ਕੀ ਖਿਲਰ ਰਿਹਾ ਹੈ 'ਖਹਿਰਾ ਧੜਾ'!

12/13/2018 6:51:27 PM

ਜਲੰਧਰ (ਜਸਬੀਰ ਵਾਟਾਂ ਵਾਲੀ) ਆਮ ਆਦਮੀ ਪਾਰਟੀ 'ਚੋਂ ਕੁਝ ਸਮਾਂ ਪਹਿਲਾਂ ਅੱਠ ਵਿਧਾਇਕਾਂ ਸਣੇ ਬਾਗੀ ਹੋਏ ਸੁਖਪਾਲ ਖਹਿਰਾ ਧੜੇ ਦੀ ਏਕਤਾ ਹੁਣ ਘੱਟਦੀ ਨਜ਼ਰ ਆ ਰਹੀ ਹੈ। ਇਹ ਗੱਲ ਉਸ ਮੌਕੇ ਸਾਹਮਣੇ ਆਈ ਜਦੋਂ ਉਨ੍ਹਾਂ ਦੀ ਪੈੜ 'ਚ ਪੈੜ ਰੱਖਣ ਵਾਲੇ ਉਨ੍ਹਾਂ ਦੇ ਇਕ ਸਾਥੀ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਸੂਬੇ 'ਚ ਖਹਿਰਾ ਧੜੇ ਵੱਲੋਂ ਕੱਢੇ ਜਾ ਰਹੇ ਇਨਸਾਫ ਮਾਰਚ ਤੋਂ ਦੂਰੀ ਬਣਾ ਲਈ। ਸੱਚਾਈ ਇਹ ਹੈ ਕਿ ਰੋੜੀ ਨੇ ਹੁਣ ਤੱਕ ਇਸ ਮਾਰਚ 'ਚ ਇਕ ਵਾਰ ਵੀ ਹਾਜ਼ਰੀ ਨਹੀਂ ਲਗਵਾਈ। ਇਹ ਮੋਰਚਾ ਬਾਗੀ ਧੜੇ ਵੱਲੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਬੈਂਸ ਭਰਾਵਾਂ ਅਤੇ 'ਆਪ' 'ਚੋਂ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨਾਲ ਮਿਲ ਨੇ ਮਿਲ ਕੇ ਲਗਾਇਆ ਹੈ। ਇਹ ਮੋਰਚਾ 8 ਦਸੰਬਰ ਨੂੰ ਸ਼ੁਰੂ ਕੀਤਾ ਗਿਆ ਸੀ, ਜੋ ਕਿ 16 ਦਸੰਬਰ ਨੂੰ ਪਟਿਆਲਾ 'ਚ ਸਮਾਪਤ ਹੋਵੇਗਾ। ਇਸ ਮੋਰਚੇ ਸਬੰਧੀ ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਮੋਰਚੇ ਦੇ ਆਖਰੀ ਦਿਨ ਉਹ ਕੋਈ ਵੱਡਾ ਐਲਾਨ ਕਰਨਗੇ, ਜਿਸ ਕਰਕੇ ਸਿਆਸੀ ਮਾਹਰਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਖਹਿਰਾ ਇਸ ਦਿਨ ਨਵੇਂ ਸਿਆਸੀ ਫਰੰਟ ਦਾ ਐਲਾਨ ਕਰ ਸਕਦੇ ਹਨ। 

ਭਾਵੇਂ ਕਿ ਖਹਿਰਾ ਧੜੇ ਦੇ ਦੂਜੇ 6 ਬਾਗੀ ਵਿਧਾਇਕ ਇਸ ਮਾਰਚ 'ਚ ਸ਼ਾਮਲ ਹਨ ਪਰ ਵਿਧਾਇਕ ਜੈ ਕਿਸ਼ਨ ਰੋੜੀ ਵੱਲੋਂ ਇਨਸਾਫ ਮਾਰਚ ਤੋਂ ਬਣਾਈ ਗਈ ਦੂਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਸਬੰਧੀ ਵਿਧਾਇਕ ਰੋੜੀ ਨੇ ਕਿਹਾ ਕਿ ਉਹ ਅੱਜ ਤੱਕ ਇਨਸਾਫ ਮਾਰਚ 'ਚ ਇਸ ਲਈ ਸ਼ਾਮਲ ਨਹੀਂ ਹੋਏ ਕਿਉਂਕਿ ਇਨਸਾਫ ਮਾਰਚ ਵਾਲਾ ਰੂਟ ਉਨ੍ਹਾਂ ਦੇ ਹਲਕਾ ਗੜ੍ਹਸ਼ੰਕਰ ਤੋਂ ਕਾਫੀ ਦੂਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਹਲਕੇ ਵਿਚਲੀਆਂ ਸਰਗਰਮੀਆਂ ਵਿਚ ਰੁੱਝੇ ਹੋਏ ਹਨ, ਇਸ ਲਈ ਇਨਸਾਫ ਮਾਰਚ 'ਚ ਜਾਣਾ ਸੰਭਵ ਨਹੀਂ ਹੈ। ਇਸ ਦੇ ਨਾਲ-ਨਾਲ ਰੋੜੀ ਨੇ ਸਪੱਸ਼ਟ ਕੀਤਾ ਕਿ ਉਹ ਇਨਸਾਫ ਮਾਰਚ ਦੀ ਥਾਂ 13 ਤੋਂ 15 ਦਸੰਬਰ ਤੱਕ ਹੋ ਰਹੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਸ਼ਾਮਲ ਹੋਣ ਨੂੰ ਹੀ ਤਰਜੀਹ ਦੇ ਰਹੇ ਹਨ । ਇਸ ਦੇ ਉਲਟ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਸੈਸ਼ਨ ਵਿਚ ਜਾਣ ਸਬੰਧੀ ਕਿਹਾ ਹੈ ਸੈਸ਼ਨ 'ਚੋਂ ਕੁਝ ਨਹੀਂ ਨਿਕਲਣਾ, ਇਸ ਲਈ ਉਹ ਇਸ ਸੈਸ਼ਨ 'ਚ ਸ਼ਾਮਲ ਹੋਣ ਨਾਲੋਂ ਇਨਸਾਫ ਮਾਰਚ ਨੂੰ ਹੀ ਜ਼ਰੂਰੀ ਸਮਝਦੇ ਹਨ। ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਵਿਧਾਨ ਸਭਾ ਸੈਸ਼ਨ ਵਿਚ ਜਾਣ ਦੀ ਬਜਾਏ ਇਨਸਾਫ ਮਾਰਚ ਨੂੰ ਹੀ ਤਰਜ਼ੀਹ ਦਿੱਤੀ ਹੈ।


