ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਮੁੜ ਕਾਂਗਰਸ ''ਚ ਸ਼ਾਮਲ

02/01/2022 3:23:12 PM

ਮਾਛੀਵਾੜਾ ਸਾਹਿਬ (ਟੱਕਰ) : ਵਿਧਾਨ ਸਭਾ ਹਲਕਾ ਕੂੰਮਕਲਾਂ ਤੋਂ ਵਿਧਾਇਕ ਅਤੇ ਕਾਂਗਰਸ ਸਰਕਾਰ ’ਚ ਕੈਬਨਿਟ ਮੰਤਰੀ ਰਹੇ ਈਸ਼ਰ ਸਿੰਘ ਮਿਹਰਬਾਨ ਕੁੱਝ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ, ਜਿਨ੍ਹਾਂ ਨੇ ਵਿਧਾਨ ਸਭਾ ਹਲਕਾ ਪਾਇਲ ਤੋਂ ਚੋਣ ਵੀ ਲੜੀ ਸੀ ਪਰ ਇਸ ਵਾਰ ਇਹ ਸੀਟ ਅਕਾਲੀ ਦਲ ਵੱਲੋਂ ਗਠਜੋੜ ਤੋਂ ਬਾਅਦ ਬਸਪਾ ਦੇ ਖਾਤੇ ਚਲੀ ਗਈ। ਇਸ ਤੋਂ ਮਿਹਰਬਾਨ ਨਾਰਾਜ਼ ਚੱਲੇ ਆ ਰਹੇ ਸਨ। ਕੁੱਝ ਦਿਨ ਪਹਿਲਾਂ ਹੀ ਈਸ਼ਰ ਸਿੰਘ ਮਿਹਰਬਾਨ ਅਕਾਲੀ ਦਲ ਨੂੰ ਛੱਡ ਭਾਜਪਾ ਵਿਚ ਸ਼ਾਮਲ ਹੋ ਗਏ ਸਨ ਪਰ ਉੱਥੇ ਕੁੱਝ ਦਿਨਾਂ ਦੀ ਮਹਿਮਾਨ ਨਿਵਾਜ਼ੀ ਤੋਂ ਬਾਅਦ ਦਾਲ ਗਲਦੀ ਨਾ ਦੇਖ ਉਹ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵਿਚ ਸ਼ਾਮਲ ਹੋ ਗਏ।

ਪੰਜਾਬ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਚੌਧਰੀ ਦੀ ਅਗਵਾਈ ਹੇਠ ਈਸ਼ਰ ਸਿੰਘ ਮਿਹਰਬਾਨ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਕੂੰਮਕਲਾਂ ਹਲਕੇ ਅਧੀਨ ਪੈਂਦਾ ਬਲਾਕ ਮਾਛੀਵਾੜਾ ਤੇ ਮਾਂਗਟ ਦੇ ਸੈਂਕੜੇ ਹੀ ਪਿੰਡ, ਜਿਨ੍ਹਾਂ ’ਚ ਮਿਹਰਬਾਨ ਦਾ ਕਾਫ਼ੀ ਆਧਾਰ ਹੈ, ਉੱਥੇ ਪਾਰਟੀ ਨੂੰ ਇਸ ਦਾ ਕਾਫ਼ੀ ਲਾਭ ਮਿਲੇਗਾ। ਮਾਛੀਵਾੜਾ ਬਲਾਕ ਜੋ ਕਿ ਹੁਣ ਹਲਕਾ ਸਮਰਾਲਾ ’ਚ ਪੈਂਦਾ ਹੈ ਅਤੇ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਜਾ ਗਿੱਲ ਨੇ ਵੀ ਸਾਬਕਾ ਮੰਤਰੀ ਈਸ਼ਰ ਸਿੰਘ ਮਿਹਰਬਾਨ ਨੂੰ ਕਾਂਗਰਸ ’ਚ ਸ਼ਮੂਲੀਅਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ, ਜੋ ਕਿ ਹੁਣ ਇਸ ਹਲਕੇ ਤੋਂ ਕਾਂਗਰਸ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ।


 

Babita

This news is Content Editor Babita