ਦਲ-ਬਦਲੂਆਂ ਨੇ ਚੋਣਾਂ ਨੂੰ ਬਣਾਇਆ ਆਈ.ਪੀ.ਐੱਲ.

04/20/2019 3:19:42 PM

ਨਵੀਂ ਦਿੱਲੀ/ਜਲੰਧਰ— ਸ਼ੁੱਕਰਵਾਰ ਨੂੰ 2 ਵੱਡੀ ਸਿਆਸੀ ਘਟਨਾਵਾਂ ਦੇ ਤਹਿਤ ਕਾਂਗਰਸ ਦੀ ਧਾਕੜ ਬੁਲਾਰਨ ਪ੍ਰਿਯੰਕਾ ਚਤੁਰਵੇਦੀ ਨੇ ਆਪਣਾ ਅਹੁਦਾ ਛੱਡ ਦਿੱਤਾ ਤੇ ਸ਼ਿਵ ਸੈਨਾ 'ਚ ਚਲੀ ਗਈ। ਉੱਧਰ ਪੰਜਾਬ ਕਾਂਗਰਸ ਦਾ ਅਹਿਮ ਚਿਹਰਾ ਰਹੇ ਜਗਮੀਤ ਬਰਾੜ ਅਕਾਲੀ ਦਲ 'ਚ ਚਲੇ ਗਏ। ਉਹ ਪਹਿਲਾਂ ਤ੍ਰਿਣਮੂਲ ਕਾਂਗਰਸ 'ਚ ਸਨ। ਇਸ ਬਹਾਨੇ ਇਕ ਵਾਰ ਫਿਰ ਤੋਂ ਇਹ ਸਾਹਮਣੇ ਆ ਗਿਆ ਕਿ ਇਨ੍ਹਾਂ ਚੋਣਾਂ 'ਚ ਜ਼ਬਰਦਸਤ ਦਲ-ਬਦਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ਾਇਦ ਹੀ ਲੋਕ ਸਭਾ ਚੋਣਾਂ 'ਚ ਇੰਨੇ ਵੱਡੇ ਪੱਧਰ 'ਤੇ ਨੇਤਾ ਇਧਰੋਂ-ਉੱਧਰ ਗਏ ਹਨ। ਹੁਣ ਤੱਕ ਲਗਭਗ 5 ਦਰਜਨ ਵੱਡੇ ਨਾਂ ਪਾਰਟੀ, ਚੋਣ ਚਿੰਨ੍ਹ ਤੇ ਝੰਡਾ ਬਦਲ ਚੁੱਕੇ ਹਨ। ਇਸ ਲਿਹਾਜ਼ ਨਾਲ ਹੁਣ ਚਰਚਾ ਇਹ ਵੀ ਹੈ ਕਿ ਲੋਕ ਸਭਾ ਦੀਆਂ ਇਹ ਚੋਣਾਂ ਦਲ-ਬਦਲੂਆਂ ਦੀਆਂ ਵੀ ਚੋਣਾਂ ਹਨ। ਆਈ. ਪੀ. ਐੱਲ. ਵਾਂਗ ਇਹ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਕਿੱਥੋਂ ਖੇਡ ਰਿਹਾ ਹੈ। ਇਨ੍ਹਾਂ 'ਚੋਂ ਕਿੰਨੇ ਚੁਣ ਕੇ ਸੰਸਦ 'ਚ ਪਹੁੰਚਦੇ ਹਨ ਤੇ ਕਿੰਨੇ ਨਹੀਂ, ਇਹ ਤਾਂ ਸਮਾਂ ਹੀ ਦੱਸੇਗਾ, ਫਿਲਹਾਲ ਦੇਖਣਾ ਇਹ ਹੈ ਕਿ ਆਖਰੀ ਪੜਾਅ ਤੱਕ ਦਲ-ਬਦਲ ਕੀ-ਕੀ ਗੁੱਲ ਖਿਲਾਏਗਾ ਤੇ ਕੌਣ ਕਿਸ ਨੂੰ ਛੱਡ ਕੇ ਕਿੱਥੇ ਜਾਏਗਾ। ਇਸ ਲਈ ਅੱਜ ਚਰਚਾ ਕਰਦੇ ਹਾਂ ਦਲ-ਬਦਲ ਦੀ।

ਅਬ ਤੱਕ ਛੱਪਨ
ਫਿਲਮੀ ਦੁਨੀਆ ਤੋਂ ਲੈ ਕੇ ਸਿਆਸਤ ਤੱਕ 56 ਦਾ ਅੰਕ ਹਰ ਜਗ੍ਹਾ ਆਪਣੀ ਧਾਕ ਜਮਾ ਚੁੱਕਾ ਹੈ। ਮੌਜੂਦਾ ਚੋਣਾਂ 'ਚ ਵੀ ਉਸ ਨੇ ਰੰਗ ਦਿਖਾਇਆ ਹੈ। ਮਜ਼ੇਦਾਰ ਢੰਗ ਨਾਲ ਹੁਣ ਤੱਕ 56 ਵੱਡੇ ਨੇਤਾ (ਵਿਧਾਇਕ ਤੇ ਸੰਸਦ ਮੈਂਬਰ) ਦਲ ਬਦਲ ਚੁੱਕੇ ਹਨ। ਸੁਖਰਾਮ ਤੋਂ ਲੈ ਕੇ ਸ਼ਤਰੂਘਨ ਸਿਨਹਾ ਤੇ ਪ੍ਰਿਯੰਕਾ ਚਤੁਰਵੇਦੀ ਤੋਂ ਲੈ ਕੇ ਜਯਾ ਪ੍ਰਦਾ ਤੱਕ ਕਈ ਵੱਡੇ ਚਿਹਰੇ ਦਲ ਬਦਲ ਚੁੱਕੇ ਹਨ। ਪੂਰੇ ਦੇਸ਼ 'ਚ 9 ਮੌਜੂਦਾ ਸੰਸਦ ਮੈਂਬਰਾਂ ਦੇ ਨਾਲ ਹੀ 39 ਵਿਧਾਇਕ ਵੀ ਖੇਮਾ ਬਦਲ ਚੁੱਕੇ ਹਨ ਤੇ 8 ਸਾਬਕਾ ਸੰਸਦ ਮੈਂਬਰ/ਵਿਧਾਇਕ ਵੀ ਇੱਧਰ-ਉੱਧਰ ਹੋ ਚੁੱਕੇ ਹਨ। ਕਾਂਗਰਸ ਦੇ ਇਕ ਸੰਸਦ ਮੈਂਬਰ ਤੇ 21 ਵਿਧਾਇਕਾਂ ਨੇ ਪਾਰਟੀ ਛੱਡੀ ਤਾਂ ਭਾਜਪਾ ਦੇ ਕੁੱਲ 5 ਸੰਸਦ ਮੈਂਬਰ ਤੇ 12 ਵਿਧਾਇਕ ਪਾਰਟੀ ਦਾ ਸਾਥ ਛੱਡ ਚੁੱਕੇ ਹਨ। ਪੂਰਬ-ਉੱਤਰ 'ਚ ਅਰੁਣਾਚਲ ਤੇ ਮਣੀਪੁਰ 'ਚ ਵੀ ਵੱਡੇ ਪੱਧਰ 'ਤੇ ਇਸੇ ਹਫਤੇ ਦਲ-ਬਦਲ ਹੋਇਆ ਹੈ।

