ਕੀ ਐਨੀ ਵੱਡੀ ਪੱਧਰ ’ਤੇ ਸੰਭਵ ਹੈ ਪਰਵਾਸੀਆਂ ਦੀ ਘਰ ਵਾਪਸੀ ?

05/04/2020 10:33:03 PM

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦਾ ਹਮਲਾ ਹੋਣ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਵਿਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ। ਇਸ ਕਾਰਨ ਜਿੱਥੇ ਦੇਸ਼ਾਂ-ਵਿਦੇਸ਼ਾਂ ਬੈਠੇ ਪਰਵਾਸੀ ਕਾਮੇ ਕਿਰਤ ਤੋਂ ਵਾਂਝੇ ਹੋ ਕੇ ਬੈਠ ਗਏ, ਉੱਥੇ ਹੀ ਵੱਖ-ਵੱਖ ਦੇਸ਼ਾਂ ਵਿਚ ਯਾਤਰਾ ’ਤੇ ਗਏ ਲੋਕ ਵੀ ਬਿਗਾਨੇ ਦੇਸ਼ਾਂ ਵਿਚ ਫਸ ਕੇ ਰਹਿ ਗਏ। ਗੈਰ ਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾ ਨੂੰ ਵਤਨ ਵਾਪਸ ਬੁਲਾਉਣ ਲਈ ਅਤੇ ਦੂਜੇ ਲੋਕਾਂ ਨੂੰ ਵਾਪਸ ਭੇਜਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਅਮਰੀਕਾ ਅਤੇ ਹੋਰ ਯੂਰਪੀ ਦੇਸ਼ ਇਸ ਯਤਨ ਵਿਚ ਹਨ ਕਿ ਉਨ੍ਹਾਂ ਦੇ ਨਾਗਰਿਕ ਵਤਨ ਵਾਪਸ ਪਰਤ ਸਕਣ। ਕੁਝ ਦਿਨ ਪਹਿਲਾਂ ਅਮਰੀਕਾ ਨੇ ਫਲਾਈਟਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤਾਂ ਕਿ ਦੂਜੇ ਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਇਆ ਜਾ ਸਕੇ। 
ਆਪਣੇ ਨਾਗਰਿਕਾਂ ਵਤਨ ਵਾਪਸ ਬੁਲਾਉਣ ਲਈ ਭਾਰਤ ਨੇ ਵੀ ਯਤਨ ਸ਼ੁਰੂ ਕਰ ਦਿੱਤੇ ਹਨ। ਭਾਰਤੀ ਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਈ-ਰਜਿਸਟ੍ਰੇਸ਼ਨ ਦੇ ਅੰਕੜਿਆਂ ਮੁਤਾਬਕ ਯੂ.ਏ.ਈ. ਤੋਂ ਡੇਢ ਲੱਖ ਤੋਂ ਵਧੇਰੇ ਭਾਰਤੀਆਂ ਨੇ ਆਪਣੇ ਦੇਸ਼ ਅਤੇ ਘਰ ਵਾਪਸ ਆਉਣ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਭਾਰਤ ਦੇ ਕੌਂਸਲ ਜਨਰਲ, ਵਿਪੁਲ ਨੇ ਸ਼ਨੀਵਾਰ ਨੂੰ ਗਲਫ ਨਿਊਜ਼ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਸ਼ਨੀਵਾਰ ਸ਼ਾਮ ਤੱਕ ਤਕਰੀਬਨ ਡੇਢ ਲੱਖ ਅਰਜੀਆਂ ਆਈਆਂ ਸਨ। ਇਨ੍ਹਾਂ ਵਿੱਚੋਂ ਕਰੀਬ ਇੱਕ ਚੌਥਾਈ ਲੋਕ ਇਸ ਲਈ ਵਾਪਸ ਆਉਣਾ ਚਾਹੁੰਦੇ ਹਨ ਕਿ ਉਹ ਆਪਣੀ ਨੌਕਰੀ ਗਵਾ ਚੁੱਕੇ ਹਨ। ਬਿਨੈਕਾਰਾਂ ਵਿੱਚ ਤਕਰੀਬਨ 40 ਫੀਸਦੀ ਕਾਮੇ ਤੇ 20 ਫੀਸਦੀ ਪੇਸ਼ੇਵਰ ਲੋਕ ਸ਼ਾਮਲ ਹਨ। ਇਸ ਦੇ ਨਾਲ-ਨਾਲ 10 ਫੀਸਦੀ ਬਿਨੈਕਾਰ ਉਹ ਹਨ ਜੋ, ਉਡਾਣਾਂ ਰੱਦ ਹੋਣ ਤੋਂ ਬਾਅਦ ਭਾਰਤ ਵਿੱਚ ਫਸੇ ਹੋਏ ਸਨ। ਬਾਕੀ ਬਿਨੈਕਾਰਾਂ ਵਿੱਚ ਮੈਡੀਕਲ ਐਮਰਜੈਂਸੀ, ਗਰਭਵਤੀ ਔਰਤਾਂ ਅਤੇ ਵਿਦਿਆਰਥੀ ਸ਼ਾਮਲ ਹਨ। ਜਿਨ੍ਹਾਂ  ਭਾਰਤੀਆਂ ਨੇ ਜ਼ਿਆਦਾਤਰ ਰਜਿਸਟ੍ਰੇਸ਼ਨ ਕਰਵਾਈ ਇਨ੍ਹਾਂ ਵਿਚੋਂ 50 ਫੀਸਦੀ ਲੋਕ ਕੇਰਲਾ ਤੋਂ ਹਨ। 

ਰਜ਼ਿਸਟ੍ਰੇਸ਼ਨ ਦੇ ਇਹ ਅੰਕੜੇ ਸਿਰਫ ਦੁਬਈ ਦੇ ਹੀ ਹਨ ਜਦਕਿ ਦੁਨੀਆ ਭਰ ਵਿਚ ਬੈਠੇ ਪਰਵਾਸੀ ਭਾਰਤੀ ਜੇਕਰ ਇਸੇ ਤਰ੍ਹਾਂ ਵਾਪਸੀ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਹਨ ਤਾਂ ਇਹ ਗਿਣਤੀ ਕਈ ਗੁਣਾ ਵੱਧ ਜਾਣਗੀ। ਦੁਨੀਆ ਭਰ ਵਿਚ ਪੱਕੇ-ਕੱਚੇ ਅਤੇ ਕੰਮ-ਕਾਰ ਲਈ ਗਏ ਪਰਵਾਸੀ ਭਾਰਤੀਆਂ ਦੀ ਕੁੱਲ ਗਿਣਤੀ 28 ਮਿਲੀਅਨ ਦੇ ਕਰੀਬ ਹੈ। ਇਹ ਗਿਣਤੀ ਦੁਨੀਆ ਦੇ ਸਭ ਦੇਸ਼ਾਂ ਤੋਂ ਵੱਧ ਹੈ। 
ਇਸ ਮੁਹਿੰਮ ਦੇ ਤਹਿਤ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਲੋਕਾਂ ਦਾ ਵੇਰਵਾ ਇਕੱਠਾ ਕਰਨਾ ਸ਼ੁਰੂ ਕੀਤਾ ਜੋ ਕੋਰੋਨਾ ਵਾਇਰਸ ਕਾਰਨ ਆਪਣੀ ਮਾਤ ਭੂਮੀ ’ਤੇ ਵਾਪਸ ਆਉਣਾ ਜਾਂ ਜਾਣਾ ਚਾਹੁੰਦੇ ਹਨ। ਇਸ ਮਕਸਦ ਤਹਿਤ ਵਿਸ਼ੇਸ਼ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਹੈ। ਬੀਤੇ ਦਿਨ ਤੱਕ ਇੱਥੇ ਹੋਈ ਰਜਿਸਟ੍ਰੇਸ਼ਨ ਮੁਤਾਬਕ ਸੂਬੇ ਵਿਚ ਅਜਿਹੇ 6.44 ਲੱਖ ਤੋਂ ਵੱਧ ਪਰਵਾਸੀ ਹਨ, ਜੋ ਆਪੋ-ਆਪਣੇ ਵਤਨ ਵਾਪਸ ਪਰਤਣਾ ਚਾਹੁੰਦੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਐਨੀ ਵੱਡੀ ਪੱਧਰ ’ਤੇ ਪਰਵਾਸੀਆਂ ਨੂੰ ਵਾਪਸ ਬੁਲਾਉਣਾ ਜਾਂ ਉਨ੍ਹਾਂ ਦੀ ਮਾਤਭੂਮੀ ’ਤੇ ਵਾਪਸ ਭੇਜਣਾ ਸੰਭਵ ਹੋ ਸਕੇਗਾ ਜਾਂ ਨਹੀਂ ? ਸਵਾਲ ਇਹ ਵੀ ਹੈ ਕਿ, ਕੀ ਸਾਡੇ ਕੋਲ ਐਨੇ ਵੱਡੇ ਪ੍ਰਬੰਧ ਹਨ ਕਿ ਲਾਕਡਾਊਨ ਦੀ ਸਥਿਤੀ ਦੇ ਚਲਦਿਆਂ ਲੱਖਾਂ ਲੋਕਾਂ ਨੂੰ ਹਵਾਈ ਜਹਾਜਾਂ ਰਾਹੀਂ, ਟਰੇਨਾਂ-ਬੱਸਾਂ, ਜਾਂ ਹੋਰ ਸਾਧਨਾਂ ਰਾਹੀਂ ਇਧਰੋਂ-ਓਧਰ ਕੀਤਾ ਜਾ ਸਕੇ। ਇਸ ਦੇ ਨਾਲ-ਨਾਲ  ਸਵਾਲ ਇਹ ਵੀ ਹੈ ਕਿ ਜਦੋਂ ਲੱਖਾਂ ਦੀ ਗਿਣਤੀ ਵਿਚ ਪਰਵਾਸੀ ਇਧਰੋਂ-ਓਧਰ ਹੋਣਗੇ ਤਾਂ ਕੋਰੋਨਾ ਮਹਾਮਾਰੀ ਦੇ ਫੈਲਣ ਦਾ ਖਤਰਾ ਵੱਧੇਗਾ ਜਾਂ ਨਹੀਂ ? ਸੱਚਾਈ ਇਹ ਵੀ ਹੈ, ਕਿ ਸਾਡੇ ਕੋਲ ਐਨੇ ਪੁਖਤਾ ਪ੍ਰਬੰਧ ਵੀ ਨਹੀਂ ਹਨ ਕਿ ਲੱਖਾਂ ਦੀ ਗਿਣਤੀ ਵਿਚ ਇਧਰੋਂ-ਓਧਰ ਹੋਣ ਵਾਲਿਆਂ ਦੇ ਕੋਰੋਨਾ ਟੈਸਟ ਕੀਤੇ ਜਾ ਸਕਣ। 

ਨੰਦੇੜ ਸਾਹਿਬ ਤੋਂ ਲਿਆਂਦੇ ਗਏ ਸ਼ਰਧਾਲੂਆਂ ਦੇ ਮਾਮਲੇ ਵਾਂਗ ਨਾ ਹੋਵੇ : ਸੁਖਪਾਲ ਸਿੰਘ 
ਇਸ ਸਮੁੱਚੇ ਮਾਮਲੇ ਸਬੰਧੀ ਜਗਬਾਣੀ ਵੱਲੋਂ ਜਦੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਐਨੀ ਵੱਡੀ ਪੱਧਰ ’ਤੇ ਇਹ ਹਿਲਜੁਲ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਮਾਮਲੇ ਨੂੰ ਥੋੜ੍ਹੀ ਅੰਕਲਮੰਦੀ ਨਾਲ ਹੱਲ ਕਰਨਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖੇ ਅਤੇ ਇਸ ਮਾਮਲੇ ਵਿਚ ਜਲਦਬਾਜ਼ੀ ਵੀ ਨਾ ਦਿਖਾਵੇ ਨਹੀਂ ਤਾਂ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਮਾਮਲੇ ਵਾਂਗ ਇਹ ਹਿਲਜੁਲ ਵੀ ਖਤਰੇ ਤੋਂ ਖਾਲੀ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨੰਦੇੜ ਸਾਹਿਬ ਤੋਂ ਲਿਆਂਦੇ ਜਾਣ ਵਾਲੇ ਸ਼ਰਧਾਲੂਆਂ ਨੂੰ ਜੇਕਰ ਪੜਾਅਵਾਰ ਅਤੇ ਸਾਵਧਾਨੀ ਨਾਲ ਲਿਆਂਦਾ ਜਾਂਦਾ ਤਾਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਨਹੀਂ ਸੀ ਹੋਣੇ। ਉਨ੍ਹਾਂ ਕਿਹਾ ਕਿ ਚਾਹੀਦਾ ਇਹ ਹੈ ਕਿ, ਜਦੋਂ ਕਿਸੇ ਵਿਅਕਤੀ ਦੀ ਹਿੱਲਜੁਲ ਹੋਵੇ ਤਾਂ ਉਸ ਦੀ ਸਕਰੀਨਿੰਗ ਅਤੇ ਟੈਸਟਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣ।  

jasbir singh

This news is News Editor jasbir singh