ਮਨੁੱਖੀ ਤਸਕਰੀ ਐਕਟ ਦੇ ਤਹਿਤ, NRI ਜੋੜੇ ਸਮੇਤ 15 ਇਮੀਗ੍ਰੇਸ਼ਨ ਸੰਚਾਲਕਾਂ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਮਾਮਲਾ ਦਰਜ

07/18/2017 9:19:00 PM

ਮੋਗਾ (ਵਿਪਨ ਓਕਾਂਰਾ/ ਆਜ਼ਾਦ) — ਮੋਗਾ ਪੁਲਸ ਵਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਹੁਕਮਾਂ ਦੀ ਉਲਘੰਣਾ ਕਰਨ ਦੇ ਮਾਮਲੇ 'ਚ ਐੱਨ. ਆਰ. ਆਈ. ਸਿੰਘ ਬ੍ਰਦਰਜ਼ ਜੋੜੇ ਸਮੇਤ 15 ਇਮੀਗ੍ਰੇਸ਼ਨ ਸੰਚਾਲਕਾਂ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਪੰਜਾਬ ਮਨੁੱਖੀ ਤਸਕਰੀ ਏਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
11 ਜੁਲਾਈ ਤਕ ਹੋਈਆਂ ਸਨ 82 ਅਰਜ਼ੀਆਂ ਦਰਜ
ਜਾਣਕਾਰੀ ਮੁਤਾਬਕ ਮੋਗਾ ਜ਼ਿਲੇ ਦੇ 82 ਟ੍ਰੈਵਲ ਏਜੰਟਾਂ, ਕੰਸਲਟੈਂਸੀ ਟਿਕਟਿੰਗ ਏਜੰਟਸ ਤੇ ਕੋਚਿੰਗ ਇੰਸਟੀਚਿਊਟਸ ਆਫ ਆਈਲੈਟਸ ਦੇ ਸੰਚਾਲਕਾਂ ਵਲੋਂ ਲਾਈਸੈਂਸ ਤੇ ਰਜਿਸਟ੍ਰੇਸ਼ਨ ਕਰਾਵਉਣ ਲਈ 11 ਜੁਲਾਈ ਤਕ ਅਰਜ਼ੀਆਂ ਦਿੱਤੀਆਂ ਗਈਆਂ ਸਨ। ਇਸ ਸਬੰਧ 'ਚ ਡਿਪਟੀ ਕਮਿਸ਼ਨਰ ਦਫਤਰ ਵਲੋਂ ਉਕਤ ਸਾਰਿਆਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਲਾਈਸੰਸ ਜਾਰੀ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ। 
ਕੀ ਹੈ ਮਾਮਲਾ 
ਜਾਣਕਾਰੀ ਮੁਤਾਬਕ ਬੀਤੀ 8 ਜੁਲਾਈ ਨੂੰ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਵਲੋਂ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਮਨੁੱਖੀ ਤਸਕਰੀ ਰੋਕਣ ਦੇ ਐਕਟ ਦੇ ਤਹਿਤ ਮੋਗਾ ਜ਼ਿਲੇ ਦੇ ਸਾਰੇ ਟ੍ਰੈਵਲ ਏਜੰਟਾਂ/ਇਮੀਗ੍ਰੇਸ਼ਨ ਸੰਚਾਲਕਾਂ ਲਈ ਰਜਿਸਟ੍ਰੇਸ਼ਨ/ਲਾਈਸੰਸ ਲੈਣਾ ਜ਼ਰੂਰੀ ਕੀਤਾ ਗਿਆ ਸੀ।
ਹੁਕਮਾਂ 'ਚ ਕਿਹਾ ਗਿਆ ਸੀ ਕਿ ਜ਼ਿਲੇ 'ਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ, ਕੰਸਲਟੈਂਟਾਂ, ਆਈਲੈਟਸ ਸੈਟਰਾਂ ਤੋਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ, ਲਾਈਸੰਸ ਪ੍ਰਾਪਤ ਕਰਨ ਲਈ ਅਰਜ਼ੀਆਂ 11 ਜੁਲਾਈ ਤਕ ਦੇਣ ਅਤੇ ਰਜਿਸਟ੍ਰੇਸ਼ਨ ਨਾ ਕਰਵਾਉਣ ਦੀ ਸੂਰਤ 'ਚ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣ ਦੀ ਗੱਲ ਕਹੀ ਸੀ। ਇਹ ਕਾਨੂੰਨ ਵਿਦੇਸ਼ ਜਾਣ ਦੇ ਨਾਂ 'ਤੇ ਹੋਣ ਵਾਲੀ ਧੋਖਾਧੜੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਾਗੂ ਕੀਤਾ ਗਿਆ ਹੈ।