ਉਹ ਜੋ ਖਾਦੀ ਛੱਡ ਕੇ ਖਾਕੀ ਹੋ ਗਏ
ਕਾਂਗਰਸ ਦਾ ਪੱਲਾ ਛੱਡਣ ਵਾਲੇ 22 ਨੁਮਾਇੰਦਿਆਂ 'ਚੋਂ 8 ਵਿਧਾਇਕਾਂ ਨੇ ਪਿਛਲੇ 2 ਮਹੀਨਿਆਂ 'ਚ ਭਾਜਪਾ ਦਾ ਹੱਥ ਫੜਿਆ ਹੈ। ਇਨ੍ਹਾਂ 'ਚੋਂ 5 ਵਿਧਾਇਕ ਇਕੱਲੇ ਗੁਜਰਾਤ ਤੋਂ ਹੀ ਹਨ। ਮਹਿਸਾਣਾ ਜ਼ਿਲੇ ਦੇ ਉਂਝਾ ਤੋਂ ਵਿਧਾਇਕ ਆਸ਼ਾ ਪਟੇਲ, ਵਿਧਾਇਕ ਜਵਾਹਰ ਚਾਵੜਾ ਸਮੇਤ 5 ਵਿਧਾਇਕਾਂ ਨੇ ਭਾਜਪਾ ਦਾ ਝੰਡਾ ਫੜ ਲਿਆ। ਇਨ੍ਹਾਂ 'ਚੋਂ 2 ਨੂੰ ਕੈਬਨਿਟ ਮੰਤਰੀ ਦਾ ਅਹੁਦਾ ਮਿਲਿਆ। ਚਾਵੜਾ ਸਮੇਤ ਇਨ੍ਹਾਂ ਸਾਰਿਆਂ ਸਾਹਮਣੇ ਹੁਣ ਉੱਪ ਚੋਣ 'ਚ ਮੁੜ ਚੁਣੇ ਜਾਣ ਦੀ ਚੁਣੌਤੀ ਹੈ। ਉੱਧਰ ਕਰਨਾਟਕ 'ਚ ਚਿੰਚੋਲੀ ਤੋਂ ਕਾਂਗਰਸੀ ਵਿਧਾਇਕ ਉਮੇਸ਼ ਜਾਧਵ ਤੇ ਅਰੁਣਾਚਲ ਤੋਂ ਵਿਧਾਇਕ ਮਾਰਕਿਓ ਟਾਡੋ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਮਹਾਰਾਸ਼ਟਰ 'ਚ ਵੀ ਕਾਂਗਰਸ ਦੇ ਵਿਧਾਇਕ ਸੁਜਯ ਵਿਖੇ ਪਾਟਿਲ ਅਹਿਮਦਨਗਰ ਤੋਂ ਟਿਕਟ ਨਾ ਮਿਲਣ 'ਤੇ ਭਾਜਪਾ 'ਚ ਚਲੇ ਗਏ। ਇਕ ਹਫਤੇ ਬਾਅਦ ਪਾਟਿਲ ਦੇ ਪਿਤਾ ਰਾਧਾਕ੍ਰਿਸ਼ਨ ਵਿਖੇ ਪਾਟਿਲ ਨੇ ਵੀ ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਛੱਡ ਦਿੱਤਾ। ਕੇਰਲ 'ਚ ਕਾਂਗਰਸ ਸਕੱਤਰ ਤੇ ਸੋਨੀਆ ਗਾਂਧੀ ਦੇ ਨੇੜਲੇ ਮੰਨੇ ਜਾਣ ਵਾਲੇ ਟਮ ਵੜੱਕਨ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਪੱਛਮੀ ਬੰਗਾਲ 'ਚ ਕਾਂਗਰਸ ਵਿਧਾਇਕ ਦੁਲਾਲ ਚੰਦਰ ਬਾਰ ਨੇ ਭਾਜਪਾ ਨਾਲ ਗਠਜੋੜ ਕਰ ਲਿਆ ਹੈ।

ਜਿਨ੍ਹਾਂ ਨੇ ਕਮਲ ਛੱਡ ਕੇ ਹੱਥ ਫੜਿਆ
ਫਰਵਰੀ ਤੋਂ ਲੈ ਕੇ ਹੁਣ ਤੱਕ ਭਾਜਪਾ ਦੇ ਤਿੰਨ ਵੱਡੇ ਸੰਸਦ ਮੈਂਬਰ ਕਾਂਗਰਸ ਦਾ ਹੱਥ ਫੜ ਚੁੱਕੇ ਹਨ। ਦਰਭੰਗਾ ਤੋਂ ਸੰਸਦ ਮੈਂਬਰ ਕੀਰਤੀ ਆਜ਼ਾਦ, ਬਹਿਰਾਈਚ ਤੋਂ ਸਾਵਿੱਤਰੀ ਬਾਈ ਫੂਲੇ ਤੇ ਇਟਾਵਾ ਤੋਂ ਅਸ਼ੋਕ ਦੋਹਰੇ ਪਾਰਟੀ ਛੱਡ ਗਏ। ਮੁਜ਼ੱਫਰ ਨਗਰ ਦੇ ਮੀਰਪੁਰ ਤੋਂ ਭਾਜਪਾ ਵਿਧਾਇਕ ਅਵਤਾਰ ਸਿੰਘ ਭਡਾਨਾ ਨੇ ਵੀ ਕਾਂਗਰਸ ਦਾ ਹੱਥ ਫੜ ਲਿਆ ਹੈ। ਭਡਾਨਾ ਨੂੰ ਪੱਛਮੀ ਉੱਤਰ ਪ੍ਰਦੇਸ਼ ਤੇ ਹਰਿਆਣਾ ਦਾ ਵੱਡਾ ਗੁੱਜਰ ਨੇਤਾ ਮੰਨਿਆ ਜਾਂਦਾ ਹੈ। ਗੋਆ 'ਚ ਮੰਤਰੀ ਰਹੇ ਭਾਜਪਾ ਨੇਤਾ ਮਹਾਦੇਵ ਨਾਇਕ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ ਹੈ।

ਖੇਤਰੀ ਪਾਰਟੀਆਂ 'ਚ ਵੀ ਹਲਚਲ
ਦਲ ਬਦਲ ਦੇ ਡੰਗ ਤੋਂ ਸਿਰਫ ਕੌਮੀ ਪਾਰਟੀਆਂ ਹੀ ਨਹੀਂ, ਸਗੋਂ ਖੇਤਰੀ ਪਾਰਟੀਆਂ ਵੀ ਪੀੜਤ ਹਨ। ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੇ ਦੋ ਸੰਸਦ ਮੈਂਬਰ ਅਨੁਪਮ ਹਾਜਰਾ ਤੇ ਸੌਮਿੱਤਰ ਖਾਨ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਤ੍ਰਿਣਮੂਲ ਦੇ ਹੀ ਵਿਧਾਇਕ ਅਰਜੁਨ ਸਿੰਘ ਨੇ ਵੀ ਭਾਜਪਾ ਦਾ ਪੱਲਾ ਫੜ ਲਿਆ ਹੈ। ਇਸੇ ਤਰ੍ਹਾਂ ਹਬੀਬਪੁਰ ਤੋਂ ਵਿਧਾਇਕ ਸੀ. ਪੀ. ਐੱਮ. ਦੇ ਖਗੇਨ ਮੁਰਮੁ ਵੀ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਉੱਤਰ ਪ੍ਰਦੇਸ਼ 'ਚ ਬਸਪਾ ਦੇ ਵਿਧਾਇਕ ਮੁਕੁਲ ਉਪਾਧਿਆਏ ਭਾਜਪਾ 'ਚ ਆ ਗਏ ਹਨ। ਇਸੇ ਤਰ੍ਹਾਂ ਪਾਰਟੀ ਦੇ ਦੋ ਸਾਬਕਾ ਵਿਧਾਇਕਾਂ ਰਾਮਹਿੱਤ ਭਾਰਤੀ ਤੇ ਗੋਟਿਆਰੀ ਲਾਲ ਦੁਬੇ ਨੇ ਵੀ ਭਾਜਪਾ 'ਚ ਸਾਥ ਦੇਣਾ ਹੀ ਮੰਨਿਆ ਹੈ। ਫਤਿਹਾਬਾਦ ਤੋਂ ਤਿੰਨ ਵਾਰ ਵਿਧਾਇਕ ਰਹੇ ਛੋਟੇਲਾਲ ਵਰਮਾ ਨੇ ਵੀ ਭਾਜਪਾ ਦਾ ਰੁਖ ਕਰ ਲਿਆ ਹੈ। ਬਸਪਾ ਦੇ ਰਾਸ਼ਟਰੀ ਬੁਲਾਰੇ ਉਮੇਦ ਪ੍ਰਤਾਪ ਵੀ ਭਾਜਪਾਈ ਹੋ ਗਏ ਹਨ। ਇਸੇ ਤਰ੍ਹਾਂ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਯਸ਼ਵੀਰ ਸਿੰਘ, ਬਿਲਾਸਪੁਰ ਤੋਂ ਸਾਬਕਾ ਵਿਧਾਇਕ ਵੀਣਾ ਭਾਰਦਵਾਜ ਨੇ ਭਾਜਪਾ ਤੇ ਫਤਿਹਪੁਰ ਤੋਂ ਸਾਬਕਾ ਸੰਸਦ ਮੈਂਬਰ ਰਾਕੇਸ਼ ਸਚਾਨ ਨੇ ਕਾਂਗਰਸ ਦੀ ਰਾਹ ਫੜ ਲਈ ਹੈ। ਓਡਿਸ਼ਾ ਦੇ ਕੇਡਰਪਾਰਾ ਤੋਂ ਬੀਜਦ ਦੇ ਸੰਸਦ ਮੈਂਬਰ ਬਿਜਯੰਤ ਜੈ ਪੰਡਾ ਵੀ ਭਾਜਪਾ ਦੇ ਹੋ ਗਏ ਹਨ।

ਇਹ ਜਨਾਬ ਤਾਂ ਹੋਰ ਵੀ ਗਜ਼ਬ
ਕੁਝ ਅਜਿਹੇ ਵੀ ਹਨ ਜਿਨ੍ਹਾਂ ਨੇ ਦਲ-ਬਦਲ ਦੀਆਂ ਸਾਰੀਆਂ ਪ੍ਰੀਭਾਸ਼ਾਵਾਂ ਹੀ ਨਵੇਂ ਸਿਰੇ ਤੋਂ ਲਿਖ ਦਿੱਤੀਆਂ ਹਨ। ਸ਼ਤਰੂਘਨ ਸਿਨਹਾ ਇਨ੍ਹਾਂ 'ਚੋਂ ਟੌਪ 'ਤੇ ਹਨ। ਪਟਨਾ 'ਚ ਉਹ ਭਾਜਪਾ ਦੇ ਵਿਰੁੱਧ ਕਾਂਗਰਸ ਦੀ ਟਿਕਟ 'ਤੇ ਸਮਰਥਨ ਮੰਗ ਰਹੇ ਹਨ ਜਦਕਿ ਲਖਨਊ 'ਚ ਉਹ ਕਾਂਗਰਸ ਦੇ ਵਿਰੁੱਧ ਸਪਾ ਲਈ ਸਮਰਥਨ ਮੰਗ ਰਹੇ ਹਨ। ਉਥੋਂ ਉਨ੍ਹਾਂ ਦੀ ਪਤਨੀ ਪੂਨਮ ਸਿਨਹਾ ਚੋਣ ਲੜ ਰਹੀ ਹੈ। ਸਭ ਤੋਂ ਮਜ਼ੇਦਾਰ ਰਿਹਾ ਵਿਜੇ ਪ੍ਰਕਾਸ਼ ਜਾਇਸਵਾਲ ਦਾ ਬਸਪਾ ਤੋਂ ਭਾਜਪਾ 'ਚ ਜਾਣਾ ਕਿਉਂਕਿ ਜਾਇਸਵਾਲ ਨੇ 2014 'ਚ ਨਰਿੰਦਰ ਮੋਦੀ ਵਿਰੁੱਧ ਲੋਕ ਸਭਾ ਚੋਣ ਲੜੀ ਸੀ। ਉੱਧਰ ਹਿਮਾਚਲ 'ਚ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਤੇ ਉਨ੍ਹਾਂ ਦਾ ਪੋਤਾ ਆਸ਼ਰਿਆ ਕਾਂਗਰਸ 'ਚ ਚਲੇ ਗਏ ਹਨ। ਆਸ਼ਰਿਆ ਮੰਡੀ ਤੋਂ ਕਾਂਗਰਸ ਟਿਕਟ 'ਤੇ ਲੋਕ ਸਭਾ ਚੋਣ ਲੜ ਰਿਹਾ ਹੈ ਤੇ ਉਨ੍ਹਾਂ ਦੇ ਪਿਤਾ ਅਨਿਲ ਸ਼ਰਮਾ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਅਜੇ ਵੀ ਭਾਜਪਾ ਦੇ ਵਿਧਾਇਕ ਹਨ।

ਇਹ ਹਨ ਦਲ ਬਦਲਣ ਵਾਲੇ ਪ੍ਰਮੁੱਖ ਨਾਂ

ਸ਼ਤਰੂਘਨ ਸਿਨਹਾ-ਭਾਜਪਾ ਤੋਂ ਕਾਂਗਰਸ 'ਚ

ਜਯਾਪ੍ਰਦਾ-ਸਪਾ ਤੋਂ ਭਾਜਪਾ 'ਚ

ਕੀਰਤੀ ਆਜ਼ਾਦ-ਭਾਜਪਾ ਤੋਂ ਕਾਂਗਰਸ 'ਚ

ਜਗਮੀਤ ਬਰਾੜ-ਟੀ. ਐੱਮ. ਸੀ. ਤੋਂ ਅਕਾਲੀ ਦਲ 'ਚ

ਪ੍ਰਿਯੰਕਾ ਚਤੁਰਵੇਦੀ-ਕਾਂਗਰਸ ਤੋਂ ਸ਼ਿਵ ਸੈਨਾ 'ਚ

ਅਰਵਿੰਦ ਸ਼ਰਮਾ-ਕਾਂਗਰਸ ਤੋਂ ਭਾਜਪਾ 'ਚ

DIsha

This news is Content Editor DIsha