ਕਿਉਂਕਿ ਉਹ ਮੁਜਰਿਮ ਹੈ ਹੀ ਨਹੀਂ। ਇਸ ਲਈ ਉਹ ਉਦੋਂ ਤੱਕ ਹੱਥਕੜੀ ਨਹੀਂ ਪਹਿਨੇਗਾ ਜਦੋਂ ਤੱਕ ਉਸ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ।