ਲੁਧਿਆਣੇ ਦਾ ਬੁੱਢਾ ਨਾਲਾ ਉਗਲਣ ਲੱਗਾ ਕੈਂਸਰ!

07/16/2018 7:25:01 AM

ਲੁਧਿਆਣਾ (ਨਿਤਿਨ, ਧੀਮਾਨ) - ਕੈਂਸਰ ਦਾ ਨਾਂ ਸੁਣਦੇ ਹੀ ਇਨਸਾਨ ਦੀਆਂ ਅੱਖਾਂ ਦੇ ਸਾਹਮਣੇ ਮੌਤ ਦਾ ਮੰਜਰ ਮੰਡਰਾਉਣ ਲੱਗਦਾ ਹੈ। ਇਸ ਬੀਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਇਸ ਬੀਮਾਰੀ ਨੂੰ ਫੈਲਣ ਵਿਚ ਨਗਰ ਨਿਗਮ ਲੁਧਿਆਣਾ, ਡਰੇਨੇਜ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਾਇੰਗ ਇੰਡਸਟਰੀ ਜ਼ਿੰਮੇਵਾਰ ਹੈ। ਇਨ੍ਹਾਂ ਸਾਰਿਆਂ ਨੇ ਕੁਝ ਰੁਪਏ ਕਮਾਉਣ ਦੇ ਚੱਕਰ ਵਿਚ ਆਪਣਿਆਂ ਨੂੰ ਹੀ ਕੈਂਸਰ ਵਰਗੀ ਬੀਮਾਰੀ ਮੁਫਤ ਵਿਚ ਦੇ ਦਿੱਤੀ ਹੈ। ਬੁੱਢੇ ਨਾਲੇ ਵਿਚ ਉਦਯੋਗਾਂ ਵਲੋਂ ਇੰਨਾ ਜ਼ਹਿਰ ਘੋਲਿਆ ਜਾ ਰਿਹਾ ਹੈ ਕਿ ਹੁਣ ਇਸ ਨਾਲੇ ਨੇ ਵੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਉਗਲਣੀ ਸ਼ੁਰੂ ਕਰ ਦਿੱਤੀ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਸ਼ਹਿਰ ਦੇ ਕਈ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਜੇਕਰ ਵੇਲੇ ਸਿਰ ਇਨ੍ਹਾਂ ਵੱਡੇ-ਵੱਡੇ ਉਦਯੋਗਪਤੀਆਂ ਨੇ ਆਪਣੀਆਂ ਗਲਤੀਆਂ ਨੂੰ ਨਾ ਸੁਧਾਰਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਉਦਯੋਗਿਕ ਨਗਰੀ ਨੂੰ 'ਕੈਂਸਰ ਨਗਰੀ' ਦੇ ਨਾਂ ਨਾਲ ਜਾਣਿਆ ਜਾਣ ਲੱਗੇਗਾ। ਮਾਲਵਾ ਤੇ ਮਾਝਾ ਬੈਲਟ ਵਿਚ ਹਜ਼ਾਰਾਂ ਲੋਕ ਕੈਂਸਰ ਪੀੜਤ ਹਨ, ਜਿਸ ਦੇ ਲਈ ਵੀ ਲੁਧਿਆਣਾ ਦਾ ਇਹ ਬੁੱਢਾ ਨਾਲਾ ਹੀ ਜ਼ਿੰਮੇਵਾਰ ਹੈ ਕਿਉਂਕਿ ਇਹ ਨਾਲਾ ਸ਼ਹਿਰ ਦੇ ਵਿਚਕਾਰੋਂ ਹੁੰਦਾ ਹੋਇਆ ਬਲੀਪੁਰ ਪੁਆਇੰਟ 'ਤੇ ਜਾ ਕੇ ਸਤਲੁਜ ਨਾਲ ਮਿਲਦਾ ਹੈ ਜਿਸ ਤੋਂ ਬਾਅਦ ਅੱਗੇ ਜਾ ਕੇ ਮਾਲਵਾ ਵਿਚ ਪੈਂਦੇ ਹਰੀਕੇ ਪੱਤਣ ਤੋਂ ਹੁੰਦੇ ਹੋਏ ਰਾਜਸਥਾਨ ਨੂੰ ਨਿਕਲ ਜਾਂਦਾ ਹੈ। ਇਸ ਤਰ੍ਹਾਂ ਇਹ ਬੁੱਢਾ ਨਾਲਾ ਮਾਲਵਾ ਬੈਲਟ ਨੂੰ ਕੈਂਸਰ ਵਰਗੀ ਬੀਮਾਰੀ ਵੰਡਦਾ ਹੋਇਆ ਅੱਗੇ ਨਿਕਲਦਾ ਹੈ। ਉਂਝ ਤਾਂ ਕਈ ਤਰ੍ਹਾਂ ਦੇ ਕੈਂਸਰ ਦੇ ਮਰੀਜ਼ ਹਨ, ਜਿਸ ਵਿਚ ਬ੍ਰੈਸਟ ਕੈਂਸਰ, ਮਾਊਥ ਕੈਂਸਰ, ਬੌਨ ਕੈਂਸਰ ਤੇ ਫੇਫੜਿਆਂ ਦਾ ਕੈਂਸਰ ਪ੍ਰਮੁੱਖ ਹਨ ਪਰ ਇਸ ਤੋਂ  ਇਲਾਵਾ ਮਾਝਾ ਤੇ ਮਾਲਵਾ ਵਿਚ ਜ਼ਹਿਰੀਲੇ ਪਾਣੀ ਦੀ ਵਜ੍ਹਾ ਨਾਲ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਪੰਜਾਬ ਸਰਕਾਰ ਨੇ 2012 'ਚ ਇਕ ਡੋਰ-ਟੂ-ਡੋਰ 2,64,84,434 ਲੋਕਾਂ 'ਤੇ ਸਰਵੇ ਕਰਵਾਇਆ। ਇਸ ਵਿਚ 84,453 ਲੋਕਾਂ ਵਿਚ ਕੈਂਸਰ ਦੇ ਲੱਛਣ ਪਾਏ ਗਏ। ਇਨ੍ਹਾਂ ਵਿਚ 23,874 ਲੋਕ ਕੈਂਸਰ ਦੇ ਦੂਸਰੀ ਸਟੇਜ 'ਤੇ ਸਨ ਅਤੇ ਇਨ੍ਹਾਂ ਵਿਚੋਂ 33,318 ਲੋਕਾਂ ਦੀ ਮੌਤ ਕੈਂਸਰ ਦੀ ਵਜ੍ਹਾ ਨਾਲ ਹੋਣਾ ਪਾਇਆ ਗਿਆ। ਉਸ ਵੇਲੇ ਇਕ ਲੱਖ ਦੀ ਜਨਸੰਖਿਆ ਪਿੱਛੇ ਕਰੀਬ 84 ਲੋਕ ਕੈਂਸਰ ਦੇ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਦੀ ਗਿਣਤੀ ਵਧ ਕੇ 136 ਹੋ ਗਈ ਹੈ।
ਇਹ ਸਾਰਾ ਡਾਟਾ ਪੰਜਾਬ ਸਰਕਾਰ ਦਾ ਹੈ। ਇਨ੍ਹਾਂ ਅੰਕੜਿਆਂ ਤੋਂ ਬਾਅਦ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਸਕੀਮ ਸ਼ੁਰੂ ਕੀਤੀ, ਜਿਸ ਦੇ ਤਹਿਤ ਕੈਂਸਰ ਦੇ ਮਰੀਜ਼ ਨੂੰ ਸਰਕਾਰ ਵਲੋਂ ਡੇਢ ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਜਾ ਰਹੀ ਹੈ। ਸਵਾਲ ਇਹ ਹੈ ਕਿ ਕੀ ਡੇਢ ਲੱਖ ਰੁਪਏ ਵਿਚ ਇਲਾਜ ਹੋ ਸਕਦਾ ਹੈ? ਜ਼ਿਕਰਯੋਗ ਹੈ ਕਿ 'ਜਗ ਬਾਣੀ' ਵਲੋਂ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਇਹ ਦੂਸਰਾ ਭਾਗ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਜਦਕਿ ਇਸ ਦਾ ਪਹਿਲਾ ਭਾਗ ਬੀਤੇ ਸੋਮਵਾਰ ਨੂੰ ਪ੍ਰਕਾਸ਼ਿਤ ਕੀਤਾ ਜਾ ਚੁੱਕਾ ਹੈ।
ਬੁੱਢੇ ਨਾਲੇ ਦੀ ਸਫਾਈ ਦਾ ਬਜਟ ਜਾ ਰਿਹੈ ਅਫਸਰਾਂ ਦੀਆਂ ਜੇਬਾਂ 'ਚ
ਬੁੱਢੇ ਨਾਲੇ ਦੀ ਸਫਾਈ ਦਾ ਬਜਟ ਅਫਸਰਾਂ ਦੀਆਂ ਜੇਬਾਂ ਵਿਚ ਹੀ ਜਾ ਰਿਹਾ ਹੈ। ਬਜਟ ਵਧ ਰਿਹਾ ਹੈ ਅਤੇ ਨਾਲਾ ਓਨਾ ਹੀ ਗੰਦਾ ਤੇ ਜਗ੍ਹਾ-ਜਗ੍ਹਾ ਤੋਂ ਜਾਮ ਹੁੰਦਾ ਜਾ ਰਿਹਾ ਹੈ। ਦਿਖਾਵੇ ਲਈ ਡਰੇਨ ਲਾਈਨ ਦੀਆਂ 5 ਮਸ਼ੀਨਾਂ ਲਾਈਆਂ ਗਈਆਂ ਹਨ, ਜੋ ਪਿਛਲੇ ਇਕ ਸਾਲ ਤੋਂ ਬੰਦ ਹੀ ਪਈਆਂ ਹਨ। ਇਹ ਮਸ਼ੀਨਾਂ 1979 ਮਾਡਲ ਦੀਆਂ ਹਨ, ਜੋ ਚੱਲਣ ਵਿਚ ਸਮਰੱਥ ਨਹੀਂ। ਇਸ ਬਾਰੇ ਜਦੋਂ ਡਰੇਨੇਜ ਵਿਭਾਗ ਦੇ ਐਕਸ. ਈ. ਐੱਨ. ਆਰ. ਕਲਸੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਖੁਦ ਮੰਨਿਆ ਕਿ ਮਸ਼ੀਨਾਂ ਚੱਲਣ ਲਾਈਕ ਨਹੀਂ ਹਨ ਪਰ ਨਵੀਆਂ ਮਸ਼ੀਨਾਂ ਖਰੀਦਣ ਲਈ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਬੁੱਢੇ ਨਾਲੇ ਦੀ ਸਫਾਈ ਤਾਂ ਹੋ ਨਹੀਂ ਰਹੀ ਅਤੇ ਸਫਾਈ ਲਈ ਆਇਆ ਪੈਸਾ ਕਿਥੇ ਜਾ ਰਿਹਾ ਹੈ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ। ਦੂਜੇ ਪਾਸੇ ਨਗਰ ਨਿਗਮ ਦੇ ਬੁੱਢੇ ਨਾਲੇ ਦੀ ਸਫਾਈ ਲਈ ਨਿਯੁਕਤ ਨੋਡਲ ਅਫਸਰ ਨਛੱਤਰ ਸਿੰਘ ਤੋਂ ਜਦੋਂ ਪੁੱਛਿਆ ਗਿਆ ਕਿ ਬੁੱਢੇ ਨਾਲੇ ਦੀ ਸਫਾਈ ਹੋ ਨਹੀਂ ਰਹੀ ਅਤੇ ਨਗਰ ਨਿਗਮ ਬਿਨਾਂ ਜਾਂਚ ਦੇ ਡਰੇਨੇਜ ਵਿਭਾਗ ਨੂੰ ਸਫਾਈ ਦਾ ਪੈਸਾ ਕਿਵੇਂ ਦੇ ਰਿਹਾ ਹੈ ਤਾਂ ਇਹ ਗੱਲ ਸੁਣ ਕੇ ਉਨ੍ਹਾਂ ਦੀ ਜ਼ੁਬਾਨ ਲੜਖੜਾਉਣ ਲੱਗੀ ਅਤੇ ਉਨ੍ਹਾਂ ਸਿਰਫ ਇਹ ਕਹਿ ਕੇ ਪਿੱਛਾ ਛੁਡਾਇਆ ਕਿ ਅਸੀਂ ਜਾਂਚ ਕਰਦੇ ਹਾਂ ਅਤੇ ਫਿਰ ਪੈਸਾ ਦਿੰਦੇ ਹਾਂ।
ਬੁੱਢੇ ਨਾਲੇ ਦੀ ਸਫਾਈ ਲਈ ਰੱਖਿਆ ਬਜਟ
ਸਾਲ - ਰੁ. (ਲੱਖਾਂ 'ਚ)
2009-10 - 28.55
2010-11 - 47.93
2011-12 - 41.86
2012-13 - 48.56
2013-14 - 68.82
2014-15 - 64.45
2015-16 - 77.18
2016-17 - 85.20
2017-18 - 93.13
ਜਨਵਰੀ ਤੋਂ ਜੂਨ 2018 ਤਕ ਦਾ ਉਪਲੱਬਧ ਹੈ ਡਾਟਾ
ਧਿਆਨ ਰਹੇ ਕਿ ਇਹ ਡਾਟਾ ਸਰਕਾਰੀ ਹਸਪਤਾਲ ਤੋਂ ਲਿਆ ਗਿਆ ਹੈ। ਨਿੱਜੀ ਹਸਪਤਾਲਾਂ ਵਿਚ ਕਿੰਨੇ ਮਰੀਜ਼ ਹਨ, ਉਨ੍ਹਾਂ ਦੀ ਅਜੇ ਕੋਈ ਜਾਣਕਾਰੀ ਨਹੀਂ। ਪੰਜਾਬ ਵਿਚ 9 ਸਰਕਾਰੀ ਅਤੇ 9 ਹੀ ਨਿੱਜੀ ਹਸਪਤਾਲ ਹਨ, ਜਿਥੇ ਕੈਂਸਰ ਦਾ ਇਲਾਜ ਹੁੰਦਾ ਹੈ।
ਫੋਨ ਨਹੀਂ ਚੁੱਕਦੇ  ਚੇਅਰਮੈਨ ਪੰਨੂ
ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨਾਲ ਜਦੋਂ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਵਾਉਣ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਹੱਥ : ਮੇਅਰ
ਇਸ ਸਬੰਧੀ ਜਦੋਂ 'ਜਗ ਬਾਣੀ' ਟੀਮ ਨੇ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਿਗਮ ਦਾ ਖਜ਼ਾਨਾ ਖਾਲੀ ਹੈ, ਉਹ ਬੁੱਢੇ ਨਾਲੇ ਨੂੰ ਸਾਫ ਕਰਨ ਲਈ ਕਿਥੋਂ ਪੈਸਾ ਲਿਆਉਣ। ਮੈਂ ਮੰਨਦਾ ਹਾਂ ਕਿ ਅੱਜ ਤਕ ਜੋ ਵੀ ਪ੍ਰਾਜੈਕਟ ਬਣੇ, ਸਭ ਫੇਲ ਰਹੇ। ਹੁਣ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਇਸ ਪ੍ਰਾਜੈਕਟ ਲਈ ਡੀ. ਪੀ. ਆਰ. ਤਿਆਰ ਕਰਵਾ ਰਹੇ ਹਨ ਤਾਂ ਕਿ ਕੇਂਦਰ ਤੋਂ 900 ਕਰੋੜ ਦੀ ਗ੍ਰਾਂਟ ਮਿਲ ਸਕੇ। ਮੇਅਰ ਨੇ ਕਿਹਾ ਕਿ ਬੁੱਢੇ ਨਾਲੇ ਨੂੰ ਪ੍ਰਦੂਸ਼ਿਤ ਕਰਵਾਉਣ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਬਹੁਤ ਵੱਡਾ ਹੱਥ ਹੈ। ਅਫਸਰ ਪੈਸੇ ਲੈ ਕੇ ਡਾਇੰਗ ਯੂਨਿਟਾਂ ਨੂੰ ਜ਼ਹਿਰੀਲਾ ਪਾਣੀ ਨਾਲੇ ਵਿਚ ਸਿੱਧਾ ਪਾਉਣ ਦੀ ਇਜਾਜ਼ਤ ਦੇ ਰਿਹਾ ਹੈ।