ਖਹਿਰਾ ਧੜੇ ਦੀ ਗੱਲ ਕਰੀਏ ਤਾਂ ਇਸ ਵਿਚ ਕੁੱਲ 8 ਵਿਧਾਇਕ ਹਨ, ਜੋ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਸਣੇ ਬਾਗੀ ਹੋਏ ਸਨ। ਇਸ ਧੜੇ ਦੇ ਦੂਜੇ ਸਾਥੀਆਂ ਨੇ ਹੁਣ ਤੱਕ ਕਾਫੀ ਏਕਤਾ ਦਿਖਾਈ ਹੈ ਅਤੇ ਹਮੇਸ਼ਾ ਖਹਿਰਾ ਦੀ ਸੁਰ ਵਿਚ ਸੁਰ ਮਿਲਾ ਕੇ ਗੱਲ ਕੀਤੀ ਹੈ। ਇਸ ਦੇ ਉਲਟ ਵਿਧਾਇਕ ਰੋੜੀ ਦੀ ਗੱਲ ਕਰੀਏ ਤਾਂ ਉਹ ਬਾਗੀ ਹੋਣ ਤੋਂ ਬਾਅਦ ਪਹਿਲਾਂ ਵੀ ਇਕ ਵਾਰ ਆਮ ਆਦਮੀ ਪਾਰਟੀ ਦੇ ਖੇਮੇ 'ਚ ਜਾ ਚੁੱਕੇ ਹਨ। ਇਸ ਤੋਂ ਪਹਿਲਾ ਉਹ ਬਠਿੰਡਾ ਕਨਵੈਨਸ਼ਨ ਵਿਚ ਨਹੀਂ ਪੁੱਜੇ ਸਨ, ਜਿਸ ਦਾ ਕਾਰਨ ਉਨ੍ਹਾਂ ਨੇ ਇਹ ਦੱਸਿਆ ਸੀ ਕਿ ਉਹ ਅਰਵਿੰਦ ਕੇਜਰੀਵਾਲ ਦਾ ਦਿਲੋਂ ਸਤਿਕਾਰ ਕਰਦੇ ਹਨ ਤੇ ਉਨ੍ਹਾਂ ਨੂੰ ਆਪਣਾ ਲੀਡਰ ਵੀ ਮੰਨਦੇ ਹਨ। ਉਨ੍ਹਾਂ ਕਿਹਾ ਸੀ ਕਿ ਇਹੋ ਕਾਰਨ ਹੈ ਕਿ ਉਹ ਬਠਿੰਡਾ ਕਨਵੈਨਸ਼ਨ ਤੋਂ ਪਹਿਲਾਂ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਆਪ ਦੀ ਕੇਂਦਰੀ ਲੀਡਰਸ਼ਿਪ ਕੋਲ ਖਹਿਰਾ ਧੜੇ ਦਾ ਪੱਖ ਰੱਖਣ ਲਈ ਦਿੱਲੀ ਗਏ ਸਨ। ਉਸ ਮੌਕੇ ਉਨ੍ਹਾਂ ਕਿਹਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਦਿੱਲੀ ਵਿੱਚ ਮਨੀਸ਼ ਸਿਸੋਦੀਆ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ। ਉਸ ਮੌਕੇ ਰੋੜੀ ਨੇ ਕਿਹਾ ਸੀ ਉਹ ਹੁਣ ਹਮੇਸ਼ਾ-ਹਮੇਸ਼ਾ ਲਈ ਖਹਿਰਾ ਧੜੇ ਦਾ ਸਾਥ ਦੇਣਗੇ।ਇਸ ਸਭ ਦੇ ਬਾਅਦ ਮੌਜੂਦਾ ਸਮੇਂ ਵਿਚ ਖਹਿਰਾ ਵੱਲੋਂ ਕੱਢੇ ਜਾ ਰਹੇ ਅਹਿਮ ਇਨਸਾਫ ਮਾਰਚ ਵਿਚ ਰੋੜੀ ਵੱਲੋਂ ਇਕ ਵਾਰ ਫਿਰ ਉਨ੍ਹਾਂ ਦਾ ਸਾਥ ਨਾ ਦੇਣਾ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਹੁਣ ਫਿਰ ਖਿਲਰ ਰਿਹਾ ਹੈ ਖਹਿਰਾ ਧੜਾ ?