''ਜ਼ਫ਼ਰਨਾਮਹ'' ਸਿੱਖਾਂ ਨੂੰ ਤਰਕ ਨਾਲ ਬੇਖੌਫ ਸੱਚ ਬੋਲਣ ਲਈ ਪ੍ਰੇਰਿਤ ਕਰਦਾ

12/14/2017 4:22:35 AM

ਜਲੰਧਰ  (ਚਾਵਲਾ) - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਚਮਕੌਰ ਸਾਹਿਬ ਦੀ ਜੰਗ ਉਪਰੰਤ ਫਾਰਸੀ ਭਾਸ਼ਾ 'ਚ ਲਿਖੇ ਗਏ ਤਾੜਨਾ ਪੱਤਰ 'ਜ਼ਫ਼ਰਨਾਮਹ' ਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ। ਪੰਥ ਦੇ ਉੱਘੇ ਪ੍ਰਚਾਰਕ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵੱਲੋਂ ਤਿਆਰ ਕੀਤੀ ਗਈ 'ਜ਼ਫ਼ਰਨਾਮਹ' ਪੁਸਤਕ ਨੂੰ ਲੇਖਕ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਹੋਰਨਾਂ ਨੂੰ ਕਮੇਟੀ ਦਫ਼ਤਰ ਪੁੱਜ ਕੇ ਭੇਟ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਬਾਬਾ ਅਮਰ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੈੱਥੀ ਗਿਆਨੀ ਰਣਜੀਤ ਸਿੰਘ ਨੇ ਗੁਲਸ਼ਨ ਵੱਲੋਂ ਕੀਤੀ ਗਈ ਮਿਹਨਤ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਔਰੰਗਜ਼ੇਬ ਦੇ ਜ਼ੁਲਮੀ ਰਾਜ ਨੂੰ 'ਜ਼ਫ਼ਰਨਾਮਹ' ਰਾਹੀਂ ਨੰਗਾ ਕੀਤਾ ਸੀ, ਜਿਸ ਤੋਂ ਬਾਅਦ ਔਰੰਗਜ਼ੇਬ ਨੂੰ ਆਪਣੀ ਗਲਤੀਆਂ ਦਾ ਅਹਿਸਾਸ ਹੋਇਆ ਸੀ। 'ਜ਼ਫ਼ਰਨਾਮਹ' ਸਿੱਖਾਂ ਨੂੰ ਤਰਕ ਨਾਲ ਬੇਖੌਫ਼ ਸੱਚ ਬੋਲਣ ਲਈ ਪ੍ਰੇਰਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਉਕਤ ਪੁਸਤਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